ਰਿਸ਼ਤਿਆਂ ਦੀ ਇਕ ਨਵੀਂ ਕਹਾਣੀ ਹੈ ‘ਹੈਲੀਕਾਪਟਰ ਈਲਾ’

Thursday, October 11, 2018 9:02 AM

ਇਕ ਬੱਚੇ ਦੇ ਚੰਗੇ ਪਾਲਣ-ਪੋਸ਼ਣ ਲਈ ਮਾਂ ਤੇ ਪਿਤਾ ਦੋਵਾਂ ਦਾ ਸਾਥ ਬਹੁਤ ਹੀ ਅਹਿਮ ਮੰਨਿਆ ਜਾਂਦਾ ਹੈ ਪਰ ਉਦੋ ਕੀ ਹੋ ਜਾਏਗਾ ਜਦੋਂ ਇਹ ਜ਼ਿੰਮੇਵਾਰੀ ਸਿਰਫ ਮਾਂ ਦੇ ਮੋਢਿਆਂ ’ਤੇ ਆ ਜਾਏ। ਉਦੋਂ ਕੀ ਹੋਵੇਗਾ ਜਦੋਂ ਇਨ੍ਹਾਂ ਜ਼ਿੰਮੇਵਾਰੀਆਂ ਹੇਠ ਇਕ ਮਾਂ ਖੁਦ ਦਾ ਵਜੂਦ ਭੁੱਲ ਕੇ ਆਪਣੇ ਬੱਚੇ ਦੀ ਜ਼ਿੰਦਗੀ ਨੂੰ ਹੀ ਆਪਣੀ ਜ਼ਿੰਦਗੀ ਮੰਨ ਲਏ? ਉਦੋਂ ਕੀ ਹੋਵੇਗਾ ਜਦੋਂ ਅਜਿਹੀਆਂ ਜ਼ਿੰਮੇਵਾਰੀਆਂ ਦੇ ਦਬਾਅ ਹੇਠ ਬੱਚੇ ਨੂੰ ਘੁਟਣ ਮਹਿਸੂਸ ਹੋਣ ਲੱਗੇ। ਇਨ੍ਹਾਂ ਸਭ ਸਵਾਲਾਂ ਦਾ ਜਵਾਬ ਦੇਣ ਲਈ ਆ ਰਹੀ ਹੈ ਫਿਲਮ ‘ਹੈਲੀਕਾਪਟਰ ਈਲਾ’ ਜੋ ਇਕ ਸਿੰਗਲ ਮਦਰ ਅਤੇ ਉਸ ਦੇ ਬੇਟੇ ਦੀ ਕਹਾਣੀ ਹੈ। ਇਸ ਵਿਚ ਮਾਂ ਦੀ ਭੂਮਿਕਾ ਨਿਭਾਅ ਰਹੀ ਹੈ ਅਭਿਨੇਤਰੀ ਕਾਜੋਲ ਅਤੇ ਉਸ ਦੇ ਬੇਟੇ ਦਾ ਕਿਰਦਾਰ ਨਿਭਾਅ ਰਹੇ ਹਨ ਨੈਸ਼ਨਲ ਐਵਾਰਡ ਜੇਤੂ ਅਭਿਨੇਤਾ ਰਿਧੀ ਸੇਨ। ਪ੍ਰਦੀਪ ਸਰਕਾਰ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ। ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਇਸ ਮਾਂ ਤੇ ਬੇਟੇ ਦੀ ਜੋੜੀ ਨੇ ਜਗ ਬਾਣੀ/ ਨਵੋਦਿਆ ਟਾਈਮਜ਼/ਪੰਜਾਬ ਕੇਸਰੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।
ਰਿਸ਼ਤਿਆਂ ’ਤੇ ਆਧਾਰਿਤ ਹੈ ਕਹਾਣੀ : ਕਾਜੋਲ

ਭਾਵੇਂ ਇਹ ਫਿਲਮ ਮਾਂ ਅਤੇ ਬੇਟੇ ’ਤੇ ਬਣੀ ਹੈ ਪਰ ਅਸਲ ਵਿਚ ਪੂਰੀ ਕਹਾਣੀ ਰਿਸ਼ਤਿਆਂ ’ਤੇ ਆਧਾਰਿਤ ਹੈ, ਜਿਸ ਤਰ੍ਹਾਂ ਅਸਲ ਜ਼ਿੰਦਗੀ ’ਚ ਹਰ ਰਿਸ਼ਤੇ ਵਿਚ ਸਪੇਸ ਦੀ ਪ੍ਰਾਬਲਮ ਹੁੰਦੀ ਹੈ, ਤੁਸੀਂ ਹਮੇਸ਼ਾ ਇਕ-ਦੂਜੇ ਦੀ ਭਲਾਈ ਬਾਰੇ ਸੋਚਦੇ ਹੋ, ਪਿਆਰ ਹੁੰਦਾ ਹੈ ਤਾਂ ਝਗੜੇ ਵੀ ਜ਼ਰੂਰ ਹੁੰਦੇ ਹਨ, ਉਸੇ ਤਰ੍ਹਾਂ ਹੀ ਰਿਸ਼ਤਿਆਂ ਦੀ ਕਹਾਣੀ ਹੈ ਈਲਾ। ਸਿੰਗਲ ਪੇਰੈਂਟ ਅਤੇ ਉਸਦੇ ਬੱਚੇ ਦਰਮਿਆਨ ਇਕ ਵੱਖਰਾ ਹੀ ਰਿਸ਼ਤਾ ਹੁੰਦਾ ਹੈ। ਇਕ ਵੱਖਰੀ ਨੇੜਤਾ ਹੁੰਦੀ ਹੈ, ਜਿਸ ਨੂੰ ਇਸ ਫਿਲਮ ਵਿਚ ਵਿਖਾਇਆ ਗਿਆ ਹੈ।
ਫਿਲਮ ਦਾ ਟਾਈਟਲ

ਫਿਲਮ ਦਾ ਟਾਈਟਲ ਡੇਲੀ ਲਾਈਫ ਵਿਚ ਵੇਖੀ ਜਾਣ ਵਾਲੀ ਮਾਂ ’ਚੋਂ ਹੀ ਆਇਆ ਹੈ, ਜੋ ਹੈਲੀਕਾਪਟਰ ਵਾਂਗ ਆਪਣੇ ਬੱਚਿਆਂ ’ਤੇ ਪੂਰੀ ਤਰ੍ਹਾਂ ਨਜ਼ਰ ਰੱਖਦੀ ਹੈ। ਉਹ ਮਾਂ ਜਿਹੜੀ ਆਪਣੇ ਬੱਚਿਆਂ ਨੂੰ ਥੱਪੜ ਵੀ ਮਾਰਦੀ ਹੈ ਅਤੇ ਪਿਆਰ ਵੀ ਕਰਦੀ ਹੈ। ਜੋ ਹਰ ਚੀਜ਼ ਐਕਸਟ੍ਰੀਮ ਕਰਦੀ ਹੈ। ਈਲਾ ਵੀ ਉਸੇ ਤਰ੍ਹਾਂ ਦੀ ਹੀ ਮਾਂ ਹੈ, ਜਿਸ ਨੂੰ ਵੇਖ ਕੇ ਤੁਹਾਨੂੰ ਲੱਗੇਗਾ ਕਿ ਜਾਂ ਤਾਂ ਇਹ ਤੁਸੀਂ ਹੋ ਜਾਂ ਫਿਰ ਇੰਝ ਤੁਹਾਡੇ ਨਾਲ ਵੀ ਹੋ ਚੁੱਕਾ ਹੈ।


10 ਸਾਲ ਪਹਿਲਾਂ ਗੁਜਰਾਤੀ ’ਚ ਲਿਖੀ ਗਈ ਸੀ ਸਕ੍ਰਿਪਟ
ਲਗਭਗ 10 ਸਾਲ ਪਹਿਲਾਂ ਆਨੰਦ ਗਾਂਧੀ ਨੇ ਇਹ ਪਲੇਅ ਗੁਜਰਾਤੀ ਵਿਚ ਲਿਖਿਆ ਸੀ। ਕੁਝ ਸਮੇਂ ਬਾਅਦ ਆਨੰਦ ਅਤੇ ਮਿਤੇਸ਼ ਸ਼ਾਹ ਨੇ ਇਸ ਨੂੰ ਹਿੰਦੀ ਵਿਚ ਅਡਾਪਟ ਕਰ ਕੇ ਮੈਨੂੰ ਅਤੇ ਅਜੇ ਨੂੰ ਆਪ੍ਰੋਚ ਕੀਤਾ। ਉਹ ਚਾਹੁੰਦੇ ਸਨ ਕਿ ਇਸ ਵਿਚ ਐਕਟਿੰਗ ਕਰਾਂ। ਅਜੇ ਇਸ ਨੂੰ ਪ੍ਰੋਡਿਊਸ ਕਰਨ। ਫਿਲਮ ਦੀ ਸਕ੍ਰਿਪਟ ਸਾਨੂੰ ਇੰਨੀ ਪਸੰਦ ਆਈ ਕਿ ਅਸੀਂ ਤੁਰੰਤ ਇਸ ਲਈ ਹਾਂ ਕਰ ਦਿੱਤੀ।


ਰਿਧੀ ਨੂੰ ਥੱਪੜ ਮਾਰਨਾ ਸੀ ਨੈਚੂਰਲ
ਮੈਂ ਰਿਧੀ ਦੇ ਮਾਤਾ-ਪਿਤਾ ਦਾ ਧੰਨਵਾਦ ਕਰਨਾ ਚਾਹਾਂਗੀ ਕਿ ਉਨ੍ਹਾਂ ਆਪਣੇ ਬੇਟੇ ਨੂੰ ਵਧੀਆ ਸਿੱਖਿਆ ਦਿੱਤੀ ਹੈ। ਰਿਧੀ ਨਾਲ ਕੰਮ ਕਰਨ ਵਿਚ ਆਨ ਸਕ੍ਰੀਨ ਤਾਂ ਮਜ਼ਾ ਆਉਂਦਾ ਹੀ ਹੈ ਪਰ ਆਫਸਕ੍ਰੀਨ ਵੀ ਰਿਧੀ ਨਾਲ ਸਮਾਂ ਚੰਗਾ ਰਿਹਾ। ਸਾਡੇ ਦਰਮਿਆਨ ਬਹੁਤ ਹੀ ਵਧੀਆ ਬਾਂਡਿੰਗ ਰਹੀ। ਜੋ ਸਾਡੇ ਕੰਮ ਵਿਚ ਵੀ ਨਜ਼ਰ ਆਈ। ਸਾਡੇ ਦੋਵਾਂ ਦਰਮਿਆਨ ਅੰਡਰਸਟੈਂਡਿੰਗ ਇੰਨੀ ਚੰਗੀ ਹੋ ਗਈ ਸੀ ਕਿ ਸ਼ੂਟਿੰਗ ਦੌਰਾਨ ਥੱਪੜ ਮਾਰਨਾ ਵੀ ਨੈਚੂਰਲ ਸੀ ਅਤੇ ਪਿਆਰ ਕਰਨਾ ਵੀ ਨੈਚੂਰਲ।


ਬਦਲ ਚੁੱਕੀ ਹੈ ਆਡੀਐਂਸ
ਪਿਛਲੇ 5 ਸਾਲਾਂ ਦੌਰਾਨ ਜਿਸ ਤਰ੍ਹਾਂ ਦੀਆਂ ਫਿਲਮਾਂ ਬਣ ਰਹੀਆਂ ਹਨ ਅਤੇ ਬਾਕਸ ਆਫਿਸ ’ਤੇ ਉਨ੍ਹਾਂ ਧੁੰਮਾਂ ਪਾਈਆਂ ਹੋਈਆਂ ਹਨ, ਤੋਂ ਇਹ ਗੱਲ ਸਾਬਿਤ ਹੁੰਦੀ ਹੈ ਕਿ ਆਡੀਐਂਸ ਬਦਲ ਚੁੱਕੀ ਹੈ ਅਤੇ ਉਹ ਹੁਣ ਵੱਖਰੀ ਕਿਸਮ ਦੀਆਂ ਫਿਲਮਾਂ ਵੇਖਣਾ ਚਾਹੁੰਦੀ ਹੈ। ਆਡੀਐਂਸ ਦੀ ਬਦਲਦੀ ਹੋਈ ਸੋਚ ਸਾਨੂੰ ਹਿੰਮਤ ਦਿੰਦੀ ਹੈ ਕਿ ਅਸੀਂ ਹੁਣ ਅਜਿਹੇ ਸਬਜੈਕਟ ’ਤੇ ਫਿਲਮਾਂ ਬਣਾ ਸਕਦੇ ਹਾਂ।


ਕਦੇ ਨਹੀਂ ਬਣਨਾ ਚਾਹੁੰਦੀ ਸੀ ਅਕਟ੍ਰੈੱਸ
ਮੈਂ ਕਦੇ ਵੀ ਅਭਿਨੇਤਰੀ ਨਹੀਂ ਬਣਨਾ ਚਾਹੁੰਦੀ ਸੀ। ਮੈਨੂੰ ਲੱਗਦਾ ਸੀ ਕਿ ਐਕਟਿੰਗ ਲਈ ਦਿੱਤੇ ਜਾਣ ਵਾਲੇ ਪੈਸੇ ਮਿਹਨਤ ਮੁਤਾਬਕ ਨਹੀਂ ਹਨ। ਇਹੀ ਕਾਰਨ ਸੀ ਕਿ ਮੈਂ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ ਕਿਸੇ ਅਜਿਹੇ ਕੰਮ ਨਾਲ ਜੁੜਨਾ ਚਾਹੁੰਦੀ ਹੈ, ਜਿਸ ਵਿਚ ਹਰ ਮਹੀਨੇ ਦੇ ਅੰਤ ਵਿਚ ਭੁਗਤਾਨ ਦਾ ਚੈੱਕ ਮਿਲ ਜਾਏ।


ਰੀਅਲ ਲਾਈਫ ’ਚ ਨਹੀਂ ਹਾਂ ‘ਹੈਲੀਕਾਪਟਰ ਈਲਾ’
ਮੈਂ ਆਪਣੀ ਰੀਅਲ ਲਾਈਫ ਵਿਚ ‘ਹੈਲੀਕਾਪਟਰ ਈਲਾ’ ਨਹੀਂ ਹਾਂ। ਇਹ ਕਹਿ ਸਕਦੀ ਹਾਂ ਕਿ ਮੈਂ ਥੋੜ੍ਹੀ ਜਿਹੀ ਈਲਾ ਵਾਂਗ ਹਾਂ ਪਰ ਬਹੁਤ ਜ਼ਿਆਦਾ ਨਹੀਂ। ਮੈਂ ਆਪਣੀ ਮਾਂ ਦੀ ਗੱਲ ਕਰਾਂ ਤਾਂ ਉਹ ਵੀ ਈਲਾ ਵਾਂਗ ਨਹੀਂ ਸੀ। ਉਨ੍ਹਾਂ ਮੈਨੂੰ ਖੁਦ ’ਤੇ ਭਰੋਸਾ ਕਰਨਾ ਸਿਖਾਇਆ। ਮੈਨੂੰ ਚੰਗੀ ਤਰ੍ਹਾਂ ਵੱਡਾ ਕੀਤਾ।


ਮਾਂ ਤੇ ਬੱਚੇ ਦਾ ਸੱਚਾ ਪਿਆਰ ਹੈ ਫਿਲਮ ’ਚ : ਰਿਧੀ ਸੇਨ
ਇਸ ਫਿਲਮ ਵਿਚ ਤੁਹਾਨੂੰ ਮਾਂ ਅਤੇ ਬੱਚੇ ਦਾ ਸੱਚਾ ਪਿਆਰ ਵੇਖਣ ਨੂੰ ਮਿਲੇਗਾ। ਅਕਸਰ ਹੁੰਦਾ ਇਹ ਹੈ ਕਿ ਅਸਲ ਜ਼ਿੰਦਗੀ ਵਿਚ ਇਕ ਔਰਤ ਦੀ ਜ਼ਿੰਦਗੀ ਮਾਂ ਬਣਨ ਤੋਂ ਬਾਅਦ ਸਿਰਫ ਉਸ ਦੇ ਬੱਚੇ ਦੇ ਆਲੇ-ਦੁਅਾਲੇ ਹੀ ਘੁੰਮਣ ਲੱਗਦੀ ਹੈ। ਉਸ ਦਾ ਖੁਦ ਦਾ ਵਜੂਦ ਕਿਤੇ ਗੁਆਚ ਜਾਂਦਾ ਹੈ ਪਰ ਇਸ ਫਿਲਮ ਵਿਚ ਤੁਹਾਨੂੰ ਕੁਝ ਵੱਖਰਾ ਵੇਖਣ ਨੂੰ ਮਿਲੇਗਾ। ਇਸ ਵਿਚ ਇਕ ਬੇਟਾ ਆਪਣੀ ਮਾਂ ਨੂੰ ਸਿਰਫ ਆਪਣੀ ਮਾਂ ਵਾਂਗ ਨਹੀਂ ਵੇਖਦਾ। ਉਹ ਆਪਣੀ ਮਾਂ ਦੀ ਮਦਦ ਕਰਦਾ ਹੈ ਉਨ੍ਹਾਂ ਨੂੰ ਇਹ ਅਹਿਸਾਸ ਦਿਵਾਉਣ ਲਈ ਕਿ ਉਨ੍ਹਾਂ ਦਾ ਖੁਦ ਦਾ ਇਕ ਵੱਖਰਾ ਵਜੂਦ ਹੈ।


15 ਸਾਲ ਬਾਅਦ ਵੀ ਨਹੀਂ ਬਦਲੀ ਕਾਜੋਲ
ਕਾਜੋਲ ਬਾਰੇ ਜਿਹੜੀ ਗੱਲ ਮੈਨੂੰ ਸਭ ਤੋਂ ਵੱਧ ਪਸੰਦ ਹੈ, ਉਹ ਇਹ ਹੈ ਕਿ 15 ਸਾਲ ਪਹਿਲਾਂ ਜਦੋਂ ਮੈਂ ਕਾਜੋਲ ਦੀ ਇੰਟਰਵਿਊ ਪੜ੍ਹੀ ਸੀ, ਉਦੋਂ ਅਤੇ ਅੱਜ ਵੀ ਕਾਜੋਲ ਵਿਚ ਕੋਈ ਵੀ ਫਰਕ ਨਹੀਂ ਹੈ। ਸ਼ੁਰੂ ’ਚ ਡਰ ਲੱਗਾ ਕਿ ਇੰਨੀ ਸੀਨੀਅਰ ਅਭਿਨੇਤਰੀ ਦੇ ਨਾਲ ਇਕ ਮਾਂ ਅਤੇ ਬੇਟੇ ਦੀ ਕੈਮਿਸਟਰੀ ਲਿਆਉਣੀ ਸ਼ਾਇਦ ਬਹੁਤ ਔਖੀ ਹੋਵੇਗੀ ਪਰ ਕਾਜੋਲ ਇੰਨੀ ਪਾਜ਼ੇਟਿਵ ਅਤੇ ਕੂਲ ਆਫ ਮਾਈਂਡ ਹੈ ਕਿ ਸਾਡੇ ਦੋਵਾਂ ਦਰਮਿਆਨ ਕਦੋਂ ਅਤੇ ਕਿਵੇਂ ਉਹ ਕੈਮਿਸਟਰੀ ਬਣ ਗਈ, ਮੈਨੂੰ ਖੁਦ ਵੀ ਪਤਾ ਨਹੀਂ ਲੱਗਾ।
 


Edited By

Sunita

Sunita is news editor at Jagbani

Read More