23 ਸਾਲ ਪੁਰਾਣੀਆਂ ਯਾਦਾਂ ਨੂੰ ਕਰਮਜੀਤ ਅਨਮੋਲ ਨੇ ਇੰਝ ਕੀਤਾ ਯਾਦ

Friday, December 21, 2018 1:10 PM
23 ਸਾਲ ਪੁਰਾਣੀਆਂ ਯਾਦਾਂ ਨੂੰ ਕਰਮਜੀਤ ਅਨਮੋਲ ਨੇ ਇੰਝ ਕੀਤਾ ਯਾਦ

ਜਲੰਧਰ (ਬਿਊਰੋ) : ਪਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਕਰਮਜੀਤ ਅਨਮੋਲ ਦਾ ਨਾਂ ਬੱਚੇ-ਬੱਚੇ ਦੀ ਜ਼ੁਬਾਨ ਹੈ ਅਤੇ ਅੱਜ ਹਰ ਕੋਈ ਉਨ੍ਹਾਂ ਨੂੰ ਆਪਣੀ ਫਿਲਮ 'ਚ ਲੈਣਾ ਚਾਹੁੰਦਾ ਹੈ ਪਰ ਉਨ੍ਹਾਂ ਨੇ ਪਾਲੀਵੁੱਡ 'ਚ ਆਪਣਾ ਨਾਂ ਇੰਝ ਹੀ ਨਹੀਂ ਬਣਾਇਆ। ਇਸ ਪਿੱਛੇ ਉਨ੍ਹਾਂ ਦੀ ਅਣਥੱਕ ਮਿਹਨਤ ਅਤੇ ਲੰਬਾ ਸੰਘਰਸ਼ ਹੈ, ਜਿਸ ਦੀ ਬਦੌਲਤ ਉਨ੍ਹਾਂ ਨੇ ਪਾਲੀਵੁੱਡ ਫਿਲਮ ਇੰਡਸਟਰੀ 'ਚ ਆਪਣਾ ਖਾਸ ਮੁਕਾਮ ਬਣਾਇਆ ਹੈ। ਕਰਮਜੀਤ ਅਨਮੋਲ ਨੇ ਆਪਣੇ ਪੜਾਈ ਦੇ ਦਿਨਾਂ ਦੌਰਾਨ ਹੀ ਆਪਣੇ ਕਰੀਅਰ ਨੂੰ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਕਰਮਜੀਤ ਅਨਮੋਲ ਨੇ ਅੱਜ ਤੋਂ 23 ਸਾਲ ਪਹਿਲਾਂ ਇਕ ਗੀਤ ਗਾਇਆ ਸੀ, ਜਿਸ ਦਾ ਨਾਂ 'ਰੋ ਰੋ ਨੈਣਾਂ ਨੇ' ਸੀ। ਕਰਮਜੀਤ ਅਨਮੋਲ ਵੱਲੋਂ ਗਾਏ ਇਸ ਗੀਤ ਨੂੰ ਸੁਰਿੰਦਰ ਬੱਚਨ ਨੇ ਮਿਊਜ਼ਿਕ ਦਿੱਤਾ ਸੀ। ਉਨ੍ਹਾਂ ਦੀ ਪਹਿਲੀ ਟੇਪ ਦਾ ਪਹਿਲਾਂ ਗੀਤ ਸੁਰਿੰਦਰ ਬੱਚਨ ਵੱਲੋਂ ਹੀ ਤਿਆਰ ਕੀਤਾ ਗਿਆ ਸੀ। ਕਰਮਜੀਤ ਅਨਮੋਲ ਨੇ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ, ਜਿਸ ਉਹ ਉਸੇ ਸਟੂਡਿਓ 'ਚ ਜਾ ਕੇ ਸੁਰਿੰਦਰ ਬੱਚਨ ਜੀ ਨਾਲ ਮੁਲਾਕਾਤ ਕਰਦੇ ਨਜ਼ਰ ਆ ਰਹੇ ਹਨ ਅਤੇ ਇਸ ਪੁਰਾਣੇ ਗੀਤ ਨੂੰ ਮੁੜ ਤੋਂ ਗਾ ਕੇ ਸੁਣਾਇਆ।

ਦੱਸ ਦੇਈਏ ਕਿ ਬਾਰਵੀਂ ਜਮਾਤ 'ਚ ਜਦੋਂ ਕਰਮਜੀਤ ਅਨਮੋਲ ਪੜ੍ਹਦੇ ਸਨ ਤਾਂ ਉਦੋਂ ਉਨ੍ਹਾਂ ਨੇ ਇਹ ਗੀਤ ਕੱਢਿਆ ਸੀ। ਸੁਰਿੰਦਰ ਬੱਚਨ ਨੇ ਕਰਮਜੀਤ ਅਨਮੋਲ ਦੇ ਸੁਭਾਅ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਨੂੰ ਲੱਗਦਾ ਹੀ ਨਹੀਂ ਕਿ 23 ਸਾਲ ਬੀਤ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਰਮਜੀਤ ਅਨਮੋਲ ਦੇ ਉਹ ਫੈਨ ਹਨ। ਕਰਮਜੀਤ ਅਨਮੋਲ ਨੇ ਕਿਹਾ ਕਿ ਉਹ ਸੁਰਿੰਦਰ ਬਚਨ ਨਾਲ ਮਿਲ ਕੇ ਨਵਾਂ ਕੋਈ ਗੀਤ ਮੁੜ ਤੋਂ ਕੱਢਣਗੇ।

 


Edited By

Sunita

Sunita is news editor at Jagbani

Read More