ਖੁਰਸ਼ੀਦ ਬਾਨੋ ਸੀ ਪੰਜਾਬੀ ਫਿਲਮਾਂ ਦੀ ਪਹਿਲੀ ਹੀਰੋਇਨ

Saturday, March 30, 2019 4:26 PM
ਖੁਰਸ਼ੀਦ ਬਾਨੋ ਸੀ ਪੰਜਾਬੀ ਫਿਲਮਾਂ ਦੀ ਪਹਿਲੀ ਹੀਰੋਇਨ

ਜਲੰਧਰ (ਬਿਊਰੋ) : ਪਾਲੀਵੁੱਡ ਦੀਆਂ ਫਿਲਮਾਂ ਅੱਜ ਬਾਲੀਵੁੱਡ ਨੂੰ ਵੀ ਮਾਤ ਦੇਣ ਲੱਗੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਪੰਜਾਬੀ ਫਿਲਮਾਂ ਦੀ ਪਹਿਲੀ ਅਦਾਕਾਰਾ ਕੌਣ ਸੀ। ਇਸ ਗੱਲ ਦਾ ਖੁਸਾਲਾ ਅਸੀਂ ਇਸ ਆਰਟੀਕਲ 'ਚ ਕਰਨ ਜਾ ਰਹੇ ਹਾਂ। ਪੰਜਾਬੀ ਫਿਲਮਾਂ ਦੀ ਪਹਿਲੀ ਅਦਾਕਾਰਾ ਹੋਣ ਦਾ ਮਾਨ ਖੁਰਸ਼ੀਦ ਬਾਨੋ ਨੂੰ ਪ੍ਰਾਪਤ ਹੁੰਦਾ ਹੈ। ਖੁਰਸ਼ੀਦ ਬਾਨੋ ਜਿੰਨੀ ਵਧੀਆ ਅਦਾਕਾਰਾ ਸੀ, ਉਸ ਤੋਂ ਕਿਤੇ ਵਧੀਆ ਗਾਇਕਾ ਸੀ। ਖੁਰਸ਼ੀਦ ਬਾਨੋ ਦੇ ਗਾਏ ਗੀਤ ਉਸ ਜ਼ਮਾਨੇ 'ਚ ਹਰ ਇਕ ਦੇ ਕੰਨਾਂ 'ਚ ਰਸ ਘੋਲਦੇ ਸਨ। ਖੁਰਸ਼ੀਦ ਬਾਨੋ ਦਾ ਜਨਮ 14 ਅਪਰੈਲ, 1914 ਨੂੰ ਲਾਹੌਰ ਦੇ ਰਹਿਣ ਵਾਲੇ ਇਕ ਮੁਸਲਿਮ ਪਰਿਵਾਰ 'ਚ ਹੋਇਆ ਸੀ।

ਇਰਸ਼ਾਦ ਬੇਗਮ ਤੋਂ ਬਣੀ ਖੁਰਸ਼ੀਦ ਬਾਨੋ 

ਦੱਸ ਦਈਏ ਕਿ ਖੁਰਸ਼ੀਦ ਬਾਨੋ ਦਾ ਅਸਲੀ ਨਾਂ 'ਇਰਸ਼ਾਦ ਬੇਗਮ' ਸੀ, ਜਦੋਂ ਕਿ ਫਿਲਮੀ ਦੁਨੀਆ 'ਚ ਉਨ੍ਹਾਂ ਨੂੰ ਖੁਰਸ਼ੀਦ ਬਾਨੋ ਵਜੋਂ ਵੀ ਜਾਣਿਆ ਜਾਂਦਾ ਸੀ। ਉਸ ਨੂੰ ਬਚਪਨ 'ਚ ਫਿਲਮਾਂ ਦੇਖਣ ਦਾ ਸ਼ੌਂਕ ਸੀ, ਜੋ ਕਿ ਬਾਅਦ 'ਚ ਉਸ ਨੂੰ ਫਿਲਮੀ ਦੁਨੀਆ 'ਚ ਲੈ ਆਇਆ। 1930 ਦੇ ਦਹਾਕੇ 'ਚ ਖੁਰਸ਼ੀਦ ਬਾਨੋ ਆਪਣੇ ਭਰਾ ਨਾਲ ਹਿੰਦਮਾਤਾ ਸਿਨੇਟੋਨ ਕੰਪਨੀ ਨਾਲ ਜੁੜ ਗਈ। ਇਸ ਕੰਪਨੀ ਨੇ ਹੀ ਸਭ ਤੋਂ ਪਹਿਲੀ ਬੋਲਦੀ ਪੰਜਾਬੀ ਫਿਲਮ 'ਇਸ਼ਕ-ਏ-ਪੰਜਾਬ' ਉਰਫ 'ਮਿਰਜ਼ਾ ਸਾਹਿਬਾਂ' ਬਣਾਈ ਸੀ ਅਤੇ ਇਸੇ ਫਿਲਮ ਲਈ ਖੁਰਸ਼ੀਦ ਬਾਨੋ ਨੂੰ ਪਹਿਲੀ ਪੰਜਾਬੀ ਹੀਰੋਇਨ ਚੁਣਿਆ ਗਿਆ ਸੀ।

ਫਿਲਮੀ ਦੁਨੀਆ 'ਚ ਆਉਂਦੇ ਹੀ ਕਰਵਾਇਆ ਵਿਆਹ

ਆਪਣੀ ਪਹਿਲੀ ਫਿਲਮ ਤੋਂ ਬਾਅਦ ਖੁਰਸ਼ੀਦ ਬਾਨੋ ਨੇ ਰਬਾਬੀ ਭਾਈ ਦੇਸਾ ਨਾਲ ਵਿਆਹ ਕਰਵਾ ਲਿਆ ਪਰ ਇਹ ਵਿਆਹ ਜ਼ਿਆਦਾ ਚਿਰ ਟਿੱਕ ਨਹੀਂ ਸਕਿਆ। ਇਸ ਤੋਂ ਬਾਅਦ ਖੁਰਸ਼ੀਦ ਨੇ ਦੂਜਾ ਵਿਆਹ ਅਦਾਕਾਰ ਲਾਲਾ ਯਕੂਬ ਉਰਫ ਮੁਹੰਮਦ ਯਾਕੂਬ ਨਾਲ ਕਰਵਾਇਆ। ਵਿਆਹ ਤੋਂ ਬਾਅਦ ਖੁਰਸ਼ੀਦ ਨੇ ਆਪਣੇ ਪਤੀ ਲਾਲਾ ਯਕੂਬ ਨਾਲ ਫਿਲਮ 'ਪਟੋਲਾ' ਬਣਾਈ। 

'ਪਟੋਲਾ' ਤੋਂ ਬਾਅਦ ਖੁੱਲ੍ਹੀ ਖੁਰਸ਼ੀਦ ਦੀ ਕਿਸਮਤ

ਫਿਲਮ 'ਪਟੋਲਾ' ਤੋਂ ਬਾਅਦ ਖੁਰਸ਼ੀਦ ਨੇ ਇਕ ਤੋਂ ਬਾਅਦ ਇਕ ਫਿਲਮਾਂ ਕੀਤੀਆਂ। ਖੁਰਸ਼ੀਦ ਦੀ ਪਹਿਲੀ ਹਿੰਦੀ 'ਸਵਰਗ ਕੀ ਸੀੜੀ' ਸੀ। ਇਸ ਤਰ੍ਹਾਂ ਉਸ ਨੇ ਹੋਰ ਵੀ ਕਈ ਫਿਲਮਾਂ ਕੀਤੀਆਂ ਜਿਵੇ 'ਚਿਰਾਗ-ਏ-ਹੁਸਨ', 'ਖਬਰਦਾਰ', 'ਗੈਬੀ ਸਿਤਾਰਾ', 'ਐਲਾਨ-ਏ-ਜੰਗ', 'ਸਿਪਹਾਸਲਾਰ' ਤੇ 'ਇਮਾਨ ਫਰੋਸ਼' ਆਦਿ। 

ਕਈ ਫਿਲਮਾਂ ਲਈ ਗਾ ਚੁੱਕੀ ਗੀਤ

ਅਦਾਕਾਰੀ ਦੇ ਨਾਲ ਨਾਲ ਖੁਰਸ਼ੀਦ ਬਾਨੋ ਨੇ ਕਈ ਫਿਲਮਾਂ ਲਈ ਗੀਤ ਵੀ ਗਾਏ। ਖੁਰਸ਼ੀਦ ਬਾਨੋ ਨੇ 'ਆਗੇ ਬੜੋ' 'ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰੇ ਸਨ। ਇਸ ਫਿਲਮ 'ਚ ਉਨ੍ਹਾਂ ਨਾਲ ਦੇਵ ਆਨੰਦ ਸਨ। ਫਿਲਮ ਤੋਂ ਬਾਅਦ ਦੇਸ਼ ਦੀ ਵੰਡ ਹੋ ਗਈ ਅਤੇ ਖੁਰਸ਼ੀਦ ਬਾਨੋ ਵੀ ਹੋਰ ਲੋਕਾਂ ਵਾਂਗ ਪਾਕਿਸਤਾਨ 'ਚ ਆ ਕੇ ਵੱਸ ਗਈ। 

ਪਾਕਿਸਤਾਨ 'ਚ 2 ਉਰਦੂ ਫਿਲਮਾਂ 'ਚ ਕੀਤੀ ਅਦਾਕਾਰੀ 

ਪਾਕਿਸਤਾਨ 'ਚ ਉਸ ਨੇ ਸਿਰਫ 2 ਉਰਦੂ ਫਿਲਮਾਂ 'ਚ ਅਦਾਕਾਰੀ ਕੀਤੀ। ਖੁਰਸ਼ੀਦ ਬਾਨੋ ਨੇ ਲਗਭਗ 38 ਹਿੰਦੀ 2 ਪੰਜਾਬੀ ਤੇ ਦੋ ਉਰਦੂ ਫਿਲਮਾਂ ਕੀਤੀਆਂ ਸਨ। 18 ਅਪਰੈਲ 2001 ਨੂੰ ਕਰਾਚੀ, ਪਾਕਿਸਤਾਨ 'ਚ ਪੰਜਾਬੀ ਫਿਲਮਾਂ ਦੀ ਪਹਿਲੀ ਅਦਾਕਾਰਾ ਖੁਰਸ਼ੀਦ ਬਾਨੋ ਦਾ ਦਿਹਾਂਤ ਹੋ ਗਿਆ।


Edited By

Sunita

Sunita is news editor at Jagbani

Read More