ਰੋਮਾਂਸ ਦਾ ਤੜਕਾ ਲਾਏਗੀ ''ਕੁਛ ਭੀਗੇ ਅਲਫ਼ਾਜ਼''

2/16/2018 10:54:40 AM

ਮੁੰਬਈ(ਬਿਊਰੋ)— 'ਮਾਈ ਬ੍ਰਦਰ ਨਿਖਿਲ'  ਅਤੇ 'ਆਈ. ਐੱਮ.' ਵਰਗੀਆਂ ਫਿਲਮਾਂ ਲਈ ਪਛਾਣੇ ਜਾਣ ਵਾਲੇ ਫਿਲਮ ਮੇਕਰ ਓਨਿਰ ਆਪਣੀ ਪਹਿਲੀ ਰੋਮਾਂਟਿਕ ਫਿਲਮ 'ਕੁਛ ਭੀਗੇ ਅਲਫ਼ਾਜ਼' ਨੂੰ ਲੈ ਕੇ ਚਰਚਾ 'ਚ ਹਨ। ਉਨ੍ਹਾਂ ਦੀ ਇਹ ਫਿਲਮ 16 ਫਰਵਰੀ ਨੂੰ ਰਿਲੀਜ਼ ਹੋਵੇਗੀ। ਫਿਲਮ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਆਧੁਨਿਕ ਪ੍ਰੇਮ ਕਹਾਣੀ 'ਤੇ ਆਧਾਰਿਤ ਹੈ। ਇਹ ਫਿਲਮ ਇਕ ਮਾਡਰਨ ਡੇ ਲਵ ਸਟੋਰੀ ਹੋਵੇਗੀ। ਪਿੰਗਸ, ਲਾਈਕਸ, ਟਵੀਟਸ, ਸ਼ੇਅਰਸ ਅਤੇ ਕੁਮੈਂਟਸ ਦੀ ਇਸ ਦੁਨੀਆ ਵਿਚ 2 ਅਜਨਬੀ ਇਕ ਰਾਂਗ ਨੰਬਰ ਰਾਹੀਂ ਮਿਲਦੇ ਹਨ ਅਤੇ ਫਿਰ ਇਕ-ਦੂਸਰੇ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਜਾਂਦੇ ਹਨ। ਇਸ ਦੇ ਰਾਹੀਂ ਐਕਟਰ ਜੈਨ ਖਾਨ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਜੈਨ ਇਸ ਫਿਲਮ 'ਚ ਆਰਜੇ ਅਲਫ਼ਾਜ਼ ਦੇ ਰੋਲ ਵਿਚ ਨਜ਼ਰ ਆਉਣਗੇ। ਉਨ੍ਹਾਂ ਨਾਲ ਗੀਤਾਂਜਲੀ ਥਾਪਾ ਲੀਡ ਰੋਲ ਵਿਚ ਹੋਵੇਗੀ। ਦਿੱਲੀ ਸਥਿਤ ਜਗ ਬਾਣੀ/ਨਵੋਦਿਆ ਟਾਈਮਜ਼ ਦੇ ਦਫਤਰ ਪਹੁੰਚੀ ਸਟਾਰਕਾਸਟ ਨੇ ਫਿਲਮ ਨੂੰ ਲੈ ਕੇ ਕਾਫੀ ਕੁਝ ਦੱਸਿਆ। ਪੇਸ਼ ਹਨ ਮੁੱਖ ਅੰਸ਼ : 
ਪਹਿਲੀ ਰੋਮਾਂਟਿਕ ਫਿਲਮ
ਫਿਲਮ ਸਬੰਧੀ ਡਾਇਰੈਕਟਰ ਓਨਿਰ ਨੇ ਦੱਸਿਆ ਕਿ ਆਪਣੀ ਪਹਿਲੀ ਰੋਮਾਂਟਿਕ ਫਿਲਮ ਨੂੰ ਲੈ ਕੇ ਮੈਂ ਬੇਹੱਦ ਉਤਸ਼ਾਹਿਤ ਹਾਂ ਕਿ ਇਹ ਦੁਨੀਆ 'ਚ ਪਿਆਰ ਦਾ ਜਸ਼ਨ ਮਨਾਏ ਜਾਣ ਵਾਲੇ ਹਫਤੇ 'ਚ ਰਿਲੀਜ਼ ਹੋ ਰਹੀ ਹੈ ਅਤੇ ਜਦੋਂ ਮੈਂ ਰੋਮਾਂਸ ਬਾਰੇ ਸੋਚਦਾ ਹਾਂ ਤਾਂ ਮੈਂ ਆਪਣੇ ਕਾਰਜ ਦੇ ਦੌਰ ਨੂੰ ਯਾਦ ਕਰਦਾ ਹਾਂ। ਉਨ੍ਹੀਂ ਦਿਨੀਂ 'ਪਹਿਲਾ ਨਸ਼ਾ ...' ਮੇਰੇ ਮਨਪਸੰਦ ਗੀਤਾਂ ਵਿਚੋਂ ਇਕ ਸੀ। 
ਮੰਸੂਰ ਸਾਹਿਬ ਦਾ ਸ਼ੁਕਰੀਆ
ਓਨਿਰ ਦੱਸਦੇ ਹਨ ਕਿ ਮੇਰੀ ਫਿਲਮ ਦਾ ਹੀਰੋ ਇਕ ਆਰਜੇ ਹੈ, ਜੋ ਰੋਮਾਂਟਿਕ ਗੀਤ ਵਜਾਉਂਦਾ ਹੈ। ਇਸ ਲਈ ਮੈਨੂੰ ਇਹ ਗੀਤ ਫਿਲਮ 'ਚ ਵਰਤਣ ਲਈ ਸਹੀ ਜਾਪਿਆ। ਇਸ ਗੀਤ ਨੂੰ ਆਪਣੀ ਫਿਲਮ ਵਿਚ ਸ਼ਾਮਲ ਕਰਨ ਨੂੰ ਲੈ ਕੇ ਮੈਂ ਖੁਦ ਨੂੰ ਬੇਹੱਦ ਕਿਸਮਤ ਵਾਲਾ ਸਮਝ ਰਿਹਾ ਹਾਂ। ਮੈਂ ਮੂਲ ਫਿਲਮ ਤੋਂ ਇਕ ਛੋਟੀ ਜਿਹੀ ਕਲਿਪ ਵੀ ਵਰਤੀ ਹੈ। ਮੈਂ ਕਿਸਮਤ ਵਾਲਾ ਹਾਂ ਕਿ ਮੰਸੂਰ ਸਾਹਿਬ ਨੇ ਸਾਨੂੰ ਇਸ ਨੂੰ ਵਰਤਣ ਦਾ ਅਧਿਕਾਰ ਦਿੱਤਾ। 
ਮੈਂ ਸਟਾਰ ਨਹੀਂ ਦੇਖਦਾ
ਮੈਂ ਜਦੋਂ ਤੋਂ ਇੰਡਸਟਰੀ ਵਿਚ ਹਾਂ, ਕੋਸ਼ਿਸ਼ ਕਰਦਾ ਹਾਂ ਕਿ ਨਵੇਂ ਲੋਕਾਂ ਨੂੰ ਭਰਪੂਰ ਮੌਕਾ ਦੇਵਾਂ ਕਿਉਂਕਿ ਜਦੋਂ ਮੈਂ ਬਾਹਰੋਂ ਆਇਆ ਸੀ ਕਿਸੇ ਨੇ ਮੇਰੇ 'ਤੇ ਭਰੋਸਾ ਕਰਕੇ ਮੌਕਾ ਦਿੱਤਾ ਸੀ। ਇਸ ਲਈ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਮੈਂ ਨਵੀਂ ਪ੍ਰਤਿਭਾ ਨੂੰ ਮੌਕਾ ਦੇਵਾਂ। ਮੈਂ ਸਟਾਰ ਨਹੀਂ ਦੇਖਦਾ। ਮੇਰੀ ਕਹਾਣੀ ਲਈ ਜੋ ਜ਼ਰੂਰੀ ਹੈ, ਉਸ ਵਲ ਹੀ ਧਿਆਨ ਦਿੰਦਾ ਹਾਂ। 
ਚੁਲਬੁਲੀ ਲੜਕੀ ਦਾ ਕਿਰਦਾਰ ਹੈ ਮੇਰਾ : ਗੀਤਾਂਜਲੀ  
ਫਿਲਮ ਵਿਚ ਆਪਣੇ ਕਿਰਦਾਰ ਬਾਰੇ ਦੱਸਦਿਆਂ ਗੀਤਾਂਜਲੀ ਥਾਪਾ ਕਹਿੰਦੀ ਹੈ ਕਿ ਮੈਂ ਚੁਲਬੁਲੀ ਲੜਕੀ ਦੇ ਕਿਰਦਾਰ 'ਚ ਹਾਂ। ਉਹ ਅੱਜ ਦੀ ਔਰਤ ਹੈ, ਅਬਲਾ ਨਾਰੀ ਟਾਈਪ ਦੀ ਨਹੀਂ।
ਓਨਿਰ ਨਾਲ ਪਹਿਲਾਂ ਤੋਂ ਹੀ ਕੰਮ ਕਰਨਾ ਚਾਹੁੰਦੀ ਸੀ
ਅਸੀਂ ਇਕ ਕਾਫੀ ਸ਼ਾਪ 'ਤੇ ਮਿਲੇ ਸੀ ਅਤੇ ਜਿਸ ਤਰ੍ਹਾਂ ਓਨਿਰ ਜੀ ਨੇ ਫਿਲਮ ਦੀ ਸਕ੍ਰਿਪਟ ਸੁਣਾਈ, ਮੈਂ ਸੁਣਦਿਆਂ ਹੀ ਹਾਂ ਕਹਿ ਦਿੱਤੀ।
13 ਸਾਲ ਦੀ ਉਮਰ ਤੋਂ ਸ਼ਾਇਰੀ ਲਿਖ ਰਿਹਾਂ : ਜੈਨ ਖਾਨ
ਇਸ ਫਿਲਮ 'ਚ ਮੇਰਾ ਜੋ ਕਿਰਦਾਰ ਹੈ, ਉਹ ਆਰਜੇ ਅਲਫ਼ਾਜ਼ ਦਾ ਹੈ। ਜੋ ਕਿ ਸ਼ੇਅਰੋ-ਸ਼ਾਇਰੀ ਕਰਦਾ ਹੈ। ਮੇਰੇ ਲਈ ਇਹ ਥੋੜ੍ਹਾ ਆਸਾਨ ਰਿਹਾ। ਮੈਂ 13 ਸਾਲ ਦੀ ਉਮਰ ਤੋਂ ਸ਼ਾਇਰੀ ਲਿਖ ਰਿਹਾ ਹਾਂ। ਇਸ ਲਈ ਇਸ ਕਿਰਦਾਰ 'ਚ ਖੁਦ ਨੂੰ ਢਾਲ ਸਕਿਆ।
ਆਮਿਰ ਖਾਨ ਦੀ ਨਕਲ ਨਹੀਂ 
ਮੈਂ ਆਮਿਰ ਖਾਨ ਦਾ ਗਾਣਾ 'ਪਹਿਲਾ ਨਸ਼ਾ' ਕਰਦੇ ਸਮੇਂ ਅਲਫ਼ਾਜ਼ ਜੋ ਮੇਰਾ ਕਿਰਦਾਰ ਹੈ, ਬਸ ਉਸੇ ਵਰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਆਮਿਰ ਖਾਨ ਦੀ ਨਕਲ ਨਹੀਂ ਕੀਤੀ। ਹਾਲਾਂਕਿ ਮੈਂ ਉਨ੍ਹਾਂ ਵਾਂਗ ਛਾਲ ਮਾਰੀ ਹੈ। ਇਹ ਸੀਨ ਇਕ ਵਾਰ 'ਚ ਹੀ ਫਾਈਨਲ ਹੋ ਗਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News