ਲੋਕ ਗਾਥਾਵਾਂ ਦਾ ਬਾਦਸ਼ਾਹ ਕੁਲਦੀਪ ਮਾਣਕ

1/5/2019 10:12:53 AM

ਮਧਰਾ ਕੱਦ, ਹੌਲਾ ਜੁੱਸਾ, ਫਰੈਂਚ ਕੱਟ ਦਾੜ੍ਹੀ, ਨਿੱਕੀਆਂ ਅੱਖਾਂ ਵੱਧ ਵੇਖਦੀਆਂ ਜਿਸ ਗੱਲ ’ਤੇ ਅੜ ਪਵੇ ਪਿੱਛੇ ਨਾ ਮੁੜਦਾ ਇਸ ਤਰ੍ਹਾਂ ਦਾ ਅੜਬ ਸੁਭਾਅ ਵੀ ਸਾਹਮਣੇ ਆਉਂਦਾ। ਦੋਵੇਂ ਹੱਥਾਂ ਦੀਆਂ ਉਂਗਲਾਂ ’ਚੋਂ ਮੁੰਦੀਆਂ ਗਲੇ ’ਚ ਚੇਨੀਆਂ, ਗੱਲ-ਗੱਲ ’ਤੇ ਹਾਂ ਜੀ.... ਹਾਂ ਜੀ...ਬਾਈ ਜੀ ਕਹਿਣਾ ਆਦਤ ਵੱਡਾ ਹੋ ਕੇ ਖ਼ੁਦ ਨੂੰ ਛੋਟਾ ਦੱਸਣਾ। ਹਰ ਇਕ ਨੂੰ ਪਿਆਰ ਸਤਿਕਾਰ ਕਰਨ ਵਾਲੀ ਸ਼ਖ਼ਸੀਅਤ ਦਾ ਨਾਂ ਸੀ ਕੁਲਦੀਪ ਮਾਣਕ

ਕੁਲਦੀਪ ਮਾਣਕ ਆਪਣੇ ਆਪ ’ਚ ਇਕ ਸੰਸਥਾ ਹੈ ਜਿ ਦਾ ਆਪਣਾ ਮੌਲਿਕ ਸੰਸਾਰ ਤੇ ਇਤਿਹਾਸ ਹੈ। ਇਸ ਇਤਿਹਾਸ ਨੂੰ ਸਿਰਜਣਾ ਖਾਲਾ ਜੀ ਦਾ ਵਾੜਾ ਨਹੀਂ। ਕੁਲਦੀਪ ਮਾਣਕ ਭਾਵੇਂ ਮੀਰ ਆਲਮ ਘਰਾਣੇ ’ਚ ਜਨਮਿਆਂ ਪਰ ਇਸ ਮਾਂ ਦੇ ਸਪੂਤ ਨੇ ਮੀਰ ਆਲਮਾਂ ਵਰਗੀਆਂ ਸੁਭਾਅ ਨਹੀਂ ਆਪਣਾਇਆ। ਅੱਜ ਭਾਵੇਂ ਉਸ ਵਿਚ ਕੋਈ ਕਿੰਨੇ ਈ ਨੁਕਸ ਕੱਢੇ ਪਰੰਤੂ ਉਸ ਵਰਗਾ ਗਾਇਕ ਤੇ ਇਨਸਾਨ ਬਣਨਾ ਔਖਾ ਹੀ ਨਹੀਂ ਨਾਮੁਮਕਿਨ ਹੈ। ਅੱਜ ਭਾਵੇਂ ਇਲੈਕ੍ਰੌਨਿਕ ਮੀਡੀਆ, ਪ੍ਰੈੱਸ ਮੀਡੀਆ ਤੇ ਸੋਸ਼ਲ ਮੀਡੀਆ ਦੀ ਭਰਮਾਰ ਹੈ ਪਰ ਮਾਣਕ ਨੇ ਆਪਣੇ ਨਾਂ ਨੂੰ ਉਸ ਵੇਲੇ ਅੰਬਰ ’ਤੇ ਲਿਖਿਆ ਜਦੋਂ ਇਹ ਸਭ ਕੁਝ ਨਹੀਂ ਸੀ। ਕੁਲਦੀਪ ਮਾਣਕ ਦੀ ਗਾਇਕੀ ਕੰਨ ਰਸ ਦੀ ਗਾਇਕੀ ਹੈ ਨਾ ਕਿ ਨੱਚਣ-ਟੱਪਣ ਵਾਲੀ। ਮਾਣਕ ਦੇ ਸਟੇਜੀ ਪ੍ਰੋਗਰਾਮ ਵੇਖ ਕੇ ਹੀ ਪਤਾ ਲਗਦਾ ਹੈ ਕਿ ਮਾਣਕ ਮਾਣਕ ਹੀ ਐ! ਉਹ ਆਪਣਾ ਪ੍ਰੋਗਰਾਮ ਵਾਰ ‘ਬਾਬਾ ਬੰਦਾ ਸਿੰਘ ਬਹਾਦਰ’ ਤੋਂ ਸ਼ੁਰੂ ਕਰਦਾ ਸੀ। ਮਾਣਕ ਦੀ ਇਸ ਗਈ ਰਚਨਾ ਨੂੰ ਜੇ ਸ਼ਾਹਕਾਰ ਰਚਨਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।

   ਕੁਲਦੀਪ ਮਾਣਕ ਦੇ ਗੀਤ  

‘ਅੱਡ ਕੇ ਖ਼ੁਦਾ ਦੇ ਅੱਗੇ ਪੱਲਾ, ਚੰਨਾ ਮੈਂ ਤੇਰੀ ਖੈਰ ਮੰਗਦੀ’, ‘ਮੇਰੀ ਧੀਦੋ ਰਾਂਝਾ ਬੇਪਰਵਾਹ ਕੁੜੀਓਂ’, ‘ਗੋਲ਼ੀ ਮਾਰੋ ਇਹੋ ਜਿਹੇ ਬਨਾਉਟੀ ਯਾਰ ਦੇ’, ‘ਸਾਨੂੰ ਨੱਚ ਕੇ ਵਿਖਾ ਜਰਨੈਲ ਕੁਰੇ’, ‘ਅੱਗ ਲਾ ਕੇ ਫੂਕ ਦੂੰ ਲੰਡਨ ਸ਼ਹਿਰ ਨੂੰ’, ‘ਇਕ ਵੀਰ ਦਈ ਵੇ ਰੱਬਾ’, ‘ਤੇਰੇ ਟਿੱਲੋ ਤੋਂ ਸੂਰਤ ਦੀਂਹਦੀ ਆ ਹੀਰ ਦੀ’, ‘ਬਾਬਲ ਮਰਿਆਂ ਭਾਬੀਏ ਪੈ ਗਏ ਪੁਆਰੇ’, ‘ਹਲ ਵਾਹੁੰਦਾ ਵੱਡੇ ਤੜਕੇ ਦਾ’, ‘ਨਖਰੇ ਬਿਨ ਸੋਹਣੀ ਤੀਵੀ’, ‘ਦੁੱਲਿਆ ਵੇ ਟੋਕਰਾ ਚੁਕਾਈ ਆਣ ਕੇ’, ‘ਮੇਰੇ ਪੂਰਨ ਪੁੱਤ ਨੂੰ ਹੱਥ ਕੜੀਆਂ ਲਾਈਆਂ’, ‘ਛੇਤੀ ਕਰ ਸਰਵਨ ਬੱਚਾ ਪਾਣੀ ਪਿਲਾ ਦੇ’ ਤੇ ‘ਮਾਂ ਹੁੰਦੀ ਏ ਮਾਂ...’ ਆਦਿ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ਤੇ ਜ਼ਹਿਨ ਵਿਚ ਸਮਾਏ ਹੋਏ ਹਨ।

ਰੇਤਲੇ ਟਿੱਬਿਆਂ ਵਾਲ ਇਲਾਕੇ ’ਚ ਜਿੱਧਰ ਨੂੰ ਮੂੰਹ ਘੁੰਮ ਜੇ ਕਿੱਕਰਾਂ ਜੰਡ-ਕਰੀਰ, ਕਡਿਆਲੀਆਂ ਝਾੜੀਆਂ ਨਜ਼ਰੀ ਪੈਂਦੀਆਂ ਸਨ। ਕੱਚੇ ਘਰ ਤੇ ਕੰਧਾਂ ਟੋਭਿਆਂ ਵਿਚੋਂ ਕੱਢ ਕੇ ਡਲਿਆਂ ਵਾਲੀ ਮਿੱਟੀ ਨਾਲ ਬਣਾਈਆਂ ਹੁੰਦੀਆਂ ਸਨ। ਰਾਹ ਕੱਚੇ ਤੇ ਵੱਡੇ ਦਰਵਾਜ਼ੇ ਪਰ ਅੱਜ ਸਭ ਕੁਝ ਬਦਲ ਗਿਆ ਹੈ ਇਹ ਗੱਲ ਜ਼ਿਲਾ ਬਠਿੰਡਾ ਦੇ ਮਸ਼ਹੂਰ ਪਿੰਡ ਜਲਾਲ ਦੀ ਹੈ ਜਿੱਥੇ ‘ਕੁਲਦੀਪ ਮਾਣਕ’ ਨੇ ਆਪਣੀ ਪਹਿਲੀ ਵਾਰ ਅੱਖ ਖੋਲੀ 15 ਨਵੰਬਰ 1951 ਦਿਨ ਵੀਰਵਾਰ ਨੂੰ ਪਿਤਾ ਨਿੱਕਾ ਸਿੰਘ ਤੇ ਮਾਤਾ ਬਚਨ ਕੌਰ ਦੇ ਘਰ। ਆਰਥਿਕ ਮਦਹਾਲੀ ਕਰਕੇ ਮਾਣਕ ਦੇ ਜੰਮਣ ਦੀ ਕੋਈ ਬਹੁਤੀ ਖ਼ੁਸ਼ੀ ਨਾ ਮਨਾਈ ਗਈ। ਕੁਝ ਸਕੇ-ਸਬੰਧੀ ਮਾਣਕ ਨੂੰ ਮਨਹੂਸ ਵੀ ਮੰਨਦੇ ਰਹੇ ਕਿਉਂਕਿ ਇਸ ਦੇ ਜਨਮ ਤੋਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਮਾਣਕ ਬਾਲ ਵਰੇਸ 'ਚ ਆਪਣੇ ਪਿਤਾ ਦੇ ਐਕਸ ਰੇ ਨੂੰ ਗੜ੍ਹਵੀ ’ਤੇ ਫਿੱਟ ਕਰਕੇ ਗਲੀਆਂ ’ਚ ਗਾਉਂਦਾ ਫ਼ਿਰਦਾ ਵੇਖਿਆ ਗਿਆ ਸੀ।

ਘਰ ਦੀ ਆਰਥਿਕ ਦਸ਼ਾ ਠੀਕ ਨਾ ਹੋਣ ਕਰਕੇ ਕੁਲਦੀਪ ਮਾਣਕ ਬਹੁਤਾ ਨਾ ਪੜ੍ਹ ਸਕਿਆ ਜਿੰਨਾਂ ਕੁ ਵੀ ਪੜ੍ਹਿਆ ਉਸ ਦਾ ਖਰਚ ਵੀ ਮਾਸਟਰ ਲਾਲ ਸਿੰਘ ਬਰਾ ਤੇ ਹੈੱਡਮਾਸਟਰ ਕਸ਼ਮੀਰ ਸਿੰਘ ਵਲਟੋਹਾ ਚੁੱਕਦੇ ਰਹੇ। ਇਹ ਦੋਵੇ ਸ਼ਖ਼ਸੀਅਤਾਂ ਨੇ ਹੀ ਕੁਲਦੀਪ ਮਾਣਕ ਨੂੰ ਸਕੂਲ ਦੇ ਦਿਨਾਂ ਵਿਚ ਫ਼ਰੀਦਕੋਟ ਸਕੂਲਾਂ ਦੇ ਟੂਰਨਾਮੈਂਟਾਂ ਵਿਚ ਆਖ਼ਰੀ ਦਿਨ ਮਾਣਕ ਤੋਂ ਗੀਤ ਗਵਾਇਆ ਸੀ। ਮਾਣਕ ਨੇ ਓਦੋਂ ਇਹ ਗੀਤ ਗਾਇਆ ਸੀ...

   ਜੱਟਾ ਓਏ ਸੁਣ ਭੋਲਿਆ ਜੱਟਾ ਤੇਰੇ ਸਿਰ ਵਿਚ ਪੈਂਦਾ ਘੱਟਾ ਵੇਹਲੜ ਬੰਦੇ ਮੌਜਾ ਮਾਣਦੇ

ਇਸ ਟੂਰਨਾਮੈਂਟ ਵਿਚ ਉਸ ਸਮੇਂ ਦੇ ਤਤਕਾਲੀਨ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵੀ ਪਹੁੰਚੇ ਹੋਏ ਸਨ। ਜਦੋਂ ਕੈਰੋਂ ਨੇ ਗਾਉਂਦਿਆਂ ਸੁਣਿਆਂ ਤਾਂ ਊਹ ਬੇਹੱਦ ਪ੍ਰਭਾਵਿਤ ਹੋਏ ਤੇ ਉਨ੍ਹਾਂ ਭਵਿੱਖ ਬਾਣੀ ਕੀਤੀ ਕਿ ਇਹ ਮੁੰਡਾ ਕੁਲ ਦਾ ਦੀਪ ਬਣੇਗਾ ਤੇ ਇਸ ਦਾ ਅੱਜ ਤੋਂ ਬਾਅਦ ਨਾਂ ਮੁਹੰਮਦ ਲਤੀਫ਼ ਨਹੀਂ ਕੁਲਦੀਪ ਮਾਣਕ ਹੈ। ਹੈੱਡਮਾਸਟਰ ਕਸ਼ਮੀਰ ਸਿੰਘ ਵਲਟੋਹਾ ਨੇ ਹੀ ਕੁਲਦੀਪ ਮਾਣਕ ਨੂੰ ਉਸ ਵਕਤ ਦੇ ਮਸ਼ਹੂਰ ਕਵਾਲ ਖ਼ੁਸ਼ੀ ਮੁਹੰਮਦ ਕੋਲ ਸੰਗੀਤ ਸਿੱਖਣ ਲਈ ਲਾਇਆ ਸੀ।

   ਕਲੀਆਂ ਦੇ ਬਾਦਸ਼ਾਹ ਰਹਿ ਚੁੱਕੇ ਕੁਲਦੀਪ ਮਾਣਕ 

ਪ੍ਰਸਿੱਧ ਗਾਇਕਾ ਕੁਲਵੰਤ ਕੋਮਲ ਹੀ ਮਾਣਕ ਤੇ ਕੇਵਲ ਜਲਾਲ ਨੂੰ ਪਿੰਡੋਂ ਸ਼ਹਿਰ ਲੈ ਕੇ ਆਈ ਸੀ। ਕੋਮਲ ਨਾਲ ਮਾਣਕ ਨੇ ਕਾਫ਼ੀ ਸਮਾਂ ਸਟੇਜ ਪ੍ਰੋਗਰਾਮ ਕੀਤੇ। ਉਸ ਤੋਂ ਬਿਨਾਂ ਸਤਿੰਦਰ ਬੀਬਾ, ਪ੍ਰਕਾਸ਼ ਸਿੱਧੂ, ਅਮਰਜੋਤ, ਕੁਲਦੀਪ ਕੌਰ, ਸੁਖਵੰਤ ਸੁੱਖੀ, ਪਰਮਿੰਦਰ ਕੌਰ, ਦਿਲਰਾਜ ਕੌਰ, ਪ੍ਰਕਾਸ਼ ਸੋਢੀ, ਗੁਰਮੀਤ ਬਾਵਾ ਅਮਰਨੂਰੀ ਤੇ ਗੁਲਸ਼ਨ ਕੋਮਲ ਆਦਿ ਗਾਇਕਾਵਾਂ ਨਾਲ ਵੀ ਮਾਣਕ ਨੇ ਦੋਗਾਣੇ ਗਾਏ। ਕੁਲਦੀਪ ਮਾਣਕ ਨੇ ਭਾਵੇਂ ਸੰਗੀਤਕ ਸਫ਼ਰ ਵਿਚ ਕਰੀਬ 13-14 ਕਲੀਆਂ ਨੂੰ ਹੀ ਆਵਾਜ਼ ਦਿੱਤੀ ਪਰ ਉਸ ਦੇ ਚਾਹੁਣ ਵਾਲਿਆਂ ਨੇ ਉਸ ਨੂੰ ਕਲੀਆਂ ਦੇ ਬਾਦਸ਼ਾਹ ਦਾ ਨਾਂ ਦਿੱਤਾ। ਜੇ ਸੰਗੀਤਕ ਪੈਮਾਨੇ ਦੇ ਜ਼ਰੀਏ ਘੋਖ ਕਰੀਏ ਤਾਂ ਸਾਹਮਣੇ ਆਉਂਦਾ ਹੈ ਕਿ ਇਸ ਮਾਣਮੱਤੇ ਗਾਇਕ ਨੇ ਸਭ ਤੋਂ ਜ਼ਿਆਦਾ ਲੋਕ ਗਾਥਾਵਾਂ ਗੀਤਾਂ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਸੀ। ਜਿਨ੍ਹਾਂ ਦੀਆਂ ਜ਼ਿਆਦਾ ਰਚਨਾਵਾਂ ਦੇਵ ਥੀਰਕੇ, ਗਿੱਲ ਜੱਬੋ ਮਾਜਰੇ ਵਾਲਾ ਤੇ ਸਿੱਧੂ ਕੜਕ ਵਾਲੇ ਦੀਆਂ ਰਚੀਆਂ ਹੋਈਆਂ ਹਨ। ਮਾਣਕ ਨੇ ਫਿਲਮਾਂ ਅਤੇ ਸਿਆਸਤ ਵਿਚ ਵੀ ਕਿਸਮਤ ਅਜ਼ਮਾਈ ਕੀਤੀ ਪਰ ਨਾਕਾਮ ਰਿਹਾ। ਮਾਣਕ ਦੀ ਜੀਵਨ ਸਾਥਨ ਦੋਰਾਹੇ ਨੇੜਲੇ ਪਿੰਡ ਰਾਜਗੜ• ਦੀ ਜੰਮਪਲ ਹੈ। ਯੁਧਵੀਰ ਮਾਣਕ ਇਕ ਹੋਣਹਾਰ ਗਾਇਕ ਸੀ ਪਰ ਵਕਤ ਦੀ ਹਨੇਰੀ ਨੇ ਉਸ ਨੂੰ ਅਜਿਹਾ ਲਪੇਟ 'ਚ ਲਿਆ ਕਿ ਮੁੜ ਕੇ ਪੈਰਾਂ 'ਤੇ ਨਾ ਆ ਸਕਿਆ।

ਕੁਲਦੀਪ ਮਾਣਕ ਦੇ ਰਿਕਾਰਡ ਹੋਏ ਗੀਤਾਂ ਦੇ ਈਪੀ, ਐੱਲਪੀ, ਸੁਪਰ ਸੈਵਨ, ਸਪੁਰ ਸਿਕਸ, ਟੇਪਾਂਤੇ ਸੀਡੀਜ਼ ਆਦਿ ਨੂੰ ਮਿਲਾ ਕੇ ਤਕਰੀਬਨ 200 ਕਰੀਬ ਹੋ ਜਾਂਦੇ ਹਨ। ਮਾਣਕ ਦੇ ਸ਼ਾਗਿਰਦਾ ਦੀ ਗਿਣਤੀ ਕਰਨੀ ਵੀ ਔਖੀ ਹੈ। ਹਥਲੇ ਲੇਖਕ ਵੱਲੋਂ ਕੁਲਦੀਪ ਮਾਣਕ ਦੀ ਜ਼ਿੰਦਗੀ ਤੇ ਸੰਗੀਤਕ ਸਫ਼ਰ ਬਾਰੇ ਹੁਣ ਤਕ ਦੋ ਕਿਤਾਬਾਂ ਲਿਖਿਆ ਜਾ ਚੁੱਕੀ ਹਨ। ਭਾਸ਼ਾ ਵਿਭਾਗ ਵਲੋਂ ਕੁਲਦੀਪ ਮਾਣਕ ਨੂੰ ਸ਼੍ਰੋਮਣੀ ਗਾਇਕ ਐਵਾਰਡ ਦੇ ਕੇ ਵੀ ਸਨਮਾਣਿਤ ਕੀਤਾ ਜਾ ਚੁੱਕਾ ਹੈ। ਇਸ ਫ਼ਨਕਾਰ ਨੇ ਪੰਜਾਬ ਤੋਂ ਇਲਾਵਾਂ ਦੁਨੀਆਂ ਦਾ ਹਰ ਦੇਸ਼ ਘੁੰਮ ਕੇ ਦੇਖੇ ਤੇ ਆਪਣੀ ਆਵਾਜ਼ ਦਾ ਲੋਹਾ ਮਨਵਾਇਆ। ਇਸ ਸ਼੍ਰੋਮਣੀ ਗਾਇਕ ਸੰਖੇਪ ਬਿਮਾਰੀ ਤੋਂ ਬਾਅਦ 30 ਨਵੰਬਰ 2011 ਨੂੰ ਸਰੀਰਕ ਤੌਰ 'ਤੇ ਸਾਨੂੰ ਅਲਵਿਦਾ ਆਖ ਗਿਆ ਸੀ ਪਰ ਇਸ ਦੀ ਆਵਾਜ਼ ਅੱਜ ਵੀ ਫਿਜ਼ਾਵਾਂ ਵਿਚ ਘੁਲੀ ਮਹਿਸੂਸ ਹੁੰਦੀ ਹੈ ਤੇ ਹੁੰਦੀ ਰਹੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News