ਕੁਲਵਿੰਦਰ ਢਿੱਲੋਂ ਨੇ ਇੰਝ ਬਣਾਈ ਸੀ ਸੰਗੀਤ ਜਗਤ ''ਚ ਖਾਸ ਪਛਾਣ

Friday, January 11, 2019 11:08 AM

ਮੁੰਬਈ (ਬਿਊਰੋ) : ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅਜਿਹੇ ਫਨਕਾਰ ਆਏ ਹਨ, ਜਿਨ੍ਹਾਂ ਨੇ ਇਸ ਇੰਡਸਟਰੀ ਨੂੰ ਕਈ ਯਾਦਗਾਰ ਗੀਤ ਦਿੱਤੇ ਹਨ, ਜੋ ਅੱਜ ਵੀ ਹਰ ਇਕ ਦੀ ਜ਼ੁਬਾਨ 'ਤੇ ਸੁਣਨ ਨੂੰ ਆਮ ਮਿਲਦੇ ਹਨ। ਅੱਜ ਅਸੀਂ ਜਿਸ ਫਨਕਾਰ ਦੀ ਗੱਲ ਕਰਨ ਜਾ ਰਹੇ ਹਾਂ ਉਸ ਨੇ ਆਪਣੇ ਇਕ ਛੋਟੇ ਜਿਹੇ ਸੰਗੀਤਕ ਸਫਰ 'ਚ ਅਜਿਹੇ ਹਿੱਟ ਗੀਤ ਦਿੱਤੇ ਹਨ, ਜੋ ਕਾਫੀ ਯਾਦਗਾਰ ਸਾਬਿਤ ਹੋਏ ਹਨ। ਕੁਲਵਿੰਦਰ ਢਿੱਲੋਂ ਦਾ ਜਨਮ 6 ਜੂਨ 1975 ਨੂੰ ਹੁਸ਼ਿਆਰਪੁਰ ਦੇ ਪੰਡੋਰੀ ਲੱਧਾ 'ਚ ਹੋਇਆ ਸੀ। ਉਨ੍ਹਾਂ ਨੇ ਆਪਣੇ ਗਾਇਕੀ ਸਫਰ ਦੀ ਸ਼ੁਰੂਆਤ ਸਾਲ 2001 'ਚ ਕੀਤੀ ਸੀ।

PunjabKesari

'ਕਚਹਿਰੀਆਂ 'ਚ ਮੇਲੇ ਲੱਗਦੇ' ਨਾਂ ਦੇ ਗੀਤ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਅਤੇ ਇਸੇ ਗੀਤ ਨੂੰ ਕੁਲਵਿੰਦਰ ਢਿੱਲੋਂ ਨੂੰ ਹਰ ਪਾਸੇ ਸ਼ੌਹਰਤ ਦੀਆਂ ਉਚਾਈਆਂ 'ਤੇ ਪਹੁੰਚਾਇਆ ਸੀ। ਸਾਲ 2002 'ਚ ਉਨ੍ਹਾਂ ਦਾ ਗੀਤ 'ਗਲਾਸੀ ਖੜਕੇ' ਵੀ ਕਾਫੀ ਮਕਬੂਲ ਹੋਇਆ। ਇਸ ਤੋਂ ਬਾਅਦ 2005 'ਚ ਆਈ ਉਨ੍ਹਾਂ ਦੀ ਐਲਬਮ 'ਵੈਲੀ' ਵੀ ਸੁਪਰ ਡੁਪਰ ਹਿੱਟ ਰਹੀ। ਇਸ ਐਲਬਮ ਨੂੰ ਵੀ ਕੌਮਾਂਤਰੀ ਪੱਧਰ 'ਤੇ ਕਾਮਯਾਬੀ ਮਿਲੀ ਅਤੇ ਵਿਸ਼ਵ ਪੱਧਰ 'ਤੇ ਹਜ਼ਾਰਾਂ ਦੀ ਗਿਣਤੀ 'ਚ ਇਸ ਐਲਬਮ ਦੀਆਂ ਸੀਡੀਜ਼ ਅਤੇ ਕੈਸੇਟਾਂ ਵਿਕੀਆਂ।

PunjabKesari
ਕੁਲਵਿੰਦਰ ਢਿੱਲੋਂ ਨੇ ਜਿੰਨੇ ਵੀ ਗੀਤ ਗਾਏ ਉਨ੍ਹਾਂ 'ਚੋਂ ਜ਼ਿਆਦਾਤਰ ਗੀਤ ਬਲਵੀਰ ਬੋਪਾਰਾਏ ਜੀ ਨੇ ਲਿਖੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਧਾਰਮਿਕ ਐਲਬਮ ਵੀ ਕੱਢੀਆਂ। ਕੁਲਵਿੰਦਰ ਢਿੱਲੋਂ ਅਜਿਹੇ ਗਾਇਕ ਸਨ, ਜਿਨ੍ਹਾਂ ਦੇ ਅਖਾੜੇ ਪਿੰਡਾਂ 'ਚ ਲੱਗਦੇ ਸਨ ਤਾਂ ਲੋਕ ਵਹੀਰਾਂ ਘੱਤ ਉਨ੍ਹਾਂ ਦੇ ਅਖਾੜਿਆਂ ਨੂੰ ਸੁਣਨ ਲਈ ਪਹੁੰਚਦੇ ਸਨ ਪਰ ਸ਼ੌਹਰਤ ਦੀਆਂ ਬੁਲੰਦੀਆਂ ਨੂੰ ਛੂਹਣ ਵਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇਹ ਸਿਤਾਰਾ ਹਮੇਸ਼ਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। 2006 'ਚ ਫਗਵਾੜਾ ਬੰਗਾ ਰੋਡ 'ਤੇ 19 ਮਾਰਚ ਨੂੰ ਉਨ੍ਹਾਂ ਦੀ ਕਾਰ ਸੰਤੁਲਨ ਗੁਆ ਕੇ ਸੜਕ ਕਿਨਾਰੇ ਇਕ ਰੁੱਖ 'ਚ ਜਾ ਟਕਰਾਈ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੇਸ਼ੱਕ ਅੱਜ ਕੁਲਵਿੰਦਰ ਢਿੱਲੋਂ ਸਾਡੇ 'ਚ ਮੌਜੂਦ ਨਹੀਂ ਹਨ ਪਰ ਉਨ੍ਹਾਂ ਦੇ ਗੀਤ ਸਾਡੇ ਦਰਮਿਆਨ ਉਨ੍ਹਾਂ ਦੀ ਮੌਜੂਦਗੀ ਦਰਜ ਕਰਵਾਉਂਦੇ ਰਹਿਣਗੇ।


Edited By

Sunita

Sunita is news editor at Jagbani

Read More