ਸਾਡੀ ਫਿਲਮ 'ਚ ਨਜ਼ਰ ਆਵੇਗੀ ਰਿਸ਼ਤਿਆਂ ਦੀ 'ਲੁਕਣ ਮੀਚੀ' : ਗੁੱਗੂ ਗਿੱਲ

5/8/2019 1:46:49 PM

ਜਲੰਧਰ (ਬਿਊਰੋ) — 10 ਮਈ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਰਹੀ ਹੈ ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਦੀ ਸਟਾਰਰ ਪੰਜਾਬੀ ਫਿਲਮ 'ਲੁਕਣ ਮੀਚੀ'। ਇਸ ਫਿਲਮ 'ਚ ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਤੋਂ ਇਲਾਵਾ ਅੰਮ੍ਰਿਤ ਔਲਖ, ਯੋਗਰਾਜ ਸਿੰਘ, ਗੁੱਗੂ ਗਿੱਲ, ਹੋਬੀ ਧਾਲੀਵਾਲ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ ਤੇ ਗੁਰਚੇਤ ਚਿੱਤਰਕਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਐੱਮ. ਹੁੰਦਲ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲਾਗਸ ਰਾਜੂ ਵਰਮਾ ਨੇ ਲਿਖੇ ਹਨ। ਫਿਲਮ ਅਵਤਾਰ ਸਿੰਘ ਬਲ ਤੇ ਬਿਕਰਮ ਬਲ ਵਲੋਂ ਪ੍ਰੋਡਿਊਸ ਕੀਤੀ ਗਈ ਹੈ, ਜਿਹੜੀ ਬੰਬਲ ਬੀ ਪ੍ਰੋਡਕਸ਼ਨਜ਼ ਤੇ ਫੇਮ ਮਿਊਜ਼ਿਕ ਦੀ ਪੇਸ਼ਕਸ਼ ਹੈ। ਹਾਲ ਹੀ 'ਚ ਫਿਲਮ ਦੀ ਪ੍ਰਮੋਸ਼ਨ ਦੌਰਾਨ 'ਲੁਕਣ ਮੀਚੀ' ਦੀ ਟੀਮ ਨੇ 'ਜਗ ਬਾਣੀ' ਦੇ ਵਿਹੜੇ ਸ਼ਿਰਕਤ ਕੀਤੀ, ਜਿਥੇ ਐਂਕਰ ਨੇਹਾ ਮਨਹਾਸ ਨੇ ਫਿਲਮ ਸਬੰਧੀ ਪ੍ਰੀਤ ਹਰਪਾਲ ਤੇ ਗੁੱਗੂ ਗਿੱਲ ਨਾਲ ਫਿਲਮ ਨੂੰ ਲੈ ਕੇ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—

'ਲੁਕਣ ਮੀਚੀ' ਟਾਈਟਲ ਬਚਪਨ ਦੀ ਕਿਹੜੀ ਯਾਦ ਤਾਜ਼ਾ ਕਰਦਾ ਹੈ?

ਗੁੱਗੂ ਗਿੱਲ : 'ਲੁਕਣ ਮੀਚੀ' ਦਾ ਨਾਂ ਸੁਣ ਕੇ ਵਾਕਈ ਬਚਪਨ ਦੀ ਉਹ ਖੇਡ ਯਾਦ ਆ ਜਾਂਦੀ ਹੈ, ਜੋ ਅਸੀਂ ਬਚਪਨ ਵਿਚ ਖੇਡਦੇ ਸੀ। ਇਸ ਫਿਲਮ ਦਾ ਨਾਂ ਬੇਸ਼ੱਕ 'ਲੁਕਣ ਮੀਚੀ' ਹੈ ਪਰ ਇਸ ਵਿਚ ਰਿਸ਼ਤਿਆਂ ਦੀ ਲੁਕਣ ਮੀਚੀ ਦਿਖਾਈ ਗਈ ਹੈ। ਇਹ ਰਿਸ਼ਤਿਆਂ ਦੀ ਖੇਡ ਹੈ ਜਿਵੇਂ-ਜਿਵੇਂ ਬੰਦਾ ਜ਼ਿੰਦਗੀ 'ਚ ਅੱਗੇ ਵਧਦਾ ਹੈ, ਜ਼ਿੰਦਗੀ 'ਚ ਉਸ ਨੂੰ ਬਹੁਤ ਕੁਝ ਮਿਲਦਾ ਹੈ ਤੇ ਬਹੁਤ ਕੁਝ ਖੁੰਝ ਜਾਂਦਾ ਹੈ। ਇਸ ਲਈ ਫਿਲਮ ਦਾ ਨਾਂ 'ਲੁਕਣ ਮੀਚੀ' ਰੱਖਿਆ ਗਿਆ ਹੈ।

ਫਿਲਮ ਦੀ ਕੀ ਖਾਸੀਅਤ ਸੀ, ਜਿਸ ਨੂੰ ਦੇਖ ਕੇ ਤੁਸੀਂ ਹਾਂ ਕੀਤੀ?

ਗੁੱਗੂ ਗਿੱਲ : ਕਿਸੇ ਵੀ ਫਿਲਮ ਨੂੰ ਚੁਣਨ ਲੱਗੇ ਮੈਂ ਉਸ ਦੀ ਕਹਾਣੀ ਤੇ ਆਪਣਾ ਕਿਰਦਾਰ ਦੇਖਦਾ ਹਾਂ। ਮੇਰੇ ਲਈ ਲਿਖਿਆ ਕਿਰਦਾਰ ਜੇਕਰ ਮੈਨੂੰ ਜਚਦਾ ਹੈ ਤਾਂ ਹੀ ਮੈਂ ਫਿਲਮ ਲਈ ਹਾਂ ਕਰਦਾ ਹਾਂ। ਇਸ ਫਿਲਮ ਨੂੰ ਸਾਈਨ ਕਰਨ ਪਿੱਛੇ ਇਕ ਹੋਰ ਖਾਸੀਅਤ ਇਹ ਹੈ ਕਿ ਮੈਂ ਤੇ ਯੋਗਰਾਜ ਸਿੰਘ ਕਾਫੀ ਸਮੇਂ ਬਾਅਦ ਇਕੱਠੇ ਨਜ਼ਰ ਆ ਰਹੇ ਹਾਂ। ਅਕਸਰ ਪੁਰਾਣੀਆਂ ਫਿਲਮਾਂ 'ਚ ਅਸੀਂ ਦੋਵੇਂ ਫਿਲਮਾਂ 'ਚ ਸ਼ੁਰੂ ਤੋਂ ਹੀ ਇਕ-ਦੂਜੇ ਦੇ ਦੁਸ਼ਮਣ ਹੁੰਦੇ ਸੀ ਪਰ ਇਸ ਫਿਲਮ 'ਚ ਅਸੀਂ ਦੋਵੇਂ ਸ਼ੁਰੂ ਤੋਂ ਦੋਸਤ ਹਾਂ ਤੇ ਸਾਡੀ ਇਹ ਦੋਸਤੀ ਦੁਸ਼ਮਣੀ 'ਚ ਬਦਲ ਜਾਂਦੀ ਹੈ।

ਪ੍ਰੀਤ ਹਰਪਾਲ : ਜਦੋਂ ਰਾਜੂ ਵਰਮਾ ਨੇ ਮੈਨੂੰ ਇਸ ਫਿਲਮ ਦੀ ਕਹਾਣੀ ਸੁਣਾਈ ਤਾਂ ਮੈਨੂੰ ਇੰਝ ਲੱਗਾ ਕਿ ਇਹ ਕਹਾਣੀ ਤਾਂ ਮੇਰੇ ਅਸਲ ਕਿਰਦਾਰ ਨਾਲ ਮੇਲ ਖਾ ਰਹੀ ਹੈ। ਦੂਜੀ ਗੱਲ ਇਸ ਫਿਲਮ 'ਚ ਗੁੱਗੂ ਗਿੱਲ, ਯੋਗਰਾਜ ਸਿੰਘ ਤੇ ਹੋਬੀ ਧਾਲੀਵਾਲ ਵਰਗੇ ਦਿੱਗਜ ਕਲਾਕਾਰਾਂ ਨੇ ਕੰਮ ਕੀਤਾ ਹੈ, ਜਿਨ੍ਹਾਂ ਦੀਆਂ ਮੈਂ ਅਕਸਰ ਫਿਲਮਾਂ ਦੇਖਦਾ ਹੁੰਦਾ ਸੀ।

ਤੁਸੀਂ ਫਿਲਮਾਂ ਪ੍ਰਤੀ ਬਹੁਤ ਚੂਜ਼ੀ ਹੋ ਕਿਉਂ?

ਪ੍ਰੀਤ ਹਰਪਾਲ : ਹਾਂ ਇਹ ਗੱਲ ਤਾਂ ਠੀਕ ਹੈ ਕਿ ਮੈਂ ਗਿਣਤੀ ਦੀਆਂ ਫਿਲਮਾਂ ਹੀ ਕੀਤੀਆਂ ਹਨ। ਮੇਰੇ ਗੀਤ ਤੇ ਮੇਰੀਆਂ ਫਿਲਮਾਂ 'ਚ ਹਮੇਸ਼ਾ ਮੇਰੇ ਪੇਂਡੂ ਕਿਰਦਾਰ ਹੀ ਨਜ਼ਰ ਆਏ ਹਨ ਤੇ ਮੈਂ ਇਸ ਤਰ੍ਹਾਂ ਦੇ ਕਿਰਦਾਰ ਨੂੰ ਪਸੰਦ ਕਰਦਾ ਹਾਂ ਕਿਉਂਕਿ ਮੈਂ ਹਮੇਸ਼ਾ ਪਿੰਡ ਨਾਲ ਜੁੜਿਆ ਰਿਹਾ। ਇਸ ਫਿਲਮ 'ਚ ਮੇਰਾ ਅਜਿਹਾ ਹੀ ਕਿਰਦਾਰ ਹੈ। ਦੂਜੀ ਗੱਲ ਮੈਂ ਫਿਲਮ ਦਾ ਹੀਰੋ ਨਹੀਂ ਫਿਲਮ ਦਾ ਇਕ ਚੰਗਾ ਕਿਰਦਾਰ ਬਣਨ ਨੂੰ ਤਰਜੀਹ ਦਿੱਤੀ ਹੈ।

'ਲੁਕਣ ਮੀਚੀ' 'ਚ ਕਿਸ ਤਰ੍ਹਾਂ ਦਾ ਕਿਰਦਾਰ ਨਿਭਾਇਆ ਹੈ?

ਪ੍ਰੀਤ ਹਰਪਾਲ : ਫਿਲਮ 'ਚ ਮੇਰਾ ਇਕ ਬੇਪ੍ਰਵਾਹ ਮੁੰਡੇ ਦਾ ਕਿਰਦਾਰ ਹੈ। ਉਸ ਨੂੰ ਵੱਡੇ ਭਰਾ ਨੇ ਪਾਲਿਆ ਹੈ ਪਰ ਕਿਤੇ ਉਹ ਕੁਝ ਅਜਿਹਾ ਕਰ ਜਾਂਦਾ ਹੈ, ਜੋ ਉਸ ਦੇ ਵੱਡੇ ਭਰਾ ਨੂੰ ਚੰਗਾ ਨਹੀਂ ਲੱਗਦਾ, ਜਿਸ ਕਾਰਨ ਮੈਨੂੰ ਝਿੜਕਾਂ ਵੀ ਪੈਂਦੀਆਂ ਹਨ।

ਗੁੱਗੂ ਗਿੱਲ : ਮੈਂ ਫਿਲਮ 'ਚ ਪ੍ਰੀਤ ਹਰਪਾਲ ਦੇ ਵੱਡੇ ਭਰਾ ਦਾ ਕਿਰਦਾਰ ਨਿਭਾਇਆ ਹੈ, ਜਿਸ 'ਤੇ ਪਰਿਵਾਰ ਤੇ ਪਿੰਡ ਦੀਆਂ ਕਈ ਜ਼ਿੰਮੇਵਾਰੀਆਂ ਹਨ, ਜਿਸ ਨੂੰ ਉਹ ਬਾਖੂਬੀ ਨਿਭਾਉਂਦਾ ਹੈ।

ਫਿਲਮ ਤੋਂ ਹਟ ਕੇ ਕਦੇ ਸਿਆਸਤ 'ਚ ਆਉਣ ਦੀ ਖਾਹਿਸ਼ ਹੈ?

ਗੁੱਗੂ ਗਿੱਲ : ਜੀ ਨਹੀਂ, ਮੇਰੀ ਸੋਚ ਹੀ ਨਹੀਂ ਹੈ ਸਿਆਸਤ ਵਾਲੀ, ਬੇਸ਼ੱਕ ਮੇਰੇ ਪਿਆਰ ਦੇ ਲੋਕਾਂ ਨੂੰ ਇਸ ਸਿਆਸਤ 'ਚ ਮਾਣ ਦਿੱਤਾ। ਦਰਅਸਲ ਜੇਕਰ ਸਿਆਸਤ ਵੱਲ ਆਇਆ ਤਾਂ ਸਾਨੂੰ ਪਬਲਿਕ ਨੂੰ ਬਹੁਤ ਸਮਾਂ ਦੇਣਾ ਪੈਂਦਾ ਤੇ ਮੇਰਾ ਤਾਂ ਫਿਲਮਾਂ ਵਿਚ ਇੰਨਾ ਕੰਮ ਹੈ ਕਿ ਮੈਂ ਕਦੇ ਸਿਆਸਤ ਵੱਲ ਆਉਣ ਬਾਰੇ ਸੋਚਿਆ ਹੀ ਨਹੀਂ। ਸੋ ਫਿਲਹਾਲ ਮੇਰਾ ਕੋਈ ਵਿਚਾਰ ਨਹੀਂ ਹੈ।

ਪ੍ਰੀਤ ਹਰਪਾਲ : ਨਹੀਂ, ਦਰਅਸਲ ਮੈਂ ਆਪਣੇ ਆਪ ਨੂੰ ਸੋਸ਼ਲ ਵਰਕਰ ਸਮਝਦਾ ਹਾਂ ਪਰ ਅੱਜ ਦੀ ਸਿਆਸਤ ਦੇ ਰੰਗ ਕੁਝ ਹੋਰ ਹਨ ਤੇ ਆਪਣੇ ਆਪ ਨੂੰ ਮੈਂ ਇਸ ਰੰਗ 'ਚ ਨਹੀਂ ਰੰਗਣਾ ਚਾਹੁੰਦਾ। ਜੇ ਮੈਂ ਲੋਕਾਂ ਦੀ ਸੇਵਾ ਹੀ ਕਰਨੀ ਹੈ ਤਾਂ ਉਸ ਦੇ ਹੋਰ ਬਹੁਤ ਤਰੀਕੇ ਹਨ।

ਅੱਜਕਲ ਜੋ ਫਿਲਮਾਂ ਦਾ ਦੌਰ ਚੱਲ ਰਿਹਾ ਹੈ, ਉਸ ਬਾਰੇ ਤੁਹਾਡੀ ਕੀ ਰਾਏ ਹੈ?

ਗੁੱਗੂ ਗਿੱਲ : ਅੱਜਕਲ ਪੰਜਾਬੀ ਫਿਲਮਾਂ ਦੇ ਨਵੇਂ ਤਜਰਬਿਆਂ ਤੋਂ ਮੈਂ ਬਹੁਤ ਸਹਿਮਤ ਹਾਂ ਕਿਉਂਕਿ ਨਵੇਂ ਤਜਰਬੇ ਹੀ ਹੁਣ ਹੋ ਰਹੇ ਹਨ। ਹਾਕੀ 'ਤੇ ਫਿਲਮਾਂ ਬਣ ਰਹੀਆਂ ਹਨ, ਵੱਖ-ਵੱਖ ਤਰ੍ਹਾਂ ਦੀ ਕਾਮੇਡੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ। ਸਾਡੇ ਵੇਲੇ ਅਜਿਹੇ ਵਿਸ਼ੇ ਨਹੀਂ ਛੂਹੇ ਗਏ। ਹੁਣ ਤਾਂ ਸਿਰਫ ਬੋਲੀ ਹੀ ਪੰਜਾਬੀ ਹੈ ਬਾਕੀ ਤਾਂ ਹਰ ਤਕਨੀਕ ਬਾਲੀਵੁੱਡ ਦੀ ਵਰਤੀ ਜਾ ਰਹੀ ਹੈ।

'ਲੁਕਣ ਮੀਚੀ' ਬਾਰੇ ਕੀ ਕਹਿਣਾ ਚਾਹੋਗੇ?

ਪ੍ਰੀਤ ਹਰਪਾਲ : ਅਵਤਾਰ ਸਿੰਘ ਬੱਲ ਨੇ ਬੰਬਲ ਬੀ ਬੈਨਰ ਹੇਠ ਇਹ ਫਿਲਮ ਪ੍ਰੋਡਿਊਸ ਕੀਤੀ ਹੈ। ਫਿਲਮ ਐੱਮ. ਹੁੰਦਲ ਨੇ ਡਾਇਰੈਕਟ ਕੀਤੀ ਹੈ। ਫਿਲਮ ਦੀ ਕਹਾਣੀ ਬਹੁਤ ਵਧੀਆ ਹੈ ਤੇ ਨਾਲ ਹੀ ਇਕ ਪਰਿਵਾਰਕ ਫਿਲਮ ਵੀ ਹੈ।

ਗੁੱਗੂ ਗਿੱਲ : ਮੈਂ ਇਹੀ ਕਹਿਣਾ ਚਾਹਾਂਗਾ ਕਿ ਫਿਲਮ ਬਹੁਤ ਵਧੀਆ ਬਣੀ ਹੈ। ਚੰਗੀ ਸਟਾਰਕਾਸਟ ਤੇ ਚੰਗੀ ਕਹਾਣੀ 'ਤੇ ਬਣੀ ਇਸ ਫਿਲਮ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News