ਨਰਿੰਦਰ ਮੋਦੀ ਤੇ ਬੇਅਰ ਗ੍ਰਿਲਜ਼ ਦੇ ਐਪੀਸੋਡ ਨੇ ਬਣਾਇਆ ਖਾਸ ਰਿਕਾਰਡ

Saturday, August 24, 2019 9:38 AM
ਨਰਿੰਦਰ ਮੋਦੀ ਤੇ ਬੇਅਰ ਗ੍ਰਿਲਜ਼ ਦੇ ਐਪੀਸੋਡ ਨੇ ਬਣਾਇਆ ਖਾਸ ਰਿਕਾਰਡ

ਮੁੰਬਈ (ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਿਸਕਵਰੀ ਚੈਨਲ ਦੇ ਪ੍ਰਸਿੱਧ ਪ੍ਰੋਗਰਾਮ 'ਮੈਨ ਵਰਸਿਜ਼ ਵਾਈਲਡ' 'ਚ ਬੇਅਰ ਗ੍ਰਿਲਜ਼ ਨਾਲ ਕੀਤੇ ਗਏ ਐਪੀਸੋਡ ਨੇ ਖਾਸ ਰਿਕਾਰਡ ਕਾਇਮ ਕਰ ਲਿਆ ਹੈ। ਇਸ ਐਪੀਸੋਡ ਨੂੰ 36,90,000 ਇਮਪ੍ਰੈਸ਼ਨਜ਼ ਮਿਲੇ ਹਨ। ਇਹ ਇਕ ਮੀਟ੍ਰਿਕ ਹੈ, ਜਿਸ ਦਾ ਮਤਲਬ ਹੈ ਕਿ ਕਿੰਨੇ ਦਰਸ਼ਕਾਂ ਨੇ ਟੀ. ਵੀ. ਪ੍ਰੋਗਰਾਮ ਦੇਖਿਆ ਅਤੇ ਉਸ ਨੂੰ ਦੇਖਣ 'ਚ ਸਮਾਂ ਬਤੀਤ ਕੀਤਾ। ਮੋਦੀ ਦੇ ਇਸ ਵਿਸ਼ੇਸ਼ ਐਪੀਸੋਡ ਨੂੰ ਗ੍ਰਿਲਜ਼ ਨਾਲ 'ਜਿਮ ਕਾਰਬੇਟ' ਨੈਸ਼ਨਲ ਪਾਰਕ 'ਚ ਸ਼ੂਟ ਕੀਤਾ ਗਿਆ ਸੀ। ਬੇਅਰ ਗ੍ਰਿਲਜ਼ ਆਪਣੇ ਪ੍ਰੋਗਰਾਮ 'ਚ ਦੱਸਦੇ ਹਨ ਕਿ ਜੇ ਤੁਸੀਂ ਕਿਸੇ ਭਿਆਨਕ ਥਾਂ ਫਸ ਜਾਓ ਤਾਂ ਅਜਿਹੀ ਹਾਲਾਤਾਂ 'ਚ ਜਿਊਂਦੇ ਕਿਵੇਂ ਰਹਿਣਾ ਹੈ। ਇਹ ਪ੍ਰੋਗਰਾਮ ਡਿਸਕਵਰੀ ਚੈਨਲ 'ਤੇ 12 ਅਗਸਤ ਨੂੰ ਰਾਤ 9 ਵਜੇ ਪ੍ਰਸਾਰਿਤ ਕੀਤਾ ਗਿਆ ਸੀ।

ਦੱਸ ਦਈਏ ਕਿ ਚੈਨਲ ਨੇ ਇਕ ਬਿਆਨ 'ਚ ਬ੍ਰੌਡਕਾਸਟ ਆਡੀਅੰਸ ਰਿਸਰਚ ਕੌਂਸਲ (ਬੀ. ਏ. ਆਰ. ਸੀ) ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 'ਇਸ ਐਪੀਸੋਡ ਨੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਪ੍ਰੋਗਰਾਮ ਦਾ ਰਿਕਾਰਡ ਕਾਇਮ ਕਰ ਲਿਆ ਹੈ। ਲਗਪਗ 61 ਲੱਖ ਲੋਕਾਂ ਨੇ ਇਸ ਪ੍ਰੋਗਰਾਮ ਨੂੰ ਦੇਖਣ ਲਈ ਡਿਸਕਵਰੀ ਚੈਨਲ ਲਾਇਆ, ਜੋ ਪਿਛਲੇ ਚਾਰ ਹਫਤਿਆਂ 'ਚ ਸ਼ਹਿਰੀ ਬਾਜ਼ਾਰ 'ਚ ਰਾਤ 9-10 ਵਜੇ ਦੇ ਨਿਰਧਾਰਤ ਸਮੇਂ ਦੇ ਪ੍ਰੋਗਰਾਮ ਦੇ ਔਸਤ ਤੋਂ 15 ਗੁਣਾ ਵੱਧ ਹੈ।' ਚੈਨਲ ਨੇ ਕਿਹਾ, 'ਡਿਸਕਵਰੀ ਚੈਨਲ ਸਟਾਰ ਪਲੱਸ (36.7 ਲੱਖ ਇਮਪ੍ਰੈਸ਼ਨਜ਼) ਤੇ ਜ਼ੀ (33 ਲੱਖ ਇਮਪ੍ਰੈਸ਼ਨਜ਼) ਤੋਂ ਬਾਅਦ 30.5 ਲੱਖ ਇਮਪ੍ਰੈਸ਼ਨਜ਼ ਨਾਲ ਤੀਜੇ ਨੰਬਰ 'ਤੇ ਰਿਹਾ। ਪ੍ਰੋਗਰਾਮ ਦੀ ਬੇਮਿਸਾਲ ਸਫਲਤਾ ਦੇ ਮੱਦੇਨਜ਼ਰ, ਚੈਨਲ ਨੇ 'ਕੁਝ' ਰਕਮ ਭਾਰਤ 'ਚ ਬਾਘ ਸੁਰੱਖਿਆ ਲਈ ਦਾਨ ਦੇਣ ਦਾ ਸੰਕਲਪ ਕੀਤਾ ਹੈ।


Edited By

Sunita

Sunita is news editor at Jagbani

Read More