ਵੱਡੇ ਪੱਧਰ 'ਤੇ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ਫਿਲਮ 'ਮੰਜੇ ਬਿਸਤਰੇ 2'

Friday, April 12, 2019 11:14 AM
ਵੱਡੇ ਪੱਧਰ 'ਤੇ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ਫਿਲਮ 'ਮੰਜੇ ਬਿਸਤਰੇ 2'

ਜਲੰਧਰ (ਬਿਊਰੋ) : ਗਿੱਪੀ ਗਰੇਵਾਲ ਤੇ ਸਿਮੀ ਚਾਹਲ ਦੀ ਫਿਲਮ 'ਮੰਜੇ ਬਿਸਤਰੇ 2' ਦੁਨੀਆ ਭਰ 'ਚ ਅੱਜ ਰਿਲੀਜ਼ ਹੋ ਚੁੱਕੀ ਹੈ। ਦੱਸ ਦਈਏ ਕਿ 'ਮੰਜੇ ਬਿਸਤਰੇ 2' ਸਾਲ 2017 'ਚ ਆਈ ਬਹੁ ਚਰਚਿਤ ਫਿਲਮ 'ਮੰਜੇ ਬਿਸਤਰੇ' ਦਾ ਸੀਕਵਲ ਹੈ। ਇਸ ਫਿਲਮ ਨੇ ਪੰਜਾਬੀ ਸਿਨੇਮੇ 'ਚ ਵਿਆਹਾਂ ਵਾਲੀਆਂ ਫਿਲਮਾਂ ਦਾ ਇਕ ਨਵਾਂ ਦੌਰ ਵੀ ਸ਼ੁਰੂ ਕੀਤਾ ਸੀ। ਗਿੱਪੀ ਗਰੇਵਾਲ ਵੱਲੋਂ ਆਪਣੇ ਘਰੇਲੂ ਬੈਨਰ 'ਹੰਬਲ ਮੌਸ਼ਨ ਪਿਕਚਰਸ' ਦੇ ਬੈਨਰ ਹੇਠ ਬਣਾਈ ਗਈ ਇਸ ਫਿਲਮ ਨੂੰ ਬਲਜੀਤ ਸਿੰਘ ਦਿਓ ਨੇ ਨਿਰਦੇਸ਼ਤ ਕੀਤਾ ਅਤੇ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹਨ।

ਭਾਰਤ ਅਤੇ ਪੰਜਾਬ 'ਚ ਬੇਸ਼ੱਕ ਇਹ ਫਿਲਮ ਅੱਜ ਰਿਲੀਜ਼ ਹੋਈ ਹੈ ਪਰ ਵਿਦੇਸ਼ਾਂ ਦੇ ਕਈ ਮੁਲਕਾਂ 'ਚ ਇਹ ਫਿਲਮ ਕੱਲ ਯਾਨੀ 11 ਅਪ੍ਰੈਲ ਨੂੰ ਰਿਲੀਜ਼ ਹੋ ਚੁੱਕੀ ਹੈ। ਵਿਦੇਸ਼ਾਂ 'ਚ ਰਿਲੀਜ਼ ਹੋਈ ਇਸ ਫਿਲਮ ਨੂੰ ਦਰਸ਼ਕਾਂ ਵਲੋਂ ਵੱਡਾ ਹੁੰਗਾਰਾ ਮਿਲਿਆ ਹੈ। ਕਾਮੇਡੀ ਭਰਪੂਰ ਇਸ ਫਿਲਮ ਨੂੰ ਦੇਖ ਕੇ ਦਰਸ਼ਕਾਂ ਨੇ ਆਪਣਾ ਖੂਬ ਮਨੋਰੰਜਨ ਕੀਤਾ। ਇਹ ਫਿਲਮ ਭਾਰਤ 'ਚ 362 ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਹੈ, ਜਿਸ ਦੇ ਰੋਜ਼ਾਨਾ 1700 ਸ਼ੋਅ ਹਨ। ਇਸ ਫਿਲਮ 'ਚ ਗਿੱਪੀ ਗਰੇਵਾਲ ਤੇ ਸਿਮੀ ਚਾਹਲ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐਨ. ਸ਼ਰਮਾ, ਸਰਦਾਰ ਸੋਹੀ, ਰਘਵੀਰ ਬੋਲੀ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਗੁਰਪ੍ਰੀਤ ਭੰਗੂ, ਹੌਬੀ ਧਾਲੀਵਾਲ, ਹਾਰਬੀ ਸੰਘਾ, ਬਨਿੰਦਰ ਬਨੀ, ਜੱਗੀ ਸਿੰਘ ਅਤੇ ਦਵਿੰਦਰ ਦਮਨ ਮੁੱਖ ਭੂਮਿਕਾ 'ਚ ਹਨ।

ਦੱਸਣਯੋਗ ਹੈ ਕਿ 'ਮੰਜੇ ਬਿਸਤਰੇ 2' ਫਿਲਮ ਕੈਨੇਡਾ 'ਚ ਬਣਾਈ ਗਈ ਹੈ ਪਰ 'ਮੰਜੇ ਬਿਸਤਰੇ' ਕੈਨੇਡਾ 'ਚ ਵੀ ਇੱਕਠੇ ਹੋਏ ਪਰ ਕਿਵੇਂ? ਇਹ ਫਿਲਮ ਦਾ ਅਹਿਮ ਪਹਿਲੂ ਰਿਹਾ ਹੈ। ਕਾਮੇਡੀ ਰੋਮਾਂਸ ਤੇ ਪਰਿਵਾਰਕ ਡਰਾਮੇ ਦਾ ਸੁਮੇਲ ਇਸ ਫਿਲਮ 'ਚ ਗਿੱਪੀ ਗਰੇਵਾਲ ਅਤੇ ਸਿਮੀ ਚਾਹਲ ਦੀ ਜੋੜੀ ਪਹਿਲੀ ਵਾਰ ਨਜ਼ਰ ਆਵੇਗੀ। ਫਿਲਮ 'ਚ ਦਰਸ਼ਕਾਂ ਨੂੰ ਇਕ ਖੂਬਸੂਰਤ ਪ੍ਰੇਮ ਕਹਾਣੀ ਵੀ ਦੇਖਣ ਨੂੰ ਮਿਲੇਗੀ।


Edited By

Sunita

Sunita is news editor at Jagbani

Read More