ਵਿਦੇਸ਼ਾਂ ''ਚ ਰਹਿੰਦੇ ਪੰਜਾਬੀਆਂ ਦੇ ਆਪਣੇ ਵਿਰਸੇ ਪ੍ਰਤੀ ਮੋਹ ਨੂੰ ਦਰਸਾਏਗੀ ''ਮੰਜੇ ਬਿਸਤਰੇ 2''

4/11/2019 1:56:10 PM

ਪੰਜਾਬੀ ਫਿਲਮ 'ਮੰਜੇ ਬਿਸਤਰੇ 2' 12 ਅਪ੍ਰੈਲ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਫਿਲਮ 'ਚ ਗਿੱਪੀ ਗਰੇਵਾਲ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ ਤੇ ਹੋਬੀ ਧਾਲੀਵਾਲ ਤੋਂ ਇਲਾਵਾ ਕਈ ਮਸ਼ਹੂਰ ਸਿਤਾਰੇ ਨਜ਼ਰ ਆਉਣ ਵਾਲੇ ਹਨ। ਫਿਲਮ ਨੂੰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ ਹੈ ਤੇ ਨਾਲ ਹੀ ਉਹ ਫਿਲਮ ਦੇ ਪ੍ਰੋਡਿਊਸਰ ਵੀ ਹਨ। ਫਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ 'ਚ 'ਜਗ ਬਾਣੀ' ਦੀ ਐਂਕਰ ਨੇਹਾ ਮਨਹਾਸ ਨੇ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—

ਸਵਾਲ : 'ਮੰਜੇ ਬਿਸਤਰੇ 2' ਬਣਾਉਣ ਦਾ ਆਇਡੀਆ ਕਦੋਂ ਆਇਆ ਸੀ?
ਗਿੱਪੀ ਗਰੇਵਾਲ : ਮੈਂ ਅਮਰੀਕਾ 'ਚ ਇਕ ਵਿਆਹ ਅਟੈਂਡ ਕੀਤਾ ਸੀ। ਉਨ੍ਹਾਂ ਨੇ ਉਥੇ ਪੰਜਾਬ ਵਾਂਗ ਹੀ ਵਿਆਹ ਕੀਤਾ ਤੇ ਸੱਭਿਆਚਾਰ ਨੂੰ ਦਿਖਾਇਆ। ਅਸੀਂ ਪੰਜਾਬ 'ਚ ਇਹ ਸਭ ਭੁੱਲਦੇ ਜਾ ਰਹੇ ਹਾਂ। ਉਸ ਵਿਆਹ ਤੋਂ ਬਾਅਦ ਮੈਨੂੰ ਆਇਡੀਆ ਆਇਆ ਕਿ ਕਿਉਂ ਨਾ ਬਾਹਰਲੇ ਪੰਜਾਬੀ ਪਰਿਵਾਰ ਦੇ ਵਿਆਹ ਨੂੰ ਦਿਖਾਇਆ ਜਾਵੇ, ਜਿਨ੍ਹਾਂ ਦਾ ਆਪਣੇ ਸੱਭਿਆਚਾਰ ਤੇ ਵਿਰਸੇ ਨਾਲ ਕਿੰਨਾ ਮੋਹ ਜੁੜਿਆ ਹੋਇਆ ਹੈ।

ਸਵਾਲ : ਜਦੋਂ ਤੁਸੀਂ ਸੁਣਿਆ ਕਿ ਇਸ ਵਾਰ 'ਮੰਜੇ ਬਿਸਤਰੇ' ਬਾਹਰ ਇਕੱਠੇ ਹੋਣਗੇ ਤਾਂ ਕਿੰਨੇ ਕੁ ਉਤਸ਼ਾਹਿਤ ਸੀ?
ਗੁਰਪ੍ਰੀਤ ਘੁੱਗੀ : ਜਦੋਂ ਗਿੱਪੀ ਗੱਲ ਕਰ ਦਿੰਦਾ ਹੈ ਤਾਂ ਉਤਸ਼ਾਹ ਉਂਝ ਹੀ ਵੱਧ ਜਾਂਦਾ ਹੈ। ਇਹ ਨਹੀਂ ਕਿ ਸਬਜੈਕਟ ਚੰਗਾ ਹੈ ਜਾਂ ਮਾੜਾ। ਅਸਲ 'ਚ ਗਿੱਪੀ ਦੀ ਆਪਣੀ ਪਸੰਦ ਬਹੁਤ ਵਧੀਆ ਹੈ। ਉਸ ਕੋਲ ਜੋ ਵੀ ਪ੍ਰਾਜੈਕਟ ਆਉਂਦਾ ਹੈ, ਉਹ ਤਿਆਰ ਹੋ ਕੇ ਛਾਣ ਕੇ ਹੀ ਆਉਂਦਾ ਹੈ, ਇਸ ਲਈ ਕਦੇ ਸੁਣਨ ਦੀ ਵੀ ਲੋੜ ਨਹੀਂ ਪੈਂਦੀ। ਮੈਂ ਉਤਸ਼ਾਹਿਤ ਇਸ ਵਾਰ ਇਸ ਲਈ ਸੀ ਕਿਉਂਕਿ ਪਿਛਲੀ ਫਿਲਮ 'ਮੰਜੇ ਬਿਸਤਰੇ 1' ਨੂੰ ਮੈਂ ਸਿਰਫ ਇਕ ਦਿਨ ਹੀ ਸ਼ੂਟ ਲਈ ਦੇ ਸਕਿਆ ਸੀ। ਇਸ ਵਾਰ ਮੈਂ ਪੂਰਾ ਸਮਾਂ ਫਿਲਮ ਨੂੰ ਦਿੱਤਾ ਹੈ।

ਸਵਾਲ : ਕੀ ਨਵੀਂ ਫਿਲਮ ਦੀ ਰਿਲੀਜ਼ 'ਤੇ ਅੱਜ ਵੀ ਤੁਹਾਨੂੰ ਘਬਰਾਹਟ ਹੁੰਦੀ ਹੈ?
ਗਿੱਪੀ ਗਰੇਵਾਲ : ਗੱਲ ਸਿਰਫ ਘਬਰਾਹਟ ਦੀ ਨਹੀਂ ਹੁੰਦੀ। ਕੁਝ ਫਿਲਮਾਂ ਫਿਲਮ ਇੰਡਸਟਰੀ ਦੇ ਨਾਲ-ਨਾਲ ਦਰਸ਼ਕਾਂ ਲਈ ਵੀ ਵੱਡੀਆਂ ਹੁੰਦੀਆਂ ਹਨ। ਸਾਡੀ ਤਰਜੀਹ ਇਸ ਗੱਲ 'ਤੇ ਹੁੰਦੀ ਹੈ ਕਿ ਅਸੀਂ ਉਨ੍ਹਾਂ ਦੀਆਂ ਉਮੀਦਾਂ 'ਤੇ ਖਰੇ ਉਤਰ ਸਕੀਏ।
ਗੁਰਪ੍ਰੀਤ ਘੁੱਗੀ : ਸਾਡੀ ਪਹਿਲੀ ਤਰਜੀਹ ਇਸ ਗੱਲ 'ਤੇ ਹੁੰਦੀ ਹੈ ਕਿ ਜੋ ਵੀ ਅਸੀਂ ਕਰੀਏ, ਉਸ ਨੂੰ ਲੋਕ ਪਸੰਦ ਕਰਨ। ਵਪਾਰ ਫਿਲਮ ਘੱਟ ਗਈ ਜਾਂ ਵੱਧ ਕਰ ਗਈ, ਇਹ ਤਾਂ ਬਾਅਦ ਦੀ ਗੱਲ ਹੈ। ਪ੍ਰੋਡਿਊਸਰ ਲਈ ਇਹ ਚੀਜ਼ਾਂ ਮਾਇਨੇ ਰੱਖਦੀਆਂ ਹਨ ਪਰ ਸਾਡੇ ਲਈ ਪਹਿਲੀ ਚੀਜ਼ ਸ਼ਾਬਾਸ਼ੀ ਹੈ।

ਸਵਾਲ : ਕੈਨੇਡਾ 'ਚ ਮੰਜੇ ਬਿਸਤਰੇ ਤੇ ਟਰੈਕਟਰ-ਟਰਾਲੀਆਂ ਕਿਵੇਂ ਲੱਭੀਆਂ?
ਗਿੱਪੀ ਗਰੇਵਾਲ : ਜਦੋਂ ਫਿਲਮ ਬਣਾਉਣੀ ਸੀ ਤਾਂ ਅਸੀਂ ਇਹ ਸੋਚਿਆ ਸੀ ਕਿ ਪੰਜਾਬ ਤੋਂ ਕੈਨੇਡਾ ਮੰਜੇ ਬਿਸਤਰੇ ਲੈ ਕੇ ਜਾਵਾਂਗੇ ਪਰ ਉਥੇ ਹਰੇਕ ਦੂਜੇ ਘਰ 'ਚ ਮੰਜੇ ਬਿਸਤਰੇ ਸਨ। ਲੋਕ ਪੰਜਾਬ ਤੋਂ ਬਹੁਤ ਮੰਜੇ ਬਿਸਤਰੇ ਬਾਹਰ ਲੈ ਕੇ ਗਏ ਹਨ।
ਗੁਰਪ੍ਰੀਤ ਘੁੱਗੀ : ਅਸੀਂ ਸੋਚਿਆ ਨਹੀਂ ਸੀ ਕਿ ਕੈਨੇਡਾ 'ਚ ਮੰਜੇ ਬਿਸਤਰੇ ਮਿਲਣਗੇ। ਫਿਰ ਅਸੀਂ ਰੇਕੀ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਉਥੇ ਇਕ ਘੰਟੇ ਅੰਦਰ 55 ਮੰਜੇ ਇਕੱਠੇ ਹੋ ਜਾਣਗੇ। ਲੋਕ ਸਾਨੂੰ ਇਹ ਕਹਿੰਦੇ ਸਨ ਕਿ ਸਾਡੇ ਘਰੋਂ ਵੀ ਮੰਜਾ ਲੈ ਕੇ ਜਾਓ। ਮੰਜੇ ਬਿਸਤਰੇ ਤੋਂ ਇਲਾਵਾ ਲੋਕਾਂ ਨੇ ਉਥੇ ਟਰੈਕਟਰ-ਟਰਾਲੀਆਂ ਵੀ ਰੱਖੀਆਂ ਹੋਈਆਂ ਹਨ।

ਸਵਾਲ : ਪੁਰਾਣੇ ਸਮੇਂ ਦੇ ਵਿਆਹਾਂ ਨੂੰ ਕਿੰਨਾ ਕੁ ਯਾਦ ਕਰਦੇ ਹੋ?
ਗਿੱਪੀ ਗਰੇਵਾਲ : ਮੈਨੂੰ ਲੱਗਦਾ ਹੈ ਕਿ ਸਾਰੇ ਹੀ ਮਿਸ ਕਰਦੇ ਹਨ, ਕਿਹੜਾ ਅਜਿਹਾ ਪੰਜਾਬੀ ਹੈ ਜੋ ਪੁਰਾਣੇ ਸਮੇਂ ਨੂੰ ਯਾਦ ਨਹੀਂ ਕਰਦਾ। 'ਮੰਜੇ ਬਿਸਤਰੇ 1' ਲਈ ਮੈਨੂੰ ਵਿਦੇਸ਼ਾਂ 'ਚ ਰਹਿੰਦੇ ਲੋਕ ਇਹ ਕਹਿੰਦੇ ਸਨ ਕਿ ਤੁਹਾਡੀ ਫਿਲਮ ਨੇ ਸ਼ੁਰੂ ਤੋਂ ਲੈ ਕੇ ਅਖੀਰ ਤਕ ਹਸਾਇਆ ਪਰ ਤਾਂ ਵੀ ਅਸੀਂ ਕਿਤੇ-ਕਿਤੇ ਰੋ ਪਏ ਕਿਉਂਕਿ ਸਾਨੂੰ ਪੁਰਾਣਾ ਸਮਾਂ ਯਾਦ ਆਉਂਦਾ ਹੈ।

ਸਵਾਲ : ਫਿਲਮ 'ਚ ਕਿਹੜਾ ਕਿਰਦਾਰ ਨਿਭਾਅ ਰਹੇ ਹੋ?
ਗੁਰਪ੍ਰੀਤ ਘੁੱਗੀ : 'ਮੰਜੇ ਬਿਸਤਰੇ 1' 'ਚ ਮੈਂ ਡੈਡੀ ਦਾ ਕਿਰਦਾਰ ਨਿਭਾਇਆ ਸੀ ਤੇ ਇਸ ਵਾਰ ਮੈਂ ਮਾਮਾ ਬਣ ਗਿਆ ਹਾਂ। ਬਹੁਤ ਪਾਜ਼ੇਟਿਵ ਕਿਰਦਾਰ, ਜੋ ਭਾਣਜੇ ਨੂੰ ਪਿਆਰ ਕਰਦਾ ਹੈ। ਜਿਥੇ-ਜਿਥੇ ਦਾਅ ਲੱਗਦਾ ਹੈ, ਉਥੇ ਹਸਾਉਂਦਾ ਵੀ ਹੈ। ਉਂਝ ਭਾਵੇਂ ਜਿਵੇਂ ਮਰਜ਼ੀ ਹੈ ਪਰ ਅਜੇ ਕਾਗਜ਼ ਨਹੀਂ ਬਣੇ, ਮਤਲਬ ਕੈਨੇਡਾ 'ਚ ਮਾਮਾ ਕੱਚਾ ਹੈ।

ਸਵਾਲ : ਬਾਹਰ ਸ਼ੂਟ ਕਰਨ ਸਮੇਂ ਮੁਸ਼ਕਿਲਾਂ ਵੀ ਆਈਆਂ ਜਾਂ ਨਹੀਂ?
ਗਿੱਪੀ ਗਰੇਵਾਲ : ਅਸੀਂ ਇਹ ਸੋਚ ਕੇ ਚੱਲੇ ਸੀ ਕਿ ਮੁਸ਼ਕਿਲਾਂ ਦਾ ਸਾਹਮਣਾ ਤਾਂ ਕਰਨਾ ਪਵੇਗਾ ਪਰ ਉਥੇ ਜਾ ਕੇ ਸਾਨੂੰ ਇਹ ਨਹੀਂ ਪਤਾ ਸੀ ਕਿ ਇੰਨੇ ਮੰਜੇ ਬਿਸਤਰੇ ਇਕੱਠੇ ਹੋ ਜਾਣਗੇ ਤੇ ਟਰੈਕਟਰ-ਟਰਾਲੀਆਂ ਮਿਲ ਜਾਣਗੀਆਂ। ਬਹੁਤ ਸਾਰੀਆਂ ਸੜਕਾਂ ਅਜਿਹੀਆਂ ਸਨ ਜਿਥੇ ਮੈਂ ਟਰੈਕਟਰ-ਟਰਾਲੀ ਲੈ ਕੇ ਜਾਣੀ ਸੀ ਪਰ ਉਸ ਜਗ੍ਹਾ 'ਤੇ ਸ਼ੂਟ ਕਰਨ ਦੀ ਇਜਾਜ਼ਤ ਨਹੀਂ ਮਿਲੀ। ਉਨ੍ਹਾਂ ਥਾਵਾਂ 'ਤੇ ਸ਼ੂਟ ਦੀ ਇਜਾਜ਼ਤ ਲਈ ਗਈ।

ਸਵਾਲ : ਜੱਜਮੈਂਟ ਕਿਵੇਂ ਕਰਦੇ ਹੋ ਕਿ ਲੋਕਾਂ ਨੂੰ ਕਿਹੜਾ ਕੰਸੈਪਟ ਪਸੰਦ ਆਵੇਗਾ?
ਗਿੱਪੀ ਗਰੇਵਾਲ : ਹਿੱਟ ਦਾ ਕੋਈ ਫਾਰਮੂਲਾ ਨਹੀਂ ਹੈ ਪਰ ਜਦੋਂ ਤੁਸੀਂ ਫਿਲਮ ਬਣਾਉਂਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਉਸ 'ਚ ਹਸਾਉਣ 'ਚ ਕਾਮਯਾਬ ਹੋ ਜਾਓਗੇ। ਇਹ ਨਹੀਂ ਹੁੰਦਾ ਕਿ ਅਸੀਂ ਪਹਿਲਾਂ ਹੀ ਸੋਚ ਕੇ ਚੱਲੀਏ ਕਿ ਅਸੀਂ 100 ਫੀਸਦੀ ਇਕ ਸੁਪਰਹਿੱਟ ਫਿਲਮ ਬਣਾਉਣੀ ਹੈ। ਫਿਲਮ ਬਣਨ ਤੋਂ ਬਾਅਦ ਸਾਨੂੰ ਅੰਦਾਜ਼ਾ ਲੱਗ ਜਾਂਦਾ ਹੈ ਕਿ ਫਿਲਮ ਠੀਕ ਬਣ ਗਈ ਹੈ।

'ਮੰਜੇ ਬਿਸਤਰੇ 2 ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਸਾਰਿਆਂ ਲਈ ਦੇਖਣ ਵਾਲੀ ਫਿਲਮ ਹੈ ਤੇ ਸਭ ਤੋਂ ਜ਼ਰੂਰੀ ਗੱਲ ਸਾਰਿਆਂ ਲਈ ਇਕੱਠੇ ਬੈਠ ਕੇ ਦੇਖਣ ਵਾਲੀ ਫਿਲਮ ਹੈ। ਤੁਸੀਂ ਇਹ ਨਹੀਂ ਸੋਚਣਾ ਕਿ ਜਦੋਂ ਨੈੱਟ 'ਤੇ ਫਿਲਮ ਆਵੇਗੀ, ਉਦੋਂ ਦੇਖ ਲਵਾਂਗੇ। ਸਾਡਾ ਇਖਲਾਕੀ ਫਰਜ਼ ਵੀ ਬਣਦਾ ਹੈ ਕਿ ਤੁਸੀਂ ਫਿਲਮ ਸਿਲਵਰ ਸਕ੍ਰੀਨ 'ਤੇ ਦੇਖੋ। ਚੰਗੇ ਬਜਟ ਨਾਲ ਬੜੀ ਮਿਹਨਤ ਨਾਲ ਇਹ ਬਣਾਈ ਹੈ।' —ਗੁਰਪ੍ਰੀਤ ਘੁੱਗੀ

'ਮੰਜੇ ਬਿਸਤਰੇ 2 ਤੁਹਾਡੇ ਲਈ ਬਣਾਈ ਤੁਹਾਡੀ ਆਪਣੀ ਫਿਲਮ ਹੈ। ਚੰਗੀਆਂ ਫਿਲਮਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹੀ ਤਾਂ ਦੋ-ਚਾਰ ਫਿਲਮਾਂ ਹੁੰਦੀਆਂ ਹਨ, ਜੋ ਵੱਡੀਆਂ ਬਣਦੀਆਂ ਹਨ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਨ੍ਹਾਂ ਨੂੰ ਹੋਰ ਵੱਡਾ ਬਣਾਇਆ ਜਾਵੇ ਤੇ ਜੋ ਲੈਵਲ ਅਸੀਂ ਸੈੱਟ ਕੀਤਾ ਹੈ, ਉਸ ਤੋਂ ਉੱਪਰ ਜਾਈਏ ਪਰ ਇਹ ਤੁਹਾਡੀ ਸੁਪੋਰਟ ਤੇ ਪਿਆਰ ਨਾਲ ਹੀ ਸੰਭਵ ਹੈ। 12 ਅਪ੍ਰੈਲ ਨੂੰ ਤੁਹਾਨੂੰ ਸਿਨੇਮਾਘਰਾਂ 'ਚ ਮਿਲਾਂਗੇ ਤੇ ਵਿਸਾਖੀ 'ਤੇ ਫਿਰ ਇਕੱਠੇ ਕਰਾਂਗੇ ਮੰਜੇ ਬਿਸਤਰੇ।' —ਗਿੱਪੀ ਗਰੇਵਾਲਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News