''ਮੰਜੇ ਬਿਸਤਰੇ 2'' ਦਾ ਨਵਾਂ ਗੀਤ ਰਿਲੀਜ਼, ਗਿੱਪੀ ਨੇ ਸਿਮੀ ਚਾਹਲ ਨਾਲ ਪਾਇਆ ਭੰਗੜਾ

Monday, March 11, 2019 11:45 AM
''ਮੰਜੇ ਬਿਸਤਰੇ 2'' ਦਾ ਨਵਾਂ ਗੀਤ ਰਿਲੀਜ਼, ਗਿੱਪੀ ਨੇ ਸਿਮੀ ਚਾਹਲ ਨਾਲ ਪਾਇਆ ਭੰਗੜਾ

ਜਲੰਧਰ (ਬਿਊਰੋ) : ਵੱਖ-ਵੱਖ ਫਿਲਮਾਂ 'ਚ ਅਦਾਕਾਰੀ ਤੇ ਪੰਜਾਬੀ ਗੀਤਾਂ ਨਾਲ ਲੋਕਾਂ ਦੇ ਦਿਲ ਟੁੰਬਣ ਵਾਲੇ ਨਾਮੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ 'ਮੰਜੇ ਬਿਸਤਰੇ 2' ਦਾ ਨਵਾਂ ਗੀਤ 'ਕਰੰਟ' ਰਿਲੀਜ਼ ਹੋ ਗਿਆ ਹੈ। ਉਨ੍ਹਾਂ ਦੇ ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਦੱਸ ਦਈਏ ਕਿ 'ਕਰੰਟ' ਗੀਤ ਨੂੰ ਗਿੱਪੀ ਗਰੇਵਾਲ ਨੇ ਖੁਦ ਗਾਇਆ ਹੈ, ਜਿਸ 'ਚ ਉਨ੍ਹਾਂ ਦਾ ਸਾਥ ਸੁਦੇਸ਼ ਕੁਮਾਰੀ ਨੇ ਦਿੱਤਾ ਹੈ। ਗੀਤ ਦਾ ਮਿਊਜ਼ਿਕ ਜੱਸ ਕਟਿਆਲ ਵਲੋਂ ਦਿੱਤਾ ਗਿਆ ਹੈ, ਜਿਸ ਨੂੰ ਨਾਮੀ ਗੀਤਕਾਰ ਹੈਪੀ ਰਾਏਕੋਟੀ ਦੀ ਕਲਮ ਨੇ ਸ਼ਿੰਗਾਰਿਆ ਹੈ। ਦੱਸ ਦਈਏ ਕਿ 'ਕਰੰਟ' ਗੀਤ ਅਦਾਕਾਰਾ ਸਿਮੀ ਚਾਹਲ 'ਤੇ ਫਿਲਮਾਇਆ ਗਿਆ ਹੈ। 'ਕਰੰਟ' ਗੀਤ ਬੀਟ ਸੌਂਗ ਹੈ, ਜਿਸ ਦੀ ਵੀਡੀਓ 'ਚ ਗਿੱਪੀ ਗਰੇਵਾਲ ਤੇ ਸਿਮੀ ਚਾਹਲ ਨੱਚਦੇ ਨਜ਼ਰ ਆ ਰਹੇ ਹਨ। 


ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਤੇ ਸਿਮੀ ਚਾਹਲ ਦੀ ਫਿਲਮ 'ਮੰਜੇ ਬਿਸਤਰੇ 2' 12 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਇਸ ਫਿਲਮ 'ਚ ਗਿੱਪੀ ਤੇ ਸਿਮੀ ਤੋਂ ਇਲਾਵਾ ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਹੌਬੀ ਧਾਲੀਵਾਲ ਵਰਗੇ ਨਾਮੀ ਕਲਾਕਾਰਾਂ ਦੀ ਅਦਾਕਾਰੀ ਦੇਖਣ ਨੂੰ ਮਿਲੇਗੀ। ਦੱਸ ਦਈਏ ਕਿ 'ਮੰਜੇ ਬਿਸਤਰੇ 2' ਹੰਬਲ ਮੋਸ਼ਨ ਪਿਕਰਚਸ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਹੈ।


Edited By

Sunita

Sunita is news editor at Jagbani

Read More