ਇਕ ਸਾਇਕਲੋਜਿਸਟ ਥ੍ਰਿਲਰ ਫਿਲਮ ''ਗਲੀ ਗੁਲੀਆਂ''

Tuesday, September 4, 2018 9:16 AM
ਇਕ ਸਾਇਕਲੋਜਿਸਟ ਥ੍ਰਿਲਰ ਫਿਲਮ ''ਗਲੀ ਗੁਲੀਆਂ''

ਮੇਰੇ ਕਰੀਅਰ ਦੀ ਸਭ ਤੋਂ ਮੁਸ਼ਕਲ ਫਿਲਮ : ਮਨੋਜ ਵਾਜਪਾਈ : ਫਿਲਮਾਂ ਤੁਹਾਨੂੰ ਹਸਾਉਂਦੀਆਂ ਹਨ, ਰੁਆਉਂਦੀਆਂ ਹਨ ਤੇ ਡਰਾਉਂਦੀਆਂ ਵੀ ਹਨ ਪਰ ਅਜਿਹੀਆਂ ਫਿਲਮਾਂ, ਜੋ ਤੁਹਾਨੂੰ ਰੂਹ ਤੱਕ ਹਿਲਾ ਕੇ ਰੱਖ ਦੇਣ, ਬਹੁਤ ਘੱਟ ਹੁੰਦੀਆਂ ਹਨ। ਅਸੀਂ ਗੱਲ ਕਰ ਰਹੇ ਹਾਂ ਮਨੋਜ ਵਾਜਪਾਈ ਦੀ ਫਿਲਮ 'ਗਲੀ ਗੁਲੀਆਂ' ਦੀ। ਇਹ ਇਕ ਸਾਇਕਲੋਜਿਸਟ ਥ੍ਰਿਲਰ ਫਿਲਮ ਹੈ। ਇਹ ਫਿਲਮ 23 ਤੋਂ ਵੀ ਜ਼ਿਆਦਾ ਕੌਮਾਂਤਰੀ ਫਿਲਮ ਉਤਸਵ 'ਚ ਪਛਾਣ ਬਣਾ ਚੁੱਕੀ ਹੈ ਤੇ ਸਫਲਤਾ ਵੀ ਹਾਸਲ ਕਰ ਚੁੱਕੀ ਹੈ। ਕੌਮਾਂਤਰੀ ਫਿਲਮ ਮਹਾਉਤਸਵ 'ਚ 'ਇਨ ਦਿ ਸ਼ੈਡੋਜ਼' ਦੇ ਨਾਂ ਨਾਲ ਰਿਲੀਜ਼ ਇਹ ਫਿਲਮ ਭਾਰਤ 'ਚ 7 ਸਤੰਬਰ ਨੂੰ ਰਿਲੀਜ਼ ਹੋਵੇਗੀ। ਫਿਲਮ 'ਚ ਇਕ ਚਾਈਲਡ ਆਰਟਿਸਟ ਓਮ ਸਿੰਘ ਵੀ ਹੈ, ਜਿਸ ਦਾ ਐਕਟਿੰਗ ਦਾ ਕੋਈ ਬੈਕਗਰਾਊਂਡ ਨਹੀਂ ਹੈ ਪਰ ਫਿਰ ਵੀ ਓਮ ਨੇ ਫਿਲਮ 'ਚ ਸ਼ਾਨਦਾਰ ਐਕਟਿੰਗ ਕੀਤੀ ਹੈ। ਫਿਲਮ ਦੇ ਲੇਖਕ-ਨਿਰਦੇਸ਼ਕ ਦੀਪੇਸ਼ ਜੈਨ ਤੇ ਮਨੋਜ ਵਾਜਪਾਈ ਨੇ ਵੀ ਬੱਚੇ ਦੀ ਖੂਬ ਸ਼ਲਾਘਾ ਕੀਤੀ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਮਨੋਜ ਵਾਜਪਾਈ ਨਾਲ ਓਮ ਤੇ ਦੀਪੇਸ਼ ਨੇ ਨਵੋਦਿਆ ਟਾਈਮਜ਼/ਜਗ ਬਾਣੀ/ਪੰਜਾਬ ਕੇਸਰੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼:
ਨਹੀਂ ਰਿਹਾ ਹੁਣ ਪਹਿਲਾਂ ਵਾਲਾ ਸੰਘਰਸ਼ : ਦੀਪੇਸ਼ ਜੈਨ
ਅੱਜ ਦੇ ਸਮੇਂ 'ਚ ਜੇ ਕੋਈ ਮੁੰਬਈ ਕੰਮ ਲਈ ਆਉਂਦਾ ਹੈ ਤੇ ਉਸ 'ਚ ਥੋੜ੍ਹਾ ਜਿਹਾ ਵੀ ਟੇਲੈਂਟ ਹੈ ਤਾਂ ਉਹ ਜ਼ਿਆਦਾ ਦਿਨਾਂ ਤੱਕ ਖਾਲੀ ਨਹੀਂ ਬੈਠ ਸਕਦਾ। ਅੱਜ ਇੰਡਸਟਰੀ 'ਚ ਬਹੁਤ ਕੰਮ ਹੈ, ਹੁਣ ਸਿਰਫ ਫਿਲਮਾਂ ਹੀ ਨਹੀਂ ਹੁੰਦੀਆਂ...ਉਸ ਤੋਂ ਇਲਾਵਾ ਵੀ ਸ਼ਾਰਟ ਫਿਲਮਾਂ, ਵੈੱਬ ਸੀਰੀਜ਼ ਵਰਗੀਆਂ ਕਈ ਚੀਜ਼ਾਂ ਹਨ। ਹੁਣ ਪਹਿਲਾਂ ਵਰਗਾ ਸੰਘਰਸ਼ ਨਹੀਂ ਰਿਹਾ, ਕੰਮ ਮਿਲ ਜਾਂਦਾ ਹੈ।
ਸਿਨੇਮਾ ਦੇ ਇਤਿਹਾਸ ਦਾ ਸਭ ਤੋਂ ਔਖਾ ਕਿਰਦਾਰ
ਮੈਂ ਇਸ ਤਰ੍ਹਾਂ ਦੀ ਔਖੀ ਤੇ ਮੁਸ਼ਕਲ ਫਿਲਮ ਨਹੀਂ ਦੇਖੀ ਹੈ ਤੇ ਇਸ ਫਿਲਮ 'ਚ ਜੋ ਕਿਰਦਾਰ ਮੈਂ ਨਿਭਾ ਰਿਹਾ ਹਾਂ, ਮੇਰੇ ਪੂਰੇ ਜੀਵਨ ਤੇ ਭਾਰਤੀ ਸਿਨੇਮਾ ਦੇ ਇਤਿਹਾਸ ਦਾ ਸਭ ਤੋਂ ਔਖਾ ਕਿਰਦਾਰ ਹੈ। ਇਸ ਰੋਲ ਲਈ ਮੈਂ 45 ਦਿਨਾਂ ਤੱਕ ਮਿਹਨਤ ਕੀਤੀ। ਮੈਂ ਅਜਿਹੀ ਡਾਈਟਿੰਗ ਕੀਤੀ, ਜਦ ਸੈੱਟ 'ਤੇ ਪਹੁੰਚਿਆ ਤਾਂ ਸਾਰੇ ਮੈਨੂੰ ਬਦਲਿਆ ਦੇਖ ਕੇ ਹੈਰਾਨ ਹੋ ਗਏ। ਮੈਂ ਕਾਫੀ ਪਤਲਾ ਹੋ ਗਿਆ ਸੀ। ਮੈਂ ਇੰਨੀ ਕਮਜ਼ੋਰੀ ਮਹਿਸੂਸ ਕਰ ਰਿਹਾ ਸੀ ਕਿ ਇਕ ਵਾਰ ਟਰੇਡਮਿਲ 'ਤੇ ਰਨਿੰਗ ਕਰਦੇ-ਕਰਦੇ ਡਿੱਗ ਪਿਆ ਸੀ। ਮੇਰੀ ਪਤਨੀ ਮੈਨੂੰ ਕਹਿਣ ਲੱਗੀ ਸੀ ਕਿ ਮੈਂ ਆਪਣੇ-ਆਪ ਨਾਲ ਗੱਲਾਂ ਕਰਨ ਲੱਗਾ ਹਾਂ ਪਰ ਉਹ ਖੁਦ ਇਕ ਕਲਾਕਾਰ ਹੈ, ਇਸ ਲਈ ਉਹ ਮੇਰੇ ਕੰਮ ਨੂੰ ਸਮਝਦੀ ਹੈ। ਇਹ ਮੇਰੇ ਫਿਲਮੀ ਕਰੀਅਰ ਦੀ ਸਭ ਤੋਂ ਮੁਸ਼ਕਲ ਫਿਲਮ ਸੀ ਤੇ ਇਸ ਫਿਲਮ ਨੂੰ ਕਰਨ 'ਚ ਮੈਂ ਪੂਰੀ ਜਾਨ ਲਾ ਦਿੱਤੀ ਸੀ।
ਕਲੈਕਸ਼ਨ ਲਈ ਨਹੀਂ ਬਣੀ ਇਹ ਫਿਲਮ
ਉਂਝ ਤਾਂ ਫਿਲਮਾਂ ਬਾਕਸ ਆਫਿਸ 'ਤੇ ਕਮਾਈ ਕਰਨ ਲਈ ਬਣਾਈਆਂ ਜਾਂਦੀਆਂ ਹਨ। ਮੇਰੀ ਹਾਲੀਆ ਰਿਲੀਜ਼ ਫਿਲਮ 'ਸਤਿਆਮੇਵ ਜਯਤੇ' 'ਚ ਵੀ ਖੂਬ ਐਂਟਰਟੇਨਮੈਂਟ ਮਸਾਲਾ ਸੀ ਪਰ ਇਹ ਫਿਲਮ ਇਨ੍ਹਾਂ ਫਿਲਮਾਂ ਵਰਗੀ ਨਹੀਂ ਹੈ, ਬਿਲਕੁੱਲ ਵੱਖਰੀ ਫਿਲਮ ਹੈ। ਇਹ ਫਿਲਮ ਕਮਾਈ ਲਈ ਨਹੀਂ ਸਗੋਂ ਇਕ ਕਹਾਣੀ ਦੱਸਣ ਲਈ ਬਣਾਈ ਗਈ ਹੈ।
ਦਿੱਲੀ 6 ਦਾ ਨਾਂ ਆਉਂਦੇ ਸਾਹਮਣੇ ਆਉਂਦਾ ਹੈ ਖਾਣਾ
ਮੇਰੇ ਸਾਹਮਣੇ ਜਿਵੇਂ ਹੀ ਦਿੱਲੀ 6 ਦਾ ਨਾਂ ਆਉਂਦਾ ਹੈ ਤਾਂ ਸਾਹਮਣੇ ਬਿਰਆਨੀ, ਜਲੇਬੀ ਤੇ ਸਮੋਸੇ ਘੁੰਮਣ ਲੱਗਦੇ ਹਨ। ਦਿੱਲੀ 6 ਵਰਗਾ ਖਾਣਾ ਕਿਤੇ ਨਹੀਂ ਮਿਲ ਸਕਦਾ, ਉਥੋਂ ਦੇ ਪਕਵਾਨ ਲਾਜਵਾਬ ਹੁੰਦੇ ਹਨ।
ਪੀ. ਐੱਮ. ਦੇ ਘਰ 'ਚ ਸੀ. ਸੀ. ਟੀ. ਵੀ. ਲਾਉਣੇ ਚਾਹੁੰਦੈ ਮਨੋਜ
ਫਿਲਮ 'ਚ ਮਨੋਜ ਇਕ ਇਲੈਕਟ੍ਰੀਸ਼ੀਅਨ ਦੇ ਕਿਰਦਾਰ 'ਚ ਹੈ, ਜੋ ਸੀ. ਸੀ. ਟੀ. ਵੀ. ਲਾਉਂਦਾ ਹੈ, ਇਸ 'ਤੇ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਜੇ ਉਨ੍ਹਾਂ ਨੂੰ ਅਸਲ ਜ਼ਿੰਦਗੀ 'ਚ ਕਿਸੇ ਦੇ ਘਰ ਸੀ. ਸੀ. ਟੀ. ਵੀ. ਲਾਉਣ ਦਾ ਮੌਕਾ ਮਿਲੇ ਤਾਂ ਉਹ ਕਿਸ ਦੀ ਜਾਸੂਸੀ ਕਰਨਾ ਚਾਹੁਣਗੇ। ਜਵਾਬ 'ਚ ਉਨ੍ਹਾਂ ਨੇ ਹੱਸਦੇ ਹੋਏ ਕਿਹਾ ਕਿ ਕੀ ਮੈਂ ਤੁਹਾਨੂੰ ਇੰਨਾ ਭੈੜਾ ਲੱਗਦਾ ਹਾਂ...ਹਾਂ ਜੇ ਮੈਨੂੰ ਅਜਿਹਾ ਮੌਕਾ ਮਿਲਿਆ ਤਾਂ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਘਰ ਸੀ. ਸੀ. ਟੀ. ਵੀ. ਲਾ ਕੇ ਇਹ ਜਾਣਨਾ ਚਾਹਾਂਗਾ ਕਿ ਉਹ ਆਪਣੀ ਪਰਸਨਲ ਲਾਈਫ 'ਚ ਕਿਵੇਂ ਰਹਿੰਦੇ ਹਨ... ਉਨ੍ਹਾਂ ਦੀ ਰੋਜ਼ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ... ਕਿਵੇਂ ਤੇ ਕਿਸ ਤਰ੍ਹਾਂ ਉਹ ਦੇਸ਼ ਸਬੰਧੀ ਵੱਡੇ-ਵੱਡੇ ਫੈਸਲੇ ਲੈਂਦੇ ਹਨ, ਕੌਣ-ਕੌਣ ਉਨ੍ਹਾਂ ਦੇ ਦੋਸਤ ਹਨ ਤੇ ਜਿਵੇਂ ਅਸੀਂ ਆਪਣੇ ਦੋਸਤਾਂ ਨੂੰ ਗਲੇ ਲੱਗ ਕੇ ਮਿਲਦੇ ਹਾਂ ਕੀ ਉਹ ਵੀ ਆਪਣੇ ਦੋਸਤਾਂ ਨੂੰ ਉਵੇਂ ਹੀ ਮਿਲਦੇ ਹਨ।


Edited By

Sunita

Sunita is news editor at Jagbani

Read More