ਕਹਾਣੀਆਂ ਤੋਂ ਜ਼ਿਆਦਾ ਦਿਲਚਸਪ ਹੈ ''ਮੰਟੋ'' ਦੀ ਜ਼ਿੰਦਗੀ

Friday, September 21, 2018 10:14 AM
ਕਹਾਣੀਆਂ ਤੋਂ ਜ਼ਿਆਦਾ ਦਿਲਚਸਪ ਹੈ ''ਮੰਟੋ'' ਦੀ ਜ਼ਿੰਦਗੀ

ਆਪਣੀਆਂ ਕਹਾਣੀਆਂ ਅਤੇ ਰਚਨਾਵਾਂ ਨਾਲ ਹਮੇਸ਼ਾ ਚਰਚਾ 'ਚ ਰਹੇ ਪਾਕਿਸਤਾਨੀ ਉਰਦੂ ਲੇਖਕ ਸਆਦਤ ਹਸਨ ਮੰਟੋ ਦੀ ਬਾਇਓਪਿਕ 'ਮੰਟੋ' ਅੱਜ ਸਿਨੇਮਾਘਰਾਂ ਵਿਚ ਰਿਲੀਜ਼ ਹੋ ਗਈ ਹੈ। ਇਸ ਵਿਚ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਮੰਟੋ ਦੇ ਕਿਰਦਾਰ ਵਿਚ ਨਜ਼ਰ ਆਵੇਗਾ। ਨੰਦਿਤਾ ਦਾਸ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਨਵਾਜ਼ ਤੋਂ ਇਲਾਵਾ ਰਸਿਕਾ ਦੁੱਗਲ, ਤਾਹਿਰ ਰਾਜ ਭਸੀਨ, ਈਲਾ ਅਰੁਣ, ਰਿਸ਼ੀ ਕਪੂਰ, ਪਰੇਸ਼ ਰਾਵਲ, ਰਣਬੀਰ ਸ਼ੋਰੀ ਅਤੇ ਜਾਵੇਦ ਅਖਤਰ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ। ਫਿਲਮ 'ਚ ਸਾਲ 1946 ਤੋਂ ਸ਼ੁਰੂ ਹੋਏ ਲੇਖਕ ਦੇ ਸਭ ਤੋਂ ਜ਼ਿਆਦਾ ਉਥਲ-ਪੁਥਲ ਭਰੇ ਅਤੇ ਰਚਨਾਤਮਕ ਦੌਰ ਨੂੰ ਦਰਸਾਇਆ ਗਿਆ ਹੈ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਨਵਾਜ਼ੂਦੀਨ ਸਿੱਦੀਕੀ, ਰਸਿਕਾ ਦੁੱਗਲ ਅਤੇ ਨਿਰਦੇਸ਼ਕ ਨੰਦਿਤਾ ਦਾਸ ਨੇ ਨਵੋਦਿਆ ਟਾਈਮਜ਼/ਜਗ ਬਾਣੀ/ਪੰਜਾਬ ਕੇਸਰੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।
ਦਿਲਚਸਪ ਹੈ 'ਮੰਟੋ' ਦੀ ਜ਼ਿੰਦਗੀ : ਨੰਦਿਤਾ ਦਾਸ
'ਮੰਟੋ' ਨੂੰ ਜਾਣਨਾ ਸੌਖੀ ਗੱਲ ਨਹੀਂ ਹੈ। ਮੈਂ ਉਨ੍ਹਾਂ ਦੀਆਂ ਕਹਾਣੀਆਂ ਕਾਲਜ ਟਾਈਮ 'ਚ ਪੜ੍ਹੀਆਂ ਸਨ। ਮੈਂ ਜ਼ਿਆਦਾ ਉਨ੍ਹਾਂ ਬਾਰੇ ਜ਼ਿਆਦਾ ਨਹੀਂ ਜਾਣਦੀ ਪਰ 2012 ਵਿਚ ਜਦੋਂ ਉਨ੍ਹਾਂ ਦੀ ਬਰਸੀ ਮਨਾਈ ਗਈ ਤਾਂ ਉਨ੍ਹਾਂ ਬਾਰੇ ਮੈਂ ਪੜ੍ਹਨਾ ਸ਼ੁਰੂ ਕੀਤਾ ਅਤੇ ਫਿਰ ਉਨ੍ਹਾਂ ਦੀਆਂ ਰਚਨਾਵਾਂ ਵਿਚ ਮੇਰੀ ਰੁਚੀ ਵਧਣ ਲੱਗੀ। ਮੈਨੂੰ ਉਨ੍ਹਾਂ ਦੀਆਂ ਰਚਨਾਵਾਂ ਬਹੁਤ ਮਜ਼ੇਦਾਰ ਲੱਗੀਆਂ। ਫਿਰ ਮੈਂ ਉਨ੍ਹਾਂ ਦੀ ਪ੍ਰਸਨਲ ਲਾਈਫ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਉਦੋਂ ਮੈਨੂੰ ਲੱਗਾ ਕਿ ਸਿਰਫ ਉਨ੍ਹਾਂ ਦੀਆਂ ਰਚਨਾਵਾਂ ਹੀ ਨਹੀਂ, ਉਨ੍ਹਾਂ ਦੀ ਜ਼ਿੰਦਗੀ ਵੀ ਓਨੀ ਹੀ ਦਿਲਚਸਪ ਹੈ, ਉਹ ਆਪਣੇ ਜ਼ਮਾਨੇ ਤੋਂ ਬਹੁਤ ਅੱਗੇ ਦੇ ਵਿਅਕਤੀ ਸਨ। ਉਦੋਂ ਮੈਨੂੰ ਲੱਗਾ ਕਿ ਜਿਸ ਵਿਅਕਤੀ ਦੀ ਜ਼ਿੰਦਗੀ ਇੰਨੀ ਦਿਲਚਸਪ ਹੈ, ਜੇਕਰ ਇਸ ਉੱਪਰ ਫਿਲਮ ਬਣੇਗੀ ਤਾਂ ਹੋਰ ਵੀ ਦਿਲਚਸਪ ਹੋਵੇਗੀ।
6 ਸਾਲ ਦੀ ਮਿਹਨਤ ਹੈ 'ਮੰਟੋ'
ਜਦੋਂ ਵੀ ਮੈਂ ਕੋਈ ਫਿਲਮ ਬਣਾਉਂਦੀ ਹਾਂ ਤਾਂ ਆਪਣੇ ਸਬਜੈਕਟ ਦੀ ਡੂੰਘਾਈ ਵਿਚ ਜਾਣਾ ਚਾਹੁੰਦੀ ਹਾਂ। 'ਮੰਟੋ' ਲਈ ਮੈਂ ਲਾਹੌਰ ਗਈ ਅਤੇ ਮੰਟੋ ਦੇ ਪਰਿਵਾਰ ਨਾਲ ਮੈਂ ਕਾਫੀ ਸਮਾਂ ਬਿਤਾਇਆ। ਮੰਟੋ 42 ਸਾਲ ਦੀ ਉਮਰ ਵਿਚ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸਨ। ਮੈਂ 1946 ਤੋਂ ਲੈ ਕੇ 1950 ਤਕ ਉਨ੍ਹਾਂ ਦੇ ਸਫਰ ਨੂੰ ਪਰਦੇ 'ਤੇ ਦਿਖਾਇਆ ਹੈ। ਮੈਂ ਚਾਹੁੰਦੀ ਸੀ ਕਿ ਜੋ ਲੋਕ ਮੰਟੋ ਨੂੰ ਨਹੀਂ ਜਾਣਦੇ, ਉਨ੍ਹਾਂ ਨੂੰ ਵੀ ਇਹ ਫਿਲਮ ਪਸੰਦ ਆਵੇ ਅਤੇ ਜੋ ਜਾਣਦੇ ਹਨ, ਉਨ੍ਹਾਂ ਨੂੰ ਵੀ। ਬਸ ਮੰਟੋ ਦੇ ਸਫਰ ਨੂੰ ਪਰਦੇ 'ਤੇ ਉਤਾਰਨ 'ਚ ਮੈਨੂੰ 6 ਸਾਲ ਲੱਗ ਗਏ।
ਮੰਟੋ ਦਾ ਕਿਰਦਾਰ ਨਿਭਾਉਣਾ ਖੁਸ਼ਨਸੀਬੀ : ਨਵਾਜ਼ੂਦੀਨ
ਮੰਟੋ ਦੇ ਰੋਲ ਨੂੰ ਕਰਨਾ ਮੇਰੇ ਲਈ ਕਾਫੀ ਮੁਸ਼ਕਿਲ ਸੀ। ਲੁਕਸ ਨੂੰ ਤਾਂ ਮੇਕਅਪ ਆਰਟਿਸਟ ਮੈਨੇਜ ਕਰ ਲੈਂਦੇ ਹਨ ਪਰ ਮੰਟੋ ਦੇ ਦਿਮਾਗ, ਉਨ੍ਹਾਂ ਦੀ ਸੋਚ ਅਤੇ ਉਨ੍ਹਾਂ ਦੇ ਤੌਰ-ਤਰੀਕੇ ਨੂੰ ਜਾਣਨਾ ਔਖਾ ਸੀ। ਉਂਝ ਇਨ੍ਹਾਂ ਸਾਰਿਆਂ 'ਚ ਨੰਦਿਤਾ ਦੀ ਰਿਸਰਚ ਮੇਰੇ ਲਈ ਕੰਮ ਆਈ। ਮੈਂ ਨੰਦਿਤਾ ਨਾਲ ਮੰਟੋ ਸਾਹਿਬ ਬਾਰੇ ਬਹੁਤ ਕੁਝ ਜਾਣਿਆ, ਇਸ ਲਈ ਮੈਂ ਇਸ ਫਿਲਮ ਲਈ ਫੀਸ ਦੇ ਤੌਰ 'ਤੇ ਸਿਰਫ ਇਕ ਰੁਪਿਆ ਲਿਆ। ਜੀਵਨ ਵਿਚ ਪੈਸੇ ਤੋਂ ਵੱਧ ਕੇ ਵੀ ਬਹੁਤ ਕੁਝ ਹੈ ਅਤੇ ਸ਼ਾਇਦ ਮੰਟੋ ਦੇ ਕਿਰਦਾਰ ਨੂੰ ਕਰਨ ਦਾ ਮੌਕਾ ਹਰ ਕਿਸੇ ਨੂੰ ਨਹੀਂ ਮਿਲ ਸਕਦਾ। ਮੈਂ ਇਸ ਦੇ ਲਈ ਖੁਦ ਨੂੰ ਖੁਸ਼ਨਸੀਬ ਮੰਨਦਾ ਹਾਂ।
ਜ਼ਿਆਦਾ ਨਹੀਂ ਜਾਣਦਾ ਸੀ ਮੰਟੋ ਨੂੰ
ਮੈਂ ਮੰਟੋ ਦੀਆਂ ਕਹਾਣੀਆਂ ਦੇ ਬਹੁਤ ਸਾਰੇ ਪਲੇਅ ਤਾਂ ਦੇਖੇ ਸਨ ਪਰ ਉਨ੍ਹਾਂ ਬਾਰੇ ਕੁਝ ਜ਼ਿਆਦਾ ਨਹੀਂ ਜਾਣਦਾ ਸੀ। ਜਦੋਂ ਮੈਂ ਮੰਟੋ ਬਾਰੇ ਪੜ੍ਹਨਾ ਸ਼ੁਰੂ ਕੀਤਾ ਤਾਂ ਜਾਣਿਆ ਕਿ ਇਨਸਾਨ ਸੱਚ ਨੂੰ ਵੀ ਬਿਨਾਂ ਡਰ ਇੰਨੇ ਆਰਾਮ ਨਾਲ ਬੋਲ ਸਕਦਾ ਹੈ, ਓਦੋਂ ਉਹ ਮੇਰੇ ਦਿਮਾਗ 'ਤੇ ਛਾ ਗਏ।
ਮੈਂ ਫਿਲਮੀ ਨਹੀਂ ਹਾਂ
ਸੱਚ ਕਹਾਂ ਤਾਂ ਬਾਲੀਵੁੱਡ ਦੀ ਗਲੈਮਰਸ ਦੁਨੀਆ ਤੋਂ ਮੈਂ ਦੂਰ ਹੀ ਰਹਿਣਾ ਚਾਹੁੰਦਾ ਹਾਂ। ਮੈਂ ਫਿਲਮਾਂ ਜ਼ਰੂਰ ਕਰਦਾ ਹਾਂ ਪਰ ਫਿਲਮੀ ਨਹੀਂ ਹਾਂ, ਨਾ ਮੈਂ ਹੋਣਾ ਚਾਹੁੰਦਾ ਹਾਂ। ਫਿਲਮਾਂ ਤੋਂ ਅਲੱਗ ਵੀ ਮੇਰੀ ਦੁਨੀਆ ਹੈ। ਮੈਂ ਫਿਲਮੀ ਲੋਕਾਂ, ਐਵਾਰਡ ਐਕਸ਼ਨ, ਈਵੈਂਟ, ਸਭ ਤੋਂ ਵੀ ਦੂਰ ਰਹਿੰਦਾ ਹਾਂ। ਜਿਵੇਂ ਮੈਂ ਨੰਦਿਤਾ ਦੇ ਨਾਲ ਵੀ ਹਾਂ ਤਾਂ ਵੀ ਅਸੀਂ ਦੋਨੋਂ ਬਹੁਤ ਵੱਖਰੀਆਂ ਗੱਲਾਂ ਕਰਦੇ ਹਾਂ, ਜੋ ਬਿਲਕੁਲ ਬਾਲੀਵੁੱਡ ਨਾਲ ਜੁੜੀਆਂ ਨਹੀਂ ਹੁੰਦੀਆਂ।
ਮੰਟੋ ਦੇ ਪਰਿਵਾਰ ਤੋਂ ਲਈ ਜਾਣਕਾਰੀ : ਰਸਿਕਾ ਦੁੱਗਲ
ਮੈਂ 'ਮੰਟੋ' ਵਿਚ ਉਨ੍ਹਾਂ ਦੀ ਪਤਨੀ ਸਾਫੀਆ ਦੇ ਕਿਰਦਾਰ ਨੂੰ ਨਿਭਾਇਆ ਹੈ। ਜਦੋਂ ਕੋਈ ਕਿਰਦਾਰ ਜਾਣਿਆ-ਮਾਣਿਆ ਹੁੰਦਾ ਹੈ ਤਾਂ ਅਸੀਂ ਉਸ ਨੂੰ ਪੜ੍ਹ ਕੇ ਜਾਂ ਇਧਰ-ਉਧਰ ਤੋਂ ਜਾਣ ਲੈਂਦੇ ਹਾਂ ਪਰ ਜਿਸ ਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਤਾਂ ਉਸ ਦੀ ਇਮੈਜੀਨੇਸ਼ਨ ਰਾਹੀਂ ਰੀਕ੍ਰਿਏਟ ਕਰਦੇ ਹਾਂ। ਸਾਫੀਆ ਬਾਰੇ ਵੀ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ ਤਾਂ ਨੰਦਿਤਾ ਨੇ ਰੀਕ੍ਰਿਪਟਿੰਗ ਦੌਰਾਨ ਲਾਹੌਰ ਵਿਚ ਮੰਟੋ ਦੀ ਫੈਮਿਲੀ ਨਾਲ ਮਿਲਾਇਆ।


Edited By

Sunita

Sunita is news editor at Jagbani

Read More