ਲੋਕ-ਪਰਲੋਕ ਦੀ ਅਨੋਖੀ ਕਹਾਣੀ ਨੂੰ ਪਰਦੇ 'ਤੇ ਦਰਸਾਏਗੀ ਫਿਲਮ 'ਮਰ ਗਏ ਓਏ ਲੋਕੋ'

8/29/2018 7:02:48 PM

ਜਲੰਧਰ (ਰਾਹੁਲ ਸਿੰਘ)— ਪੰਜਾਬੀ ਫਿਲਮ 'ਮਰ ਗਏ ਓਏ ਲੋਕੋ' 31 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ ਹੈ। ਫਿਲਮ 'ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਸਪਨਾ ਪੱਬੀ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ ਤੇ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਹਾਲ ਹੀ 'ਚ ਫਿਲਮ ਦੇ ਦੋ ਮੁੱਖ ਕਿਰਦਾਰਾਂ ਯਾਨੀ ਕਿ ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਨਾਲ ਫਿਲਮ ਨੂੰ ਲੈ ਕੇ ਗੱਲਬਾਤ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—PunjabKesari

ਸਵਾਲ : ਇਕ ਨਵਾਂ ਤਜਰਬਾ ਤੁਸੀਂ ਇਸ ਫਿਲਮ ਨਾਲ ਕੀਤਾ ਹੈ। ਇਸ ਬਾਰੇ ਦੱਸੋ?
ਗਿੱਪੀ ਗਰੇਵਾਲ :
ਪੰਜਾਬੀ ਦਰਸ਼ਕ ਕਾਮੇਡੀ ਫਿਲਮਾਂ ਦੇਖਣਾ ਜ਼ਿਆਦਾ ਪਸੰਦ ਕਰਦੇ ਹਨ। ਕਾਮੇਡੀ ਦੇ ਨਾਲ-ਨਾਲ ਉਹ ਕੁਝ ਨਵਾਂ ਵੀ ਦੇਖਣਾ ਚਾਹੁੰਦੇ ਹਨ। ਨਵੀਂ ਚੀਜ਼ ਸਿਰਫ ਕਹਾਣੀ ਹੀ ਸਾਨੂੰ ਦੇ ਸਕਦੀ ਹੈ। ਫਿਲਮ 'ਚ ਅਸੀਂ ਪੰਚ ਟੂ ਪੰਚ ਕਾਮੇਡੀ ਨਹੀਂ ਕੀਤੀ, ਸਗੋਂ ਇਸ 'ਚ ਸਿਚੂਏਸ਼ਨਲ ਕਾਮੇਡੀ ਕੀਤੀ ਗਈ ਹੈ। ਫਿਲਮ ਦੇਖਦਿਆਂ ਤੁਹਾਨੂੰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹਨ ਉਸ 'ਤੇ ਹਾਸਾ ਆਵੇਗਾ ਤੇ ਅਸੀਂ ਨਵਾਂ ਤਜਰਬਾ ਕੰਸੈਪਟ ਨਾਲ ਵੀ ਕੀਤਾ ਹੈ ਕਿਉਂਕਿ ਇਸ ਤਰ੍ਹਾਂ ਦਾ ਕੰਸੈਪਟ ਪਹਿਲਾਂ ਪਾਲੀਵੁੱਡ 'ਚ ਬਣਿਆ ਨਹੀਂ।

ਸਵਾਲ : ਇਸ ਫਿਲਮ ਦੀ ਕਹਾਣੀ ਦਾ ਆਇਡੀਆ ਕਿਵੇਂ ਆਇਆ?
ਗਿੱਪੀ ਗਰੇਵਾਲ :
ਮੈਨੂੰ ਲੱਗਦਾ ਹੈ ਕਿ ਅਸੀਂ ਸਾਰੀ ਜ਼ਿੰਦਗੀ ਆਪਣੇ ਬਚਪਨ ਨੂੰ ਨਾਲ ਲੈ ਕੇ ਚੱਲਦੇ ਹਾਂ। ਬਚਪਨ 'ਚ ਹੀ ਸਾਨੂੰ ਡਰ ਲੱਗਣਾ ਸ਼ੁਰੂ ਹੁੰਦਾ ਹੈ, ਜਿਹੜਾ ਸਾਰੀ ਉਮਰ ਸਾਡੇ ਨਾਲ ਚੱਲਦਾ ਹੈ। ਪਰੀਆਂ ਦੀ ਕਹਾਣੀ, ਗਰਮ ਤੇਲ 'ਚ ਸਾੜਨ ਦੀ ਕਹਾਣੀ ਤੇ ਭੂਤ-ਪਰੇਤਾਂ ਦੀ ਕਹਾਣੀ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ। ਲੋਕ ਅਕਸਰ ਕਹਿੰਦੇ ਹਨ ਕਿ ਮਰਨ ਤੋਂ ਬਾਅਦ ਵਿਅਕਤੀ ਰੱਬ ਕੋਲ ਚਲਾ ਜਾਂਦਾ ਹੈ। ਉਥੇ ਸਵਰਗ ਤੇ ਨਰਕ ਹੁੰਦਾ ਹੈ, ਹਾਲਾਂਕਿ ਅਸੀਂ ਕਿਹੜਾ ਇਹ ਸਭ ਦੇਖਿਆ ਹੈ। ਸੋ ਅਸੀਂ ਲੋਕ-ਪਰਲੋਕ ਦੀਆਂ ਜੋ ਚੀਜ਼ਾਂ ਬਚਪਨ ਤੋਂ ਸੁਣਦੇ ਆਏ ਹਾਂ, ਉਨ੍ਹਾਂ ਨੂੰ ਫਿਲਮ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।

ਸਵਾਲ : ਕਹਾਣੀ ਕਲਾਕਾਰਾਂ ਦੇ ਹਿਸਾਬ ਨਾਲ ਲਿਖੀ ਗਈ ਜਾਂ ਸਕ੍ਰਿਪਟ ਦੀ ਮੰਗ ਅਨੁਸਾਰ ਕਿਰਦਾਰ ਚੁਣੇ ਗਏ?
ਗਿੱਪੀ ਗਰੇਵਾਲ :
ਨਹੀਂ ਕਹਾਣੀ ਪਹਿਲਾਂ ਲਿਖੀ ਗਈ। ਮੇਰੀਆਂ ਜਿੰਨੀਆਂ ਵੀ ਫਿਲਮਾਂ ਹੁੰਦੀਆਂ ਹਨ, ਉਹ ਕਿਰਦਾਰਾਂ 'ਤੇ ਆਧਾਰਿਤ ਹੁੰਦੀਆਂ ਹਨ। ਪਹਿਲਾਂ ਕਿਰਦਾਰ ਪੈਦਾ ਹੁੰਦੇ ਹਨ, ਫਿਰ ਉਨ੍ਹਾਂ ਨੂੰ ਨਿਭਾਉਣ ਲਈ ਕਲਾਕਾਰਾਂ ਦੀ ਚੋਣ ਕੀਤੀ ਜਾਂਦੀ ਹੈ। ਬੀਨੂੰ ਢਿੱਲੋਂ ਵਾਲਾ ਕਿਰਦਾਰ ਪਹਿਲਾਂ ਫਿਲਮ 'ਚ ਮੈਂ ਨਿਭਾਉਣਾ ਚਾਹੁੰਦਾ ਸੀ ਪਰ ਜੋ ਫਿਲਮ 'ਚ ਮੇਰਾ ਕਿਰਦਾਰ ਹੈ, ਉਸ ਲਈ ਕਿਸੇ ਦੀ ਚੋਣ ਨਹੀਂ ਹੋ ਰਹੀ ਸੀ। ਜਦੋਂ ਬੀਨੂੰ ਨੇ ਫਿਲਮ ਲਈ ਹਾਂ ਕੀਤੀ ਤਾਂ ਮੈਂ ਆਪਣੇ ਕਿਰਦਾਰ ਨੂੰ ਨਿਭਾਇਆ। ਇਸ ਤੋਂ ਬਾਅਦ ਬਾਕੀ ਸਟਾਰਕਾਸਟ ਦੀ ਚੋਣ ਹੋਈ।

ਸਵਾਲ : ਨਵੀਂ ਫਿਲਮ ਨੂੰ ਲੈ ਕੇ ਹੁਣ ਵੀ ਘਬਰਾਹਟ ਹੁੰਦੀ ਹੈ?
ਬੀਨੂੰ ਢਿੱਲੋਂ :
ਜੀ ਬਿਲਕੁਲ ਘਬਰਾਹਟ ਹੁੰਦੀ ਹੈ। ਮੈਂ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ 10ਵੀਂ ਦੇ ਬੱਚੇ ਵਾਂਗ ਹੁੰਦਾ ਹਾਂ, ਜਿਸ ਦੇ ਬੋਰਡ ਦੇ ਪੇਪਰ ਚੱਲ ਰਹੇ ਹੁੰਦੇ ਹਨ। ਦਿਲ ਵੀ ਇਹੀ ਕਹਿੰਦਾ ਕਿ ਚੰਗੇ ਨੰਬਰ ਲੈ ਕੇ ਪਾਸ ਹੋਵਾਂ। ਫਿਲਮ ਦੇ ਰਿਲੀਜ਼ ਵਾਲੇ ਦਿਨ ਜਦੋਂ ਤਕ ਰੀਵਿਊ ਨਹੀਂ ਆਉਂਦੇ, ਉਦੋਂ ਤਕ ਸਕੂਨ ਨਹੀਂ ਮਿਲਦਾ। ਉਤਸ਼ਾਹ ਜ਼ਰੂਰ ਹੁੰਦਾ ਹੈ ਨਵੀਂ ਫਿਲਮ ਨੂੰ ਲੈ ਕੇ ਪਰ ਫਿਲਮ ਦੇ ਰਿਲੀਜ਼ ਹੋਣ ਤਕ ਮੈਨੂੰ ਘਬਰਾਹਟ ਵੀ ਹੁੰਦੀ ਹੈ।

ਸਵਾਲ : ਫਿਲਮ 'ਚ ਤੁਹਾਡੇ 3 ਰੂਪ ਦੇਖਣ ਨੂੰ ਮਿਲਣਗੇ, ਇਸ ਬਾਰੇ ਚਾਣਨਾ ਪਾਓ?
ਬੀਨੂੰ ਢਿੱਲੋਂ :
ਫਿਲਮ 'ਚ ਮੈਂ ਆਪਣੇ ਕਿਰਦਾਰ ਨੂੰ ਨਿਭਾਉਣ ਤੋਂ ਇਲਾਵਾ ਗਿੱਪੀ ਗਰੇਵਾਲ ਤੇ ਕਰਮਜੀਤ ਅਨਮੋਲ ਦਾ ਕਿਰਦਾਰ ਨਿਭਾਉਂਦਾ ਨਜ਼ਰ ਆਵਾਂਗਾ। ਫਿਲਮ 'ਚ ਮਰਨ ਤੋਂ ਬਾਅਦ ਕਿਵੇਂ ਮੇਰੇ ਸਰੀਰ 'ਚ ਉਨ੍ਹਾਂ ਦੀਆਂ ਆਤਮਾਵਾਂ ਆਉਂਦੀਆਂ ਹਨ ਤੇ ਉਨ੍ਹਾਂ ਨੂੰ ਮੈਂ ਕਿਵੇਂ ਨਿਭਾਇਆ ਹੈ, ਇਹ ਦੇਖ ਕੇ ਤੁਸੀਂ ਖੂਬ ਹੱਸੋਗੇ।

ਸਵਾਲ : ਫਿਲਮ ਲਈ ਤੁਸੀਂ ਲੁੱਕ ਵੀ ਚੇਂਜ ਕੀਤੀ ਹੈ। ਇਸ ਲਈ ਕਿੰਨੀ ਮਿਹਨਤ ਕੀਤੀ?
ਬੀਨੂੰ ਢਿੱਲੋਂ :
ਮੇਰੀ ਲੁੱਕ 'ਤੇ ਕਾਫੀ ਕੰਮ ਹੋਇਆ ਹੈ। ਫਿਲਮ 'ਚ ਮੇਰਾ ਇਕ ਵੱਡਾ ਤੇ ਰਈਸ ਕਿਰਦਾਰ ਹੈ। ਇਸ ਲਈ ਬਾਕਾਇਦਾ ਲੁੱਕ ਟੈਸਟ ਕੀਤੀ ਗਈ। ਵਧੀਆ ਕੁੜਤੇ-ਪਜਾਮੇ ਬਣਾਏ ਗਏ ਤੇ 4-5 ਵਾਰ ਕਾਸਟਿਊਮ ਟੈਸਟ ਕੀਤਾ ਗਿਆ। ਬੂਟਾਂ ਤੋਂ ਲੈ ਕੇ ਜੈਕੇਟਾਂ ਤਕ ਦੀ ਚੋਣ ਬਾਖੂਬੀ ਢੰਗ ਨਾਲ ਕੀਤੀ ਗਈ। ਕਿਰਦਾਰ ਨੂੰ ਸ਼ਾਨਦਾਰ ਤੇ ਮਜ਼ਬੂਤ ਦਿਖਾਉਣ 'ਚ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਗਈ।

ਸਵਾਲ : ਕੀ ਇਹ ਗੱਲ ਸੱਚ ਹੈ ਕਿ ਤੁਸੀਂ ਫਿਲਮ ਨੂੰ ਪਹਿਲਾਂ ਨਾਂਹ ਕਰਨ ਵਾਲੇ ਸੀ?
ਬੀਨੂੰ ਢਿੱਲੋਂ :
ਜੀ ਬਿਲਕੁਲ, ਮੈਂ ਆਪਣੇ ਇਕ ਦੋਸਤ ਨਾਲ ਗਿੱਪੀ ਦੇ ਘਰ ਸਕ੍ਰਿਪਟ ਸੁਣਨ ਗਿਆ ਤੇ ਉਸ ਨੂੰ ਮੈਂ ਕਿਹਾ ਕਿ ਜੇ ਰੋਲ ਘੱਟ ਲੱਗਾ ਤਾਂ ਅਸੀਂ ਇਸ ਫਿਲਮ ਨੂੰ ਨਾਂਹ ਕਰ ਦੇਣੀ ਹੈ। ਮੈਨੂੰ ਇਹ ਸੀ ਕਿ ਜੇ ਗਿੱਪੀ 55 ਫੀਸਦੀ ਸਕ੍ਰੀਨ ਸ਼ੇਅਰ ਕਰ ਰਿਹਾ ਹੈ ਤਾਂ ਮੈਨੂੰ 45 ਫੀਸਦੀ ਸਕ੍ਰੀਨ ਸ਼ੇਅਰ ਮਿਲੇ ਪਰ ਜਦੋਂ ਗਿੱਪੀ ਨੇ ਮੈਨੂੰ ਸਕ੍ਰਿਪਟ ਸੁਣਾਈ ਤਾਂ ਮੈਂ ਆਪਣੇ ਦੋਸਤ ਵੱਲ ਦੇਖਣ ਲੱਗਾ ਤੇ ਕਿਹਾ ਕਿ ਇਸ ਨੂੰ ਕੀ ਹੋ ਗਿਆ ਹੈ ਇਹ ਇੰਨਾ ਵੱਡਾ ਰੋਲ ਮੈਨੂੰ ਕਿਵੇਂ ਦੇ ਸਕਦਾ ਹੈ। ਪ੍ਰੋਡਿਊਸਰ ਹੋਣ ਦੇ ਨਾਤੇ ਉਸ ਨੇ ਆਪਣੇ ਰੋਲ ਨੂੰ ਵੱਡਾ ਨਹੀਂ ਕੀਤਾ ਤੇ ਰੋਲ ਦੇ ਮੁਤਾਬਕ ਕਿਰਦਾਰ ਬਣਾਏ। ਇਸ ਲਈ ਮੈਂ ਫਿਲਮ ਲਈ ਸਕ੍ਰਿਪਟ ਸੁਣਨ ਤੋਂ ਬਾਅਦ ਤੁਰੰਤ ਹਾਂ ਕਰ ਦਿੱਤੀ।

'ਆਮ ਫਿਲਮ 'ਚ 3-4 ਮਿੰਟ ਦਾ ਵੀ. ਐੱਫ. ਐਕਸ ਹੁੰਦਾ ਹੈ ਪਰ 'ਮਰ ਗਏ ਓਏ ਲੋਕੋ' 'ਚ 20-25 ਮਿੰਟ ਦਾ ਵੀ. ਐੱਫ. ਐਕਸ ਹੈ। ਇਸ ਲਈ ਮਿਹਨਤ ਵੀ ਕਾਫੀ ਲੱਗਦੀ ਹੈ ਤੇ ਇਹ ਮਹਿੰਗਾ ਵੀ ਹੁੰਦਾ ਹੈ। ਹਰ ਫਿਲਮ 'ਚ ਵੀ. ਐੱਫ. ਐਕਸ ਪਾਉਣਾ ਸੌਖਾ ਕੰਮ ਨਹੀਂ ਹੁੰਦਾ। ਇਸ ਫਿਲਮ 'ਚ ਛੋਟੀਆਂ-ਛੋਟੀਆਂ ਕਾਫੀ ਚੀਜ਼ਾਂ ਵੀ. ਐੱਫ. ਐਕਸ ਰਾਹੀਂ ਦਿਖਾਈਆਂ ਗਈਆਂ ਹਨ, ਜਿਨ੍ਹਾਂ ਨੂੰ ਖਾਸ ਕਰ ਬੱਚੇ ਬਹੁਤ ਪਸੰਦ ਕਰਨਗੇ।'
—ਬੀਨੂੰ ਢਿੱਲੋਂ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News