''ਮਿੰਦੋ ਤਸੀਲਦਾਰਨੀ'' ਦੇ ਟ੍ਰੇਲਰ ਨੂੰ ਮਿਲਿਆ ਜ਼ਬਰਦਸਤ ਹੁੰਗਾਰਾ

6/6/2019 12:20:33 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਫਿਲਮ 'ਲਾਵਾਂ ਫੇਰੇ' ਦੀ ਜ਼ਬਰਦਸਤ ਸਫਲਤਾ ਉਪਰੰਤ ਕਰਮਜੀਤ ਅਨਮੋਲ ਅਤੇ ਰਾਜੀਵ ਸਿੰਗਲਾ ਪ੍ਰੋਡਕਸ਼ਨਜ਼ ਦੀ ਦੂਸਰੀ ਪੰਜਾਬੀ ਫ਼ਿਲਮ 'ਮਿੰਦੋ ਤਸੀਲਦਾਰਨੀ' ਦੇ ਰਿਲੀਜ਼ ਹੋਏ ਟ੍ਰੇਲਰ ਨੂੰ ਰਿਕਾਰਡ ਤੋੜ ਹੁੰਗਾਰਾ ਮਿਲਿਆ ਹੈ।ਇਸ ਬਾਰੇ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਰਮਜੀਤ ਅਨਮੋਲ ਨੇ ਦੱਸਿਆ ਕਿ 'ਮਿੰਦੋ ਤਸੀਲਦਾਰਨੀ' ਇਕ ਲੀਕ ਤੋਂ ਹਟਵੀਂ ਅਤੇ ਪੇਂਡੂ ਜੀਵਨ 'ਤੇ ਆਧਾਰਿਤ ਇਕ ਬਹੁਰੰਗੀ ਫ਼ਿਲਮ ਹੈ। ਰਵਾਇਤੀ ਪੰਜਾਬੀ ਜੱਟਵਾਦੀ ਸਿਨੇਮੇ ਨਾਲੋਂ ਵੱਖਰੀ 'ਮਿੰਦੋ ਤਸੀਲਦਾਰਨੀ' ਜਿੱਥੇ ਇਕ ਮਹਿਲਾ ਅਫ਼ਸਰ ਦੇ ਰੌਅਬ ਅਤੇ ਭਾਵੁਕ ਕਿਰਦਾਰ ਨੂੰ ਬਾਖ਼ੂਬੀ ਪੇਸ਼ ਕਰਦੀ ਹੈ, ਉੱਥੇ 90 ਦੇ ਦਹਾਕੇ ਦੌਰਾਨ ਪੰਜਾਬ ਦੇ ਪੇਂਡੂ ਸਮਾਜ ਦੇ ਆਪਸੀ ਰਿਸ਼ਤਿਆਂ ਦੀ ਗੂੜ੍ਹੀ ਸਾਂਝ ਨੂੰ ਕਾਮੇਡੀ, ਭਾਵੁਕਤਾ, ਐਕਸ਼ਨ ਅਤੇ ਡਰਾਮੇ ਦੇ ਰੂਪ 'ਚ ਦਿਲਕਸ਼ ਅੰਦਾਜ਼ 'ਚ ਪਰਦੇ ਉੱਤੇ ਨਜ਼ਰ ਆਵੇਗੀ।ਕਰਮਜੀਤ ਅਨਮੋਲ ਨੇ ਦੱਸਿਆ ਕਿ ਪੰਜਾਬ ਸਮੇਤ ਦੁਨੀਆ ਭਰ 'ਚ ਵੱਸਦੇ ਪੰਜਾਬੀਆਂ ਅਤੇ ਪੰਜਾਬੀ ਸਿਨੇਮਾ ਪ੍ਰੇਮੀਆਂ ਨੇ ਫ਼ਿਲਮ ਦੇ ਟ੍ਰੇਲਰ ਨੂੰ ਜਿੰਨਾ ਪਿਆਰ ਅਤੇ ਜ਼ਬਰਦਸਤ ਹੁੰਗਾਰਾ ਦਿੱਤਾ ਹੈ, ਉਸ ਤੋਂ ਫ਼ਿਲਮ ਦੀ ਪੂਰੀ ਟੀਮ ਬੇਹੱਦ ਉਤਸ਼ਾਹਿਤ ਹੈ।

ਕਰਮਜੀਤ ਅਨਮੋਲ ਨੇ ਦੱਸਿਆ ਕਿ 'ਮਿੰਦੋ ਤਸੀਲਦਾਰਨੀ' 'ਚ ਉਹ ਪਿੰਡ ਦੇ ਤੇਜਾ ਛੜੇ ਦੀ ਭੂਮਿਕਾ ਨਿਭਾ ਰਹੇ ਹਨ। ਤੇਜਾ ਛੜੇ ਨੇ ਆਪਣੇ ਬਾਪੂ ਕੋਲ ਇਲਾਕੇ ਦੀ ਤਸੀਲਦਾਰ ਅਫ਼ਸਰ ਸਬੰਧੀ ਫੜ੍ਹ ਮਾਰ ਦਿੱਤੀ ਅਤੇ ਇਸ ਝੂਠੀ ਗੱਲ ਨੇ ਜੰਗਲ ਦੀ ਅੱਗ ਵਾਂਗ ਸਾਰਾ ਪਿੰਡ ਹੀ ਨਹੀਂ ਸਗੋਂ ਪੂਰਾ ਇਲਾਕਾ ਆਪਣੀ ਲਪੇਟ 'ਚ ਲੈ ਲਿਆ। ਅਨੇਕਾਂ ਰੰਗਾਂ ਅਤੇ ਰਸਾਂ ਨਾਲ ਭਰੀ ਇਹ ਫ਼ਿਲਮ ਮੁੱਖ ਤੌਰ 'ਤੇ ਤੇਜਾ ਛੜਾ (ਕਰਮਜੀਤ ਅਨਮੋਲ), ਮਿੰਦੋ ਤਸੀਲਦਾਰਨੀ (ਕਵਿਤਾ ਕੌਸ਼ਕ), ਲੱਖਾ (ਰਾਜਵੀਰ ਜਵੰਦਾ) ਜੀਤੋ (ਈਸ਼ਾ ਰੇਖੀ) ਸਮੇਤ ਬਾਕੀ ਕਲਾਕਾਰ 'ਤੇ ਕੇਂਦਰਿਤ ਰਹਿੰਦੀ ਹੈ। ਕਾਮੇਡੀ ਦੇ ਤੜਕੇ ਨਾਲ ਇਹ ਪੂਰੀ ਤਰ੍ਹਾਂ ਪਰਿਵਾਰਕ ਫਿਲਮ ਇਕ ਸਾਰਥਿਕ ਸੰਦੇਸ਼ ਵੀ ਦੇਵੇਗੀ ਅਤੇ ਭਰਪੂਰ ਮਨੋਰੰਜਨ ਵੀ ਕਰੇਗੀ।ਫ਼ਿਲਮ ਦਾ ਨਿਰਦੇਸ਼ਕ ਅਤੇ ਲੇਖਕ ਅਵਤਾਰ ਸਿੰਘ ਹੈ, ਜਦਕਿ ਪਵਿੱਤਰ ਬੈਨੀਪਾਲ ਅਤੇ ਮਿੰਟੀ ਬੈਨੀਪਾਲ ਇਸ ਫ਼ਿਲਮ ਦੇ ਕੋ-ਪ੍ਰੋਡਿਊਸਰ ਹਨ। ਫ਼ਿਲਮ ਦੇ ਬਾਕੀ ਅਹਿਮ ਕਲਾਕਾਰਾਂ 'ਚ ਸਰਦਾਰ ਸੋਹੀ, ਹਾਰਬੀ ਸੰਘਾ, ਪ੍ਰਕਾਸ਼ ਗਾਧੂ, ਮਲਕੀਤ ਰੌਣੀ, ਸੰਜੂ ਸੋਲੰਕੀ, ਰੁਪਿੰਦਰ ਰੂਪੀ, ਲੱਕੀ ਧਾਲੀਵਾਲ ਆਦਿ ਸ਼ਾਮਲ ਹਨ।ਇਹ ਫ਼ਿਲਮ 28 ਜੂਨ ਨੂੰ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News