ਗੁਣਬੀਰ ਸਿੱਧੂ ਦੇ ਨਾਂ ''ਤੇ ਮਾਡਲ ਲੜਕੀਆਂ ਦਾ ਸੋਸ਼ਣ ਕਰਨ ਵਾਲਾ ਨਕਲੀ ਸਿੱਧੂ ਪੁਲਸ ਦੇ ਅੜਿੱਕੇ

Monday, September 9, 2019 9:52 AM
ਗੁਣਬੀਰ ਸਿੱਧੂ ਦੇ ਨਾਂ ''ਤੇ ਮਾਡਲ ਲੜਕੀਆਂ ਦਾ ਸੋਸ਼ਣ ਕਰਨ ਵਾਲਾ ਨਕਲੀ ਸਿੱਧੂ ਪੁਲਸ ਦੇ ਅੜਿੱਕੇ

ਜਲੰਧਰ (ਬਿਊਰੋ) - ਪੰਜਾਬੀ ਫਿਲਮ ਇੰਡਸਟਰੀ ਨਾਲ ਸਬੰਧਿਤ ਨਾਮਵਰ ਕੰਪਨੀ 'ਵਾਈਟ ਹਿੱਲ ਸਟੂਡੀਓ' ਦੇ ਮੈਨੇਜਿੰਗ ਡਾਇਰੈਕਟਰ ਗੁਣਬੀਰ ਸਿੰਘ ਸਿੱਧੂ ਦਾ ਨਾਂ ਦਾ ਇਸਤੇਮਾਲ ਕਰਕੇ ਦਿੱਲੀ, ਪੰਜਾਬ ਅਤੇ ਮੁੰਬਈ ਦੀਆਂ ਮਾਡਲ ਲੜਕੀਆਂ ਨੂੰ ਮੈਸੇਜ ਕਰਕੇ ਕੰਮ ਦਾ ਝਾਂਸਾ ਦੇਣ ਦੇ ਦੋਸ਼ ਹੇਠ ਮੋਹਾਲੀ ਪੁਲਸ ਨੇ ਦਿੱਲੀ ਦੇ ਰਹਿਣ ਵਾਲੇ ਇਕ ਮਾਡਲ ਕੁਆਡੀਨੇਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਓਵੇਦ ਫਰੀਦੀ ਨਾਂ ਦਾ ਇਹ ਨੌਜਵਾਨ ਪਿਛਲੇ ਕਾਫੀ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਮਿਊਜ਼ਿਕ ਵੀਡੀਓਜ਼ ਲਈ ਮਾਡਲ ਕੁੜੀਆਂ ਮੁਹੱਈਆ ਕਰਵਾਉਂਦਾ ਹੈ। ਇਹ ਕੋਆਡੀਨੇਟਰ ਪਿਛਲੇ ਕੁਝ ਸਮੇਂ ਤੋਂ ਲੜਕੀਆਂ ਨੂੰ ਆਪਣੇ ਨਿੱਜੀ ਨੰਬਰ ਤੋਂ ਮੈਸੇਜ ਕਰਦਾ ਸੀ ਅਤੇ ਉਨ੍ਹਾਂ ਦੀ ਗੁਣਬੀਰ ਸਿੰਘ ਸਿੱਧੂ ਨਾਲ ਕਿਸੇ ਵੱਡੇ ਮਿਊਜ਼ਿਕ ਵੀਡੀਓ ਦੀ ਗੱਲ ਕਰਵਾਉਂਦਾ ਸੀ। ਉਹ ਖੁਦ ਹੀ ਕਿਸੇ ਹੋਰ ਨੰਬਰ  'ਤੇ ਗੁਣਬੀਰ ਸਿੰਘ ਸਿੱਧੂ ਬਣ ਕੇ ਮਾਡਲ ਲੜਕੀਆਂ ਨਾਲ ਗੱਲਾਂ ਕਰਦਾ ਸੀ ਅਤੇ ਕੰਮ ਦੇ ਬਦਲੇ 'ਸਰੀਰਿਕ ਸਮਝੌਤੇ' ਲਈ ਵੀ ਆਖਦਾ ਸੀ। ਇਸੇ ਤਰ੍ਹਾਂ ਉਹ ਪਿਛਲੇ 2 ਮਹੀਨਿਆਂ ਤੋਂ 40 ਦੇ ਕਰੀਬ ਲੜਕੀਆਂ ਨਾਲ ਗੁਣਬੀਰ ਸਿੰਘ ਸਿੱਧੂ ਬਣਕੇ ਗੱਲ ਕਰ ਰਿਹਾ ਸੀ।

ਦੱਸ ਦਈਏ ਕਿ ਇਸ ਮਾਮਲੇ ਦੀ ਜਦੋਂ ਗੁਣਬੀਰ ਸਿੰਘ ਸਿੱਧੂ ਨੂੰ ਭਣਕ ਪਈ (ਪਤਾ ਲੱਗਾ) ਤਾਂ ਉਨ੍ਹਾਂ ਤੁਰੰਤ ਇਸ ਦੀ ਆਪਣੇ ਪੱਧਰ 'ਤੇ ਪੜਤਾਲ ਕੀਤੀ। ਮਾਮਲਾ ਸੰਗੀਤ ਨਿਕਲਣ ਤੋਂ ਬਾਅਦ ਉਨ੍ਹਾਂ ਮੋਹਾਲੀ ਪੁਲਸ ਨੂੰ 6 ਸਤਬੰਰ ਨੂੰ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਅਗਲੇ ਦਿਨ ਪੁਲਸ ਨੇ ਉਕਤ ਵਿਅਕਤੀ ਨੂੰ ਚੰਡੀਗੜ੍ਹ 'ਚ ਹੀ ਗ੍ਰਿਫਤਾਰ ਕਰ ਲਿਆ। ਪੁਲਸ ਨੇ ਇਸ ਦੇ ਮੋਬਾਇਲ 'ਚੋਂ ਕਈ ਅਹਿਮ ਜਾਣਕਾਰੀ ਦੇ ਨਾਲ-ਨਾਲ ਦਰਜਨਾਂ ਮਾਡਲ ਲੜਕੀਆਂ ਦੀਆਂ ਤਸਵੀਰਾਂ ਤੇ ਹੋਰ ਜਾਣਕਾਰੀ ਵੀ ਹਾਸਲ ਕੀਤੀ ਹੈ। ਮੋਹਾਲੀ ਪੁਲਸ ਹੁਣ ਇਸ ਨੂੰ ਸੋਮਵਾਰ ਯਾਨੀ ਅੱਜ ਅਦਾਲਤ 'ਚ ਪੇਸ਼ ਕਰੇਗੀ।

ਦੱਸਣਯੋਗ ਹੈ ਕਿ 'ਵਾਈਟ ਹਿੱਲ ਸਟੂਡੀਓ' ਦੇਸ਼ ਦੇ ਨਾਮੀਂ ਫਿਲਮ ਅਤੇ ਮਿਊਜ਼ਿਕ ਸਟੂਡੀਓਜ਼ 'ਚੋਂ ਇਕ ਹੈ, ਜੋ ਹਰ ਸਾਲ ਕਰੀਬ ਅੱਧੀ ਦਰਜਨ ਫਿਲਮਾਂ ਦਾ ਨਿਰਮਾਣ ਕਰਨ ਦੇ ਨਾਲ-ਨਾਲ ਹਰ ਸਾਲ ਸੈਂਕੜੇ ਮਿਊਜ਼ਿਕ ਵੀਡੀਓਜ਼ ਵੀ ਰਿਲੀਜ਼ ਕਰਦਾ ਹੈ। ਇਸ ਤਰ੍ਹਾਂ ਇਕ ਨਾਮੀਂ ਕੰਪਨੀ ਦੇ ਮਾਲਕ ਦਾ ਨਾਂ ਇਸਤੇਮਾਲ ਕਰਕੇ ਲੜਕੀਆਂ ਦਾ ਸੋਸ਼ਣ ਕਰਨਾ ਸੰਗੀਨ ਮਾਮਲਾ ਹੈ।


Edited By

Sunita

Sunita is news editor at Jagbani

Read More