13 ਸਾਲ ਦੀ ਪਤਨੀ ਨਾਲ ਚੌਲ ''ਚ ਰਹਿੰਦੇ ਸਨ ਰਫੀ ਸਾਹਿਬ, ਬੰਗਾਲੀ ਗੀਤ ਗਾਉਂਦੇ ਸਮੇਂ ਨਿਕਲੀ ਸੀ ਜਾਨ

Tuesday, July 31, 2018 2:41 PM

ਮੁੰਬਈ (ਬਿਊਰੋ)— ਮਸ਼ਹੂਰ ਗਾਇਕ ਮੁਹੰਮਦ ਰਫੀ ਦੇ ਸਦਾਬਹਾਰ ਗੀਤ ਅੱਜ ਵੀ ਲੋਕਾਂ ਦੇ ਜ਼ੁਬਾਨ 'ਚ ਚੜ੍ਹੇ ਹੋਏ ਹਨ। ਉਨ੍ਹਾਂ ਦੇ ਆਵਾਜ਼ ਅੱਜ ਵੀ ਦਿਲ ਨੂੰ ਸ਼ਾਂਤੀ ਦਿੰਦੀ ਹੈ। ਅੱਜ (31 ਜੁਲਾਈ 1980) ਬਰਸੀ ਦੇ ਦਿਨ ਅਸੀਂ ਤੁਹਾਨੂੰ ਉਨ੍ਹਾਂ ਨਾਲ ਜੁੜੀਆਂ ਕੁਝ ਅਣਕਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜੋ ਉਨ੍ਹਾਂ ਦੀ ਗਾਇਕੀ ਦੇ ਨਾਲ-ਨਾਲ ਉਨ੍ਹਾਂ ਦੀ ਸ਼ਖਸੀਅਤ ਨੂੰ ਵੀ ਬਿਆਨ ਕਰਦੀਆਂ ਹਨ।

PunjabKesari

ਰਫੀ ਸਾਹਿਬ ਦੇ ਦਿਹਾਂਤ ਦੇ 8 ਸਾਲ ਬਾਅਦ ਉਨ੍ਹਾਂ ਦੀ ਪਤਨੀ ਬਿਲਕਿਸ ਰਫੀ ਨੇ ਇਕ ਇੰਟਰਵਿਊ ਦਿੱਤਾ ਸੀ, ਜਿਸ 'ਚ ਉਨ੍ਹਾਂ ਨੇ ਰਫੀ ਬਾਰੇ ਕਈ ਖੁਲਾਸੇ ਕੀਤੇ ਸਨ। ਬਿਲਕਿਸ ਦੀ ਵੱਡੀ ਭੈਣ ਦਾ ਵਿਆਹ ਰਫੀ ਸਾਹਿਬ ਦੇ ਵੱਡੇ ਭਰਾ ਨਾਲ ਹੋਇਆ ਸੀ। ਉਸ ਸਮੇਂ ਬਿਲਕਿਸ 13 ਸਾਲ ਦੀ ਸੀ ਅਤੇ ਛੇਵੀਂ ਕਲਾਸ ਦੇ ਪੇਪਰ ਦੇ ਰਹੀ ਸੀ। ਉਸੇ ਸਮੇਂ ਉਨ੍ਹਾਂ ਦੀ ਭੈਣ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਕੱਲ ਰਫੀ ਨਾਲ ਤੁਹਾਡਾ ਵਿਆਹ ਹੈ।

PunjabKesari

ਬਿਲਕਿਸ ਵਿਆਹ ਦਾ ਮਤਲਬ ਵੀ ਨਹੀਂ ਜਾਣਦੀ ਸੀ। ਉਸ ਸਮੇਂ ਰਫੀ ਵਿਆਹੁਤਾ ਸਨ ਜਦਕਿ ਉਨ੍ਹਾਂ ਦੀ ਉਮਰ 19 ਸਾਲ ਸੀ ਪਰ ਉਨ੍ਹਾਂ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਦਿੱਤਾ ਸੀ। ਉਸੇ ਸਮੇਂ ਰਫੀ ਦਾ 6 ਸਾਲ ਛੋਟੀ ਲੜਕੀ ਬਿਲਕਿਸ ਨਾਲ ਵਿਆਹ ਕਰ ਦਿੱਤਾ ਗਿਆ ਸੀ। ਰਫੀ ਸਾਹਿਬ 10 ਸਾਲ ਦੀ ਉਮਰ ਤੋਂ ਗੀਤ ਗਾਉਣ ਲੱਗੇ ਸਨ ਪਰ ਉਨ੍ਹਾਂ ਦੀ ਪਤਨੀ ਦੀ ਮਿਊਜ਼ਿਕ 'ਚ ਕੋਈ ਦਿਲਚਸਪੀ ਨਹੀਂ ਸੀ।

PunjabKesari

ਉਨ੍ਹਾਂ ਨੇ ਕਦੇ ਵੀ ਰਫੀ ਸਾਹਿਬ ਦੇ ਗੀਤ ਨਹੀਂ ਸੁਣੇ ਸਨ। ਰਫੀ ਸਾਹਿਬ ਆਪਣੀ ਪਤਨੀ ਬਿਲਕਿਸ ਡੋਂਗਰੀ ਨਾਲ ਇਕ ਚੌਲ (ਬਸਤੀ) 'ਚ ਰਹਿੰਦੇ ਸਨ। ਕੁਝ ਸਮੇਂ ਬਾਅਦ ਰਫੀ ਸਾਹਿਬ ਪਤਨੀ ਨਾਲ ਭਿੰਡੀ ਬਜ਼ਾਰ ਦੇ ਚੌਲ 'ਚ ਸ਼ਿਫਟ ਹੋ ਗਏ ਪਰ ਉਨ੍ਹਾਂ ਨੂੰ ਚੌਲ 'ਚ ਰਹਿਣਾ ਪਸੰਦ ਨਹੀਂ ਸੀ। ਉਹ ਸਵੇਰੇ ਸਾਢੇ ਤਿੰਨ ਵਜੇ ਉੱਠ ਕੇ ਰਿਆਜ਼ ਕਰਦੇ ਹੁੰਦੇ ਸਨ।

PunjabKesari

ਰਿਆਜ਼ ਲਈ ਉਹ ਮਰੀਨ ਡਰਾਈਵ ਚੱਲ ਕੇ ਜਾਂਦੇ ਸਨ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੇ ਰਿਆਜ਼ ਦੀ ਵਜ੍ਹਾ ਕਾਰਨ ਨੇੜੇ ਰਹਿੰਦੇ ਲੋਕਾਂ ਦੀ ਨੀਂਦ ਖਰਾਬ ਹੋਵੇ। ਮਰੀਨ ਡਰਾਈਵ 'ਤੇ ਸੁਰੱਈਆ ਦਾ ਘਰ ਸੀ। ਜਦੋਂ ਉਨ੍ਹਾਂ ਨੇ ਕਈ ਦਿਨਾਂ ਤੱਕ ਰਫੀ ਨੂੰ ਰਿਆਜ਼ ਕਰਦੇ ਹੋਏ ਦੇਖਿਆ ਤਾਂ ਉਨ੍ਹਾਂ ਨੇ ਪੁੱਛਿਆ ਕਿ ਉਹ ਇੱਥੇ ਕਿਉਂ ਰਿਆਜ਼ ਕਰਦੇ ਹਨ।

PunjabKesari

ਇਸ 'ਤੇ ਰਫੀ ਸਾਹਿਬ ਨੇ ਆਪਣੀ ਪਰੇਸ਼ਾਨੀ ਦੱਸੀ। ਇਸ ਤੋਂ ਬਾਅਦ ਸੁਰੱਈਆ ਨੇ ਆਪਣੇ ਘਰ ਦਾ ਇਕ ਕਮਰਾ ਰਫੀ ਸਾਹਿਬ ਨੂੰ ਰਿਆਜ਼ ਕਰਨ ਲਈ ਦੇ ਦਿੱਤਾ ਸੀ। ਜਦੋਂ ਉਨ੍ਹਾਂ ਨੂੰ ਕੰਮ ਮਿਲਣ ਲੱਗਾ ਤਾਂ ਉਨ੍ਹਾਂ ਨੇ ਕੋਲਾਬਾ 'ਚ ਫਲੈਟ ਖਰੀਦ ਲਿਆ। ਇੱਥੇ ਉਹ ਆਪਣੇ 7 ਬੱਚਿਆਂ ਨਾਲ ਰਹਿੰਦੇ ਸਨ। ਰਫੀ ਸਾਹਿਬ ਨੂੰ ਪਬਲੀਸਿਟੀ ਬਿਲਕੁਲ ਪਸੰਦ ਨਹੀਂ ਸੀ।

PunjabKesari

ਉਹ ਜਦੋਂ ਵੀ ਕਿਸੇ ਵਿਆਹ 'ਚ ਜਾਂਦੇ ਸਨ ਤਾਂ ਡਰਾਈਵਰ ਨੂੰ ਕਹਿੰਦੇ ਸਨ ਕਿ ਇੱਥੇ ਹੀ ਖੜ੍ਹੇ ਰਹੋ। ਰਫੀ ਸਾਹਿਬ ਸਿੱਧੇ ਕਪਲ ਕੋਲ ਜਾ ਕੇ ਉਨ੍ਹਾਂ ਨੂੰ ਵਧਾਈ ਦਿੰਦੇ ਸਨ ਅਤੇ ਫਿਰ ਆਪਣੀ ਕਾਰ 'ਚ ਆ ਜਾਂਦੇ ਸਨ। ਉਹ ਜ਼ਿਆਦਾ ਸਮਾਂ ਵਿਆਹ 'ਚ ਵੀ ਨਹੀਂ ਰੁਕਦੇ ਸਨ। ਰਫੀ ਸਾਹਿਬ ਨੇ ਕਦੇ ਕੋਈ ਇੰਟਰਵਿਊ ਨਹੀਂ ਦਿੱਤਾ। ਉਨ੍ਹਾਂ ਦੇ ਸਾਰੇ ਇੰਟਰਵਿਊਜ਼ ਉਨ੍ਹਾਂ ਦੇ ਵੱਡੇ ਭਰਾ ਅਬਦੁੱਲ ਅਮੀਨ ਹੈਂਡਲ ਕਰਦੇ ਸਨ।

PunjabKesari

ਗੀਤ ਤੋਂ ਇਲਾਵਾ ਮੁਹੰਮਦ ਰਫੀ ਸਾਹਿਬ ਨੂੰ ਬੈਡਮਿੰਟਨ ਅਤੇ ਪਤੰਗ ਉਡਾਉਣ ਦਾ ਬੇਹੱਦ ਸ਼ੌਕ ਸੀ। ਰਫੀ ਸਾਹਿਬ ਦੇ ਘਰੋਂ ਕੋਈ ਖਾਲੀ ਹੱਥ ਨਹੀਂ ਜਾਂਦਾ ਸੀ। ਰਫੀ ਸਾਹਿਬ ਦੇ ਦਿਹਾਂਤ ਤੋਂ ਕੁਝ ਦਿਨਾਂ ਪਹਿਲਾਂ ਕੋਲਕਾਤਾ ਤੋਂ ਕੁਝ ਲੋਕ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ। ਉਹ ਚਾਹੁੰਦੇ ਸਨ ਕਿ ਰਫੀ ਸਾਹਿਬ ਕਾਲੀ ਪੂਜਾ ਲਈ ਗੀਤ ਗਾਉਣ, ਜਿਸ ਦਿਨ ਰਿਕਾਰਡਿੰਗ ਸੀ ਉਸ ਦਿਨ ਰਫੀ ਸਾਹਿਬ ਦੀ ਛਾਤੀ 'ਚ ਦਰਦ ਹੋ ਰਿਹਾ ਸੀ ਪਰ ਉਨ੍ਹਾਂ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ।

PunjabKesari ਹਾਲਾਂਕਿ ਰਫੀ ਸਾਹਿਬ ਬੰਗਾਲੀ ਗੀਤ ਨਹੀਂ ਗਾਉਣਾ ਚਾਹੁੰਦੇ ਸਨ ਪਰ ਫਿਰ ਵੀ ਉਨ੍ਹਾਂ ਨੇ ਗਾਇਆ। ਉਹ ਦਿਨ ਰਫੀ ਸਾਹਿਬ ਦਾ ਆਖਰੀ ਦਿਨ ਸੀ। ਉਸੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋਇਆ ਸੀ।


Edited By

Chanda Verma

Chanda Verma is news editor at Jagbani

Read More