Movie Review: ''ਜੌਲੀ ਐੱਲ. ਐੱਲ. ਬੀ-2''

Friday, February 10, 2017 5:25 PM
Movie Review: ''ਜੌਲੀ ਐੱਲ. ਐੱਲ. ਬੀ-2''
ਮੁੰਬਈ- 2013 ''ਚ ਆਈ ''ਜੌਲੀ ਐੱਲ. ਐੱਲ. ਬੀ.'' ਦੀ ਸੀਕਵੇਲ ਹੈ ''ਜੌਲੀ ਐੱਲ. ਐੱਲ. ਬੀ-2''। ਪਹਿਲੀ ਫਿਲਮ ''ਚ ਅਰਸ਼ਦ ਵਾਰਸੀ, ਬੋਮਨ ਇਰਾਨੀ ਅਤੇ ਅੰਮ੍ਰਿਤਾ ਰਾਓ ਮੁੱਖ ਭੂਮਿਕਾ ''ਚ ਸਨ ਜਦੋਂ ਕਿ ਇਸ ਫਿਲਮ ''ਚ ਅਕਸ਼ੈ ਕੁਮਾਰ, ਹੁਮਾ ਕੁਰੈਸ਼ੀ ਅਤੇ ਅਨੂੰ ਕਪੂਰ ਮੁੱਖ ਭੂਮਿਕਾ ''ਚ ਹਨ। ਇਸ ਸੀਰੀਜ਼ ਦੀਆਂ ਦੋਵੇਂ ਫਿਲਮਾਂ ਦੇ ਨਿਰਦੇਸ਼ਕ ਹਨ ਸੁਭਾਸ਼ ਕਪੂਰ। ਫਿਲਮ ''ਜੌਲੀ ਐੱਲ. ਐੱਲ. ਬੀ.-2'' ਸਾਨੂੰ ਸਾਡੀ ਨਿਆਂ ਦੀ ਪ੍ਰਕਿਰਿਆ ਨੂੰ ਦਿਖਾਉਂਦੀ ਹੈ। ਭਾਰਤ ਦੀ ਜਨਸੰਖਿਆ 125 ਕਰੋੜ ਹੈ। ਪਰ ਬਸ 20 ਹਜ਼ਾਰ ਹੀ ਜੱਜ ਹਨ ਜਦੋਂ ਕਿ ਸਾਢੇ ਤਿੰਨ ਕਰੋੜ ਮੁਕੱਦਮੇ ਅਜਿਹੇ ਹਨ, ਜਿਨ੍ਹਾਂ ਦਾ ਫੈਸਲਾ ਹੋਣਾ ਬਾਕੀ ਹੈ।
ਕਾਮੇਡੀ, ਵਿਅੰਗ ਅਤੇ ਕੋਰਟ ਰੂਮ ਡਰਾਮਾ ਨਾਲ ਭਰਪੂਰ ਫਿਲਮ ''ਜੌਲੀ ਐੱਲ. ਐੱਲ. ਬੀ.-2'' ਦੀ ਕਹਾਣੀ ਹੈ ਜੌਲੀ ਮਤਲਬ ਜਗਦੀਸ਼ਵਰ ਮਿਸ਼ਰਾ ਨਾਂ ਦੇ ਇਕ ਵਕੀਲ ਦੀ। ਜੌਲੀ ਹਾਲਾਂਕਿ ਇਕ ਅਸਫਲ ਵਕੀਲ ਹੈ ਪਰ ਉਸ ਦੇ ਵੀ ਵੱਡੇ-ਵੱਡੇ ਸੁਪਨੇ ਹਨ ਕਿ ਉਹ ਵੀ ਇਕ ਦਿਨ ਬਹੁਤ ਵੱਡਾ ਵਕੀਲ ਬਣੇ, ਬਹੁਤ ਵੱਡੇ-ਵੱਡੇ ਮੁਕੱਦਮੇ ਲੜੇ ਅਤੇ ਜਿੱਤੇ, ਇਕ ਵੱਡੀ ਜਿਹੀ ਰੋਲਸ ਰਾਇਸ ਗੱਡੀ ਉਸ ਕੋਲ ਹੋਵੇ। ਆਪਣੇ ਇਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਉਹ ਕਾਨਪੁਰ ਤੋਂ ਲਖਨਊ ਆਉਂਦਾ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮੁਕੱਦਮਾ ਲੜ ਕੇ ਜੌਲੀ ਜਲਦੀ ਪੈਸਾ ਬਣਾਉਣਾ ਚਾਹੁੰਦਾ ਹੈ।
ਇਸ ਤਰ੍ਹਾਂ ਕੋਰਟ ਦੇ ਹਾਲ ''ਚ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਜੌਲੀ ਪੁਸ਼ਪਾ ਪਾਂਡੇਯ (ਹੁਮਾ ਕੁਰੈਸ਼ੀ) ਨਾਲ ਪਿਆਰ ਕਰਦਾ ਹੈ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ। ਜੌਲੀ ਦੇ ਸੁਪਨਿਆਂ ਨੂੰ ਉਡਾਨ ਦੇਣ ਲਈ ਉਸ ਕੋਲ ਇਕ ਅਜਿਹਾ ਸੱਚਾ ਪਰ ਮੁਸ਼ਕਲ ਮੁਕੱਦਮਾ ਆਉਂਦਾ ਹੈ, ਜਿਸ ਨੂੰ ਉਸ ਨੇ ਕਿਸੇ ਵੀ ਤਰ੍ਹਾਂ ਜਿੱਤਣਾ ਹੈ, ਜਦੋਂ ਕਿ ਉਸ ਦੇ ਸਾਹਮਣੇ ਬਹੁਤ ਹੀ ਚਲਾਕ ਅਤੇ ਭ੍ਰਿਸ਼ਟ ਵਕੀਲ ਖੜ੍ਹਾ ਹੈ ਸਚਿਨ ਕਾਂਤੀਲਾਲ ਮਾਥੁਰ (ਅਨੂੰ ਕਪੂਰ) ਜੋ ਕਿਸੇ ਵੀ ਮੁਕੱਦਮੇ ਦਾ ਰੁਖ਼ ਮੋੜ ਕੇ ਆਪਣੇ ਵੱਲ ਕਰਨ ਦੀ ਸਮਰੱਥਾ ਰੱਖਦਾ ਹੈ।
ਮਾਥੁਰ ਆਪਣੇ ਕੇਸ ਨੂੰ ਜਿੱਤਣ ਲਈ ਕਿਸੇ ਵੀ ਹੱਦ ਤਕ ਜਾਣ ਵਾਲਾ ਵਕੀਲ ਹੈ। ਅਜਿਹੇ ਵਕੀਲ ਦੇ ਸਾਹਮਣੇ ਕੀ ਜੌਲੀ ਖੜ੍ਹਾ ਵੀ ਰਹਿ ਸਕੇਗਾ? ਕੀ ਜੌਲੀ ਆਪਣੀ ਵਕਾਲਤ ਜ਼ਰੀਏ ਆਪਣੇ ਸੱਚੇ ਮੁਲਜ਼ਮ ਨੂੰ ਨਿਆਂ ਦਿਵਾ ਸਕੇਗਾ ਜਾਂ ਮਾਥੁਰ ਵਰਗੇ ਚਲਾਕ ਵਕੀਲ, ਜਿਸ ਨੂੰ ਸਾਰੇ ਦਾਅ-ਪੇਚ ਆਉਂਦੇ ਹਨ, ਦੇ ਸਾਹਮਣੇ ਗੋਡੇ ਟੇਕ ਦੇਵੇਗਾ? ਇਹੀ ਇਸ ਫਿਲਮ ''ਚ ਦਿਖਾਇਆ ਗਿਆ ਹੈ।

About The Author

Anuradha Sharma

Anuradha Sharma is News Editor at Jagbani.

Read More