Movie Review : 'ਆਟੇ ਦੀ ਚਿੜੀ' ਅੱਜ ਦੇ ਪੰਜਾਬ ਦੀ ਅਸਲ ਕਹਾਣੀ

10/19/2018 12:27:43 PM

ਫਿਲਮ— ਆਟੇ ਦੀ ਚਿੜੀ
ਸਟਾਰਕਾਸਟ— ਨੀਰੂ ਬਾਜਵਾ, ਅੰਮ੍ਰਿਤ ਮਾਨ, ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਨਿਸ਼ਾ ਬਾਨੋ, ਬੀ. ਐੱਨ. ਸ਼ਰਮਾ, ਅਨਮੋਲ ਵਰਮਾ, ਹਾਰਬੀ ਸੰਘਾ, ਨਿਰਮਸ਼ ਰਿਸ਼ੀ ਤੇ ਹੋਰ।
ਡਾਇਰੈਕਟਰ— ਹੈਰੀ ਭੱਟੀ
ਪ੍ਰੋਡਿਊਸਰ— ਚਰਨਜੀਤ ਸਿੰਘ ਵਾਲੀਆ ਤੇ ਤੇਗਬੀਰ ਸਿੰਘ ਵਾਲੀਆ
ਕੋ-ਪ੍ਰੋਡਿਊਸਰ— ਜੀ. ਆਰ. ਐੱਸ. ਚੀਨਾ
ਕਹਾਣੀ— ਰਾਜੂ ਵਰਮਾ
ਸਮਾਂ ਹੱਦ— 2 ਘੰਟੇ 22 ਮਿੰਟ

ਅੱਜ ਪੰਜਾਬੀ ਫਿਲਮ 'ਆਟੇ ਦੀ ਚਿੜੀ' ਰਿਲੀਜ਼ ਹੋਈ ਹੈ। ਦੁਸਹਿਰ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਇਸ ਨੂੰ ਅੱਜ ਯਾਨੀ ਕਿ ਵੀਰਵਾਰ ਨੂੰ ਰਿਲੀਜ਼ ਕੀਤਾ ਗਿਆ ਹੈ। ਫਿਲਮ ਦਾ ਵੀਕੈਂਡ ਇਸ ਹਿਸਾਬ ਨਾਲ 4 ਦਿਨਾਂ ਦਾ ਬਣਦਾ ਹੈ। ਆਓ ਜਾਣਦੇ ਹਾਂ ਕਿ ਫਿਲਮ 'ਆਟੇ ਦੀ ਚਿੜੀ' ਤੁਹਾਨੂੰ ਕਿਉਂ ਦੇਖਣੀ ਚਾਹੀਦੀ ਹੈ—

ਕਹਾਣੀ
ਫਿਲਮ ਦੀ ਕਹਾਣੀ ਕੈਨੇਡਾ 'ਚ ਰਹਿੰਦੇ ਪੰਜਾਬੀ ਪਰਿਵਾਰ ਤੋਂ ਸ਼ੁਰੂ ਹੁੰਦੀ ਹੈ, ਜਿਨ੍ਹਾਂ ਦਾ ਬਜ਼ੁਰਗ ਪੰਜਾਬ ਆਉਣਾ ਚਾਹੁੰਦਾ ਹੈ। ਉਸ ਦਾ ਪੰਜਾਬ ਨੂੰ ਲੈ ਕੇ ਪਿਆਰ ਇੰਨਾ ਜ਼ਿਆਦਾ ਹੈ ਕਿ ਕੈਨੇਡਾ ਰਹਿ ਕੇ ਵੱਡੀਆਂ-ਵੱਡੀਆਂ ਖੁਸ਼ੀਆਂ ਹਾਸਲ ਕਰਨ ਦੇ ਬਾਵਜੂਦ ਪੰਜਾਬ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਤਰਸਦਾ ਹੈ। ਕਿਸੇ ਤਰ੍ਹਾਂ ਕਰਕੇ ਬਜ਼ੁਰਗ ਤੇ ਉਨ੍ਹਾਂ ਦਾ ਪਰਿਵਾਰ ਪੰਜਾਬ ਆਉਂਦਾ ਹੈ ਪਰ ਪੰਜਾਬ ਆ ਕੇ ਜਦੋਂ ਉਹ ਅੱਜ ਦਾ ਮਾਹੌਲ ਦੇਖਦੇ ਹਨ ਤਾਂ ਉਨ੍ਹਾਂ ਦਾ ਦਿਲ ਪਸੀਜ ਜਾਂਦਾ ਹੈ। ਹੁਣ ਉਹ ਅਖੀਰ ਪੰਜਾਬ ਰਹਿੰਦੇ ਹਨ ਜਾਂ ਵਾਪਸ ਕੈਨੇਡਾ ਚਲੇ ਜਾਂਦੇ ਹਨ, ਇਹ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਮ ਦੀ ਕਹਾਣੀ ਨੂੰ ਖੂਬਸੂਰਤ ਨਾਲ ਲਿਖਿਆ ਗਿਆ ਹੈ, ਜਿਸ 'ਚ ਅੱਜ ਦੇ ਪੰਜਾਬ ਦੇ ਸਮਾਜਿਕ ਮੁੱਦਿਆਂ ਨੂੰ ਗੰਭੀਰਦਾ ਨਾਲ ਦਿਖਾਇਆ ਗਿਆ ਹੈ। ਫਿਲਮ ਤੁਹਾਨੂੰ ਹਸਾਏਗੀ ਹੀ ਨਹੀਂ, ਸਗੋਂ ਕਿਤੇ ਨਾਲ ਕਿਤੇ ਅੱਜ ਦੇ ਪੰਜਾਬ ਦੇ ਮਾਹੌਲ ਬਾਰੇ ਸੋਚਣ 'ਤੇ ਮਜਬੂਰ ਵੀ ਕਰੇਗੀ।

ਅਦਾਕਾਰੀ
ਅਦਾਕਾਰੀ ਪੱਖੋਂ ਫਿਲਮ ਮਜ਼ਬੂਤ ਹੈ। ਅੰਮ੍ਰਿਤ ਮਾਨ ਤੇ ਨੀਰੂ ਬਾਜਵਾ ਦੀ ਕੈਮਿਸਟਰੀ ਫਿਲਮ 'ਚ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਤੋਂ ਇਲਾਵਾ ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਨਿਸ਼ਾ ਬਾਨੋ, ਬੀ. ਐੱਨ. ਸ਼ਰਮਾ, ਅਨਮੋਲ ਵਰਮਾ, ਹਾਰਬੀ ਸੰਘਾ ਤੇ ਨਿਰਮਲ ਰਿਸ਼ੀ ਨੇ ਵੀ ਆਪਣੇ ਕਿਰਦਾਰਾਂ ਨਾਲ ਨਿਆਂ ਕੀਤਾ ਹੈ। ਡਾਇਲਾਗਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਰਦਾਰ ਸੋਹੀ, ਕਰਮਜੀਤ ਅਨਮੋਲ ਤੇ ਬੀ. ਐੱਨ. ਸ਼ਰਮਾ ਖੂਬ ਹਸਾਉਂਦੇ ਹਨ।

ਡਾਇਰੈਕਸ਼ਨ
ਹੈਰੀ ਭੱਟੀ ਵਲੋਂ ਡਾਇਰੈਕਟ ਕੀਤੀ ਗਈ ਇਹ ਤੀਜੀ ਫਿਲਮ ਹੈ। ਇਸ ਤੋਂ ਪਹਿਲਾਂ ਉਹ 'ਰੱਬ ਦਾ ਰੇਡੀਓ' ਤੇ 'ਸਰਦਾਰ ਮੁਹੰਮਦ' ਵਰਗੀਆਂ ਫਿਲਮਾਂ ਡਾਇਰੈਕਟ ਕਰ ਚੁੱਕੇ ਹਨ। ਹੈਰੀ ਨੂੰ ਵੱਖਰੇ ਕੰਸੈਪਟ ਪਰਦੇ 'ਤੇ ਲਿਆਉਣ ਲਈ ਜਾਣਿਆ ਜਾਂਦਾ ਹੈ ਤੇ ਇਸ ਵਾਰ ਵੀ ਅਜਿਹਾ ਹੀ ਹੋਇਆ ਹੈ। 'ਆਟੇ ਦੀ ਚਿੜੀ' ਤੁਹਾਡਾ ਦਿਲ ਲਗਾ ਕੇ ਰੱਖੇਗੀ ਤੇ ਕਿਤੇ ਵੀ ਬੋਰ ਨਹੀਂ ਹੋਣ ਦੇਵੇਗੀ। ਫਿਲਮ 'ਚ ਕੈਨੇਡਾ ਤੇ ਪੰਜਾਬ ਦੇ ਸੀਨਜ਼ ਨੂੰ ਵਧੀਆ ਢੰਗ ਨਾਲ ਦਿਖਾਇਆ ਗਿਆ ਹੈ।

ਮਿਊਜ਼ਿਕ
ਫਿਲਮ ਦੇ ਗੀਤਾਂ ਦੇ ਨਾਲ-ਨਾਲ ਇਸ ਦਾ ਬੈਕਗਰਾਊਂਡ ਸੰਗੀਤ ਵੀ ਮਾਹੌਲ ਦੇ ਹਿਸਾਬ ਨਾਲ ਬਣਾਇਆ ਗਿਆ ਹੈ। ਜਿੰਨੇ ਵੀ ਰਿਲੀਜ਼ ਗੀਤ ਰਿਲੀਜ਼ ਹੋਏ ਹਨ, ਉਨ੍ਹਾਂ ਨੂੰ ਲੋਕਾਂ ਵਲੋਂ ਪਸੰਦ ਕੀਤਾ ਗਿਆ ਹੈ।

ਹੁਣ ਜੇਕਰ ਇਸ ਵੀਕੈਂਡ ਤੁਸੀਂ ਆਪਣੇ ਪਰਿਵਾਰ ਨਾਲ ਇਕ ਅਜਿਹੀ ਫਿਲਮ ਦੇਖਣਾ ਚਾਹੁੰਦੇ ਹੋ, ਜੋ ਪਰਿਵਾਰਕ ਹੋਣ ਦੇ ਨਾਲ-ਨਾਲ ਤੁਹਾਡਾ ਮਨੋਰੰਜਨ ਵੀ ਭਰਪੂਰ ਕਰੇ ਤਾਂ 'ਆਟੇ ਦੀ ਚਿੜੀ' ਇਕ ਚੰਗਾ ਆਪਸ਼ਨ ਹੈ। ਅਸੀਂ ਇਸ ਫਿਲਮ ਨੂੰ 5 'ਚੋਂ 4 ਸਟਾਰਜ਼ ਦਿੰਦੇ ਹਾਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News