''ਪਦਮਾਵਤ'' ਮੂਵੀ ਰੀਵਿਊ : ਵਿਰੋਧ ਕਰ ਰਹੇ ਸੰਗਠਨ ਇਕ ਵਾਰ ਜ਼ਰੂਰ ਦੇਖਣ ਫਿਲਮ

1/26/2018 5:30:19 PM

ਜਲੰਧਰ (ਰਾਹੁਲ ਸਿੰਘ)— 'ਪਦਮਾਵਤ' ਫਿਲਮ ਭਾਰਤ 'ਚ ਰਿਲੀਜ਼ ਹੋ ਗਈ ਹੈ। ਹਾਲਾਂਕਿ ਕੁਝ ਸੂਬਿਆਂ 'ਚ ਇਸ ਦੇ ਸ਼ੋਅ ਰੱਦ ਕੀਤੇ ਜਾ ਰਹੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਕੁਝ ਰਾਜਪੂਤ ਸੰਗਠਨਾਂ ਦਾ ਮੰਨਣਾ ਹੈ ਕਿ ਫਿਲਮ 'ਚ ਉਨ੍ਹਾਂ ਦੀ ਰਾਣੀ ਪਦਮਾਵਤੀ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਦੇ ਵਿਰੋਧ 'ਚ ਦੇਸ਼ ਦੇ ਕਈ ਹਿੱਸਿਆਂ 'ਚ ਹਿੰਸਾ ਇੰਨੀ ਭੜਕ ਗਈ ਕਿ ਕਰਣੀ ਸੇਨਾ ਸਮੇਤ ਹੋਰ ਰਾਜਪੂਤ ਸੰਗਠਨ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਲੱਗ ਪਏ। ਅੱਜ ਅਸੀਂ ਤੁਹਾਨੂੰ ਸਿਰਫ ਫਿਲਮ ਦਾ ਰੀਵਿਊ ਹੀ ਨਹੀਂ ਦੇਵਾਂਗੇ, ਸਗੋਂ ਇਹ ਵੀ ਦੱਸਾਂਗੇ ਕਿ ਜਿਹੜਾ ਵਿਰੋਧ ਫਿਲਮ ਨੂੰ ਲੈ ਕੇ ਕੀਤਾ ਜਾ ਰਿਹਾ ਹੈ, ਅਜਿਹਾ ਕੁਝ ਫਿਲਮ 'ਚ ਦਿਖਾਇਆ ਗਿਆ ਹੈ ਜਾਂ ਨਹੀਂ। ਕੀ ਤੁਹਾਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਜਾਂ ਨਹੀਂ? ਆਓ ਜਾਣਦੇ ਹਾਂ—

ਫਿਲਮ : ਪਦਮਾਵਤ
ਸਟਾਰ ਕਾਸਟ : ਰਣਵੀਰ ਸਿੰਘ, ਦੀਪਿਕਾ ਪਾਦੁਕੋਣ, ਸ਼ਾਹਿਦ ਕਪੂਰ, ਅਦਿਤੀ ਰਾਓ ਹੈਦਰੀ, ਜਿਮ ਸਰਭ, ਰਜ਼ਾ ਮੁਰਾਦ ਤੇ ਅਨੁਪ੍ਰਿਆ ਗੋਇਨਕਾ
ਡਾਇਰੈਕਟਰ : ਸੰਜੇ ਲੀਲਾ ਭੰਸਾਲੀ
ਪ੍ਰੋਡਿਊਸਰ : ਸੰਜੇ ਲੀਲਾ ਭੰਸਾਲੀ, ਸੁਧਾਂਸ਼ੂ ਵਤਸ ਤੇ ਅਜੀਤ ਅੰਧਾਰੇ
ਲੇਖਕ : ਸੰਜੇ ਲੀਲਾ ਭੰਸਾਲੀ, ਪ੍ਰਕਾਸ਼ ਕਪਾੜੀਆ
ਸੰਗੀਤ : ਸੰਜੇ ਲੀਲਾ ਭੰਸਾਲੀ, ਸੰਚਿਤ ਬਲਹਾਰਾ
ਪ੍ਰੋਡਕਸ਼ਨ ਕੰਪਨੀ : ਭੰਸਾਲੀ ਪ੍ਰੋਡਕਸ਼ਨਜ਼, ਵਾਇਕਾਮ 18 ਮੋਸ਼ਨ ਪਿਕਚਰਜ਼
ਰਿਲੀਜ਼ ਡੇਟ : 25 ਜਨਵਰੀ 2018
ਸਮਾਂ : 163 ਮਿੰਟ
ਬਜਟ : 190 ਕਰੋੜ

'ਪਦਮਾਵਤ' ਨੂੰ ਸੰਜੇ ਲੀਲਾ ਭੰਸਾਲੀ ਦੀ ਹੁਣ ਤਕ ਦੀ ਸ਼ਾਨਦਾਰ ਫਿਲਮ ਕਹਿਣਾ ਗਲਤ ਨਹੀਂ ਹੋਵੇਗਾ। ਫਿਲਮ ਦਾ ਹਰ ਦ੍ਰਿਸ਼, ਹਰ ਕਿਰਦਾਰ ਉੱਭਰ ਕੇ ਸਾਹਮਣੇ ਆਉਂਦਾ ਹੈ ਤੇ ਦਰਸ਼ਕਾਂ 'ਚ ਸ਼ੁਰੂ ਤੋਂ ਲੈ ਕੇ ਅਖੀਰ ਤਕ ਫਿਲਮ ਪ੍ਰਤੀ ਖਿੱਚ ਬਣੀ ਰਹਿੰਦੀ ਹੈ। ਫਿਲਮ ਕਾਫੀ ਲੰਮੀ ਹੈ ਪਰ ਇਸ ਦੇ ਬਾਵਜੂਦ ਇਹ ਤੁਹਾਨੂੰ ਬੋਰ ਨਹੀਂ ਕਰਦੀ। ਫਿਲਮ ਦੀ ਸ਼ੁਰੂਆਤ ਤੋਂ ਹੀ ਹਰ ਕਿਰਦਾਰ ਤੁਹਾਡੇ ਦਿਲ ਅੰਦਰ ਜਗ੍ਹਾ ਬਣਾ ਲੈਂਦਾ ਹੈ। ਫਿਲਮ 'ਚ ਪਹਿਰਾਵੇ ਤੇ ਸੈੱਟ ਬੇਹੱਦ ਸ਼ਾਨਦਾਰ ਲੱਗਦੇ ਹਨ।
ਰਣਵੀਰ ਸਿੰਘ ਨੇ ਫਿਲਮ 'ਚ ਅਲਾਊਦੀਨ ਖਿਲਜੀ ਦਾ ਕਿਰਦਾਰ ਨਿਭਾਇਆ ਹੈ। ਅਦਾਕਾਰੀ ਪੱਖੋਂ ਜੇਕਰ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਇੰਝ ਲੱਗੇਗਾ ਜਿਵੇਂ ਪਰਦੇ 'ਤੇ ਤੁਸੀਂ ਰਣਵੀਰ ਨਹੀਂ, ਸਗੋਂ ਅਲਾਊਦੀਨ ਨੂੰ ਹੀ ਦੇਖ ਰਹੇ ਹੋ। ਰਣਵੀਰ ਦੇ ਹਰ ਦ੍ਰਿਸ਼ 'ਤੇ ਤੁਹਾਡੀਆਂ ਨਜ਼ਰਾਂ ਟਿਕ ਜਾਣਗੀਆਂ ਤੇ ਤੁਹਾਡੇ ਮਨ ਅੰਦਰ ਉਸ ਨੂੰ ਵਾਰ-ਵਾਰ ਦੇਖਣ ਦੀ ਚਾਹ ਬਣੇਗੀ।
ਦੀਪਿਕਾ ਪਾਦੁਕੋਣ ਨੇ ਰਾਣੀ ਪਦਮਾਵਤੀ ਦਾ ਕਿਰਦਾਰ ਬੇਹੱਦ ਸ਼ਾਨਦਾਰ ਢੰਗ ਨਾਲ ਨਿਭਾਇਆ ਹੈ। ਦੀਪਿਕਾ ਦੇ ਪਹਿਰਾਵੇ ਤੋਂ ਲੈ ਕੇ ਡਾਇਲਾਗਸ ਤਕ, ਹਰ ਚੀਜ਼ 'ਚ ਸਾਦਗੀ, ਸੰਜੀਦਗੀ ਤੇ ਸਨਮਾਨ ਦੀ ਭਾਵਨਾ ਨਜ਼ਰ ਆਉਂਦੀ ਹੈ। ਸੁੰਦਰਤਾ ਦੇ ਨਾਲ-ਨਾਲ ਯੁੱਧ ਨੀਤੀ ਬਣਾਉਣਾ ਤੇ ਆਪਣੇ ਪਤੀ ਨੂੰ ਅਲਾਊਦੀਨ ਦੀ ਕੈਦ 'ਚੋਂ ਰਿਹਾਅ ਕਰਵਾਉਣਾ, ਇਹ ਅਜਿਹੇ ਦ੍ਰਿਸ਼ ਹਨ, ਜਿਨ੍ਹਾਂ 'ਚ ਦੀਪਿਕਾ, ਰਣਵੀਰ 'ਤੇ ਵੀ ਭਾਰੀ ਪੈਂਦੀ ਨਜ਼ਰ ਆਵੇਗੀ।
ਸ਼ਾਹਿਦ ਕਪੂਰ ਨੇ ਮਹਾਰਾਜਾ ਰਾਵਲ ਰਤਨ ਸਿੰਘ ਦੇ ਕਿਰਦਾਰ ਨਾਲ ਬਿਲਕੁਲ ਨਿਆਂ ਕੀਤਾ ਹੈ। ਉਹ ਅਸੂਲਾਂ ਦੇ ਕਿੰਨੇ ਪੱਕੇ ਸਨ, ਇਹ ਦਿਖਾਉਣ 'ਚ ਸ਼ਾਹਿਦ ਨੇ ਕੋਈ ਕਸਰ ਨਹੀਂ ਛੱਡੀ ਹੈ। ਨਿਹੱਥੇ ਤੇ ਕਮਜ਼ੋਰ 'ਤੇ ਵਾਰ ਕਰਨਾ ਰਾਜਪੂਤਾਂ ਦੇ ਰੀਤੀ-ਰਿਵਾਜਾਂ ਦੇ ਖਿਲਾਫ ਹੈ ਤੇ ਇਸ ਗੱਲ ਨੂੰ ਪਰਦੇ 'ਤੇ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ।
ਫਿਲਮ ਦੇ ਬਾਕੀ ਕਲਾਕਾਰਾਂ ਨੇ ਵੀ ਚੰਗਾ ਕੰਮ ਕੀਤਾ ਹੈ ਪਰ ਉਨ੍ਹਾਂ ਦੇ ਰੋਲ ਜ਼ਿਆਦਾ ਨਹੀਂ ਹਨ। ਫਿਲਮ ਦਾ ਡਾਇਰੈਕਸ਼ਨ, ਸੰਗੀਤ, ਸਿਨੇਮਾਟੋਗ੍ਰਾਫੀ ਤੇ ਡਾਇਲਾਗਸ ਸ਼ਾਨਦਾਰ ਹਨ।
ਹੁਣ ਆਉਂਦੇ ਹਾਂ ਤੁਹਾਡੇ ਸਵਾਲਾਂ ਦੇ ਜਵਾਬ 'ਚ। ਪਹਿਲੀ ਗੱਲ ਤਾਂ ਇਹ ਕਿ ਫਿਲਮ 'ਚ ਅਜਿਹਾ ਕੋਈ ਵੀ ਦ੍ਰਿਸ਼ ਨਹੀਂ ਹੈ, ਜਿਸ ਨਾਲ ਰਾਣੀ ਪਦਮਾਵਤੀ ਦੇ ਸਨਮਾਨ ਨੂੰ ਠੇਸ ਪਹੁੰਚੀ ਹੈ। ਫਿਲਮ 'ਚ ਰਾਣੀ ਪਦਮਾਵਤੀ ਉਨੀ ਹੀ ਪਵਿੱਤਰ ਤੇ ਗੁਣਾਂ ਨਾਲ ਭਰਪੂਰ ਦਿਖਾਈ ਗਈ ਹੈ, ਜਿਸ ਤਰ੍ਹਾਂ ਦੇ ਉਹ ਅਸਲ 'ਚ ਸਨ। ਨਾ ਤਾਂ ਫਿਲਮ 'ਚ ਅਲਾਊਦੀਨ ਤੇ ਰਾਣੀ ਪਦਮਾਵਤੀ ਵਿਚਾਲੇ ਕੋਈ ਡਰੀਮ ਸੀਕੁਐਂਸ ਹੈ ਤੇ ਨਾ ਹੀ ਦੋਵਾਂ ਨੂੰ ਕਿਸੇ ਦ੍ਰਿਸ਼ 'ਚ ਇਕੱਠਿਆਂ ਦਿਖਾਇਆ ਗਿਆ ਹੈ। ਜੇਕਰ ਵਿਰੋਧ ਕਰ ਰਹੇ ਸੰਗਠਨ ਇਸ ਫਿਲਮ ਨੂੰ ਇਕ ਵਾਰ ਦੇਖ ਲੈਣ ਤਾਂ ਸ਼ਾਇਦ ਉਹ ਸੰਜੇ ਲੀਲਾ ਭੰਸਾਲੀ ਦਾ ਖੁਦ ਸਨਮਾਨ ਕਰਨ ਜਾਣਗੇ। ਰਾਜਪੂਤ ਸੱਭਿਆਚਾਰ ਤੇ ਉਨ੍ਹਾਂ ਦੇ ਰੀਤੀ-ਰਿਵਾਜਾਂ ਨੂੰ ਬੜੀ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ। 'ਪਮਾਦਵਤ' ਫਿਲਮ ਸਿਰਫ ਰਾਜਪੂਤ ਭਾਈਚਾਰੇ ਨੂੰ ਹੀ ਨਹੀਂ, ਸਗੋਂ ਹਰ ਧਰਮ ਦੇ ਵਿਅਕਤੀ ਨੂੰ ਦੇਖਣੀ ਚਾਹੀਦੀ ਹੈ ਕਿਉਂਕਿ ਇਸ ਫਿਲਮ 'ਚ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਨ। ਤੁਹਾਨੂੰ ਇਹ ਫਿਲਮ ਮਹਿਲਾ ਦਾ ਸਨਮਾਨ ਕਰਨਾ ਦੱਸਦੀ ਹੈ। ਆਪਣੇ ਅਸੂਲਾਂ 'ਤੇ ਚੱਲਣ ਦੀ ਸੇਧ ਦਿੰਦੀ ਹੈ। ਨਿਹੱਥੇ ਤੇ ਕਮਜ਼ੋਰ 'ਤੇ ਹਮਲਾ ਕਰਨ ਤੋਂ ਰੋਕਦੀ ਹੈ। ਅਖੀਰ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿੰਨਾ ਵਿਰੋਧ ਫਿਲਮ ਨੂੰ ਲੈ ਕੇ ਹੋ ਰਿਹਾ ਹੈ, ਉਸ ਤਰ੍ਹਾਂ ਦਾ ਫਿਲਮ 'ਚ ਕੁਝ ਵੀ ਨਹੀਂ ਦਿਖਾਇਆ ਗਿਆ। ਫਿਲਮ ਨੂੰ ਅਸੀਂ 5 ਵਿਚੋਂ 4 ਸਟਾਰ ਦਿੰਦੇ ਹਾਂ। ਇਕ ਸਟਾਰ ਘੱਟ ਇਸ ਲਈ ਕਿਉਂਕਿ ਫਿਲਮ 'ਚ ਯੁੱਧ ਤਾਂ ਦਿਖਾਇਆ ਗਿਆ ਹੈ ਪਰ ਉਸ ਨੂੰ ਜ਼ਿਆਦਾ ਹਾਈਲਾਈਟ ਨਹੀਂ ਕੀਤਾ ਗਿਆ। ਐਕਸ਼ਨ ਹਥਿਆਰਾਂ ਨਾਲ ਤਾਂ ਬਹੁਤ ਕੀਤਾ ਗਿਆ ਹੈ ਪਰ ਜਿਸ ਤਰ੍ਹਾਂ ਦੇ ਯੁੱਧ ਵਾਲੇ ਦ੍ਰਿਸ਼ ਅਸੀਂ 'ਬਾਹੂਬਲੀ' ਵਰਗੀ ਫਿਲਮ 'ਚ ਦੇਖ ਚੁੱਕੇ ਹਾਂ, ਉਸ ਤਰ੍ਹਾਂ ਦਾ ਕੁਝ ਵੀ ਦੇਖਣ ਨੂੰ ਨਹੀਂ ਮਿਲੇਗਾ। ਇਕ ਗੱਲ ਹੋਰ ਜੇਕਰ ਤੁਸੀਂ 'ਬਾਹੂਬਲੀ' ਦੇਖੀ ਹੈ ਤਾਂ 'ਪਦਮਾਵਤ' ਦੇ ਦ੍ਰਿਸ਼ ਤੇ ਵੀ. ਐੱਫ. ਐਕਸ. ਤੁਹਾਨੂੰ ਉਸ ਨਾਲੋਂ ਬਿਹਤਰ ਲੱਗਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News