Movie Review : ਦਰਸ਼ਕਾਂ ਦਾ ਦਿਲ ਲਾਈ ਰੱਖਣਗੇ ਪ੍ਰਾਹੁਣੇ

9/29/2018 10:13:01 PM

ਫਿਲਮ — ਪ੍ਰਾਹੁਣਾ
ਸਟਾਰ ਕਾਸਟ — ਕੁਲਵਿੰਦਰ ਬਿੱਲਾ, ਵਾਮਿਕਾ ਗਾਬੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਸਰਦਾਰ ਸੋਹੀ, ਹੋਬੀ ਧਾਲੀਵਾਲ, ਅਨੀਤਾ ਮੀਤ, ਮਲਕੀਤ ਰੌਣੀ, ਨਿਰਮਲ ਰਿਸ਼ੀ, ਰੁਪਿੰਦਰ ਰੁਪੀ, ਗੁਰਪ੍ਰੀਤ ਭੰਗੂ, ਪ੍ਰਕਾਸ਼ ਗਧੂ, ਰਾਜ ਧਾਲੀਵਾਲ, ਅਕਸ਼ਿਤਾ ਸ਼ਰਮਾ ਤੇ ਨਵਦੀਪ ਕਲੇਰ।
ਡਾਇਰੈਕਟਰ — ਮੋਹਿਤ ਬਨਵੈਤ ਤੇ ਅੰਮ੍ਰਿਤ ਰਾਜ ਚੱਢਾ
ਪ੍ਰੋਡਿਊਸਰ — ਮੋਹਿਤ ਬਨਵੈਤ ਤੇ ਮਨੀ ਧਾਲੀਵਾਲ
ਕਹਾਣੀ — ਸੁਖਰਾਜ ਸਿੰਘ, ਟਾਟਾ ਬੈਨੀਪਾਲ, ਅਮਨ ਸਿੱਧੂ
ਸਕ੍ਰੀਨਪਲੇਅ — ਸੁਖਰਾਜ ਸਿੰਘ
ਸਮਾਂ ਹੱਦ — 2 ਘੰਟੇ 4 ਮਿੰਟ

ਕਹਿੰਦੇ ਨੇ ਜਦੋਂ ਪ੍ਰਾਹੁਣੇ ਆਉਂਦੇ ਹਨ ਤਾਂ ਰੌਣਕਾਂ ਲਗਾ ਦਿੰਦੇ ਹਨ। ਇਹ ਗੱਲ 'ਪ੍ਰਾਹੁਣਾ' ਫਿਲਮ ਨੇ ਸੱਚ ਕਰ ਦਿਖਾਈ ਹੈ। ਸਿਨੇਮਾਘਰਾਂ 'ਚ ਅੱਜ ਪੰਜਾਬੀ ਫਿਲਮ 'ਪ੍ਰਾਹੁਣਾ' ਰਿਲੀਜ਼ ਹੋਈ ਹੈ। ਫਿਲਮ 'ਚ ਇਕ ਨਹੀਂ, ਦੋ ਨਹੀਂ, ਸਗੋਂ ਪੰਜ ਪ੍ਰਾਹੁਣੇ ਹਨ ਤੇ ਇਨ੍ਹਾਂ ਦੇ ਹਾਸੇ-ਠੱਠੇ ਵੇਖਣ ਵਾਲੇ ਹਨ। ਫਿਲਮ 'ਚ ਕੁਲਵਿੰਦਰ ਬਿੱਲਾ ਤੇ ਵਾਮਿਕਾ ਗਾਬੀ ਮੁੱਖ ਭੂਮਿਕਾ 'ਚ ਹਨ ਪਰ ਇਨ੍ਹਾਂ ਦੋਵਾਂ ਤੋਂ ਇਲਾਵਾ ਕਰਮਜੀਤ ਅਨਮੋਲ, ਸਰਦਾਰ ਸੋਹੀ ਤੇ ਹਾਰਬੀ ਸੰਘਾ ਨੇ ਵੀ ਦਰਸ਼ਕਾਂ ਦਾ ਖੂਬ ਦਿਲ ਲਗਾ ਕੇ ਰੱਖਿਆ ਹੈ। ਆਓ ਜਾਣਦੇ ਹਾਂ ਕਿਸ ਤਰ੍ਹਾਂ ਦੀ ਹੈ ਫਿਲਮ 'ਪ੍ਰਾਹੁਣਾ'—

ਕਹਾਣੀ
ਫਿਲਮ ਦੀ ਕਹਾਣੀ 80 ਦੇ ਦਹਾਕੇ 'ਤੇ ਆਧਾਰਿਤ ਹੈ। ਇਸ 'ਚ ਵਿਆਹ ਵਾਲਾ ਮਾਹੌਲ ਦਿਖਾਇਆ ਗਿਆ ਹੈ। ਫਿਲਮ ਨੂੰ ਦੇਖ ਨਾ ਸਿਰਫ ਪੁਰਾਣੇ ਸਮੇਂ ਦਾ ਵਿਆਹ, ਸਗੋਂ ਪੁਰਾਣਾ ਪੰਜਾਬ ਵੀ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ। ਕੁਲਵਿੰਦਰ ਬਿੱਲਾ ਫਿਲਮ 'ਚ ਜੰਟਾ ਨਾਂ ਦੇ ਮੁੰਡੇ ਦਾ ਕਿਰਦਾਰ ਨਿਭਾਅ ਰਹੇ ਹਨ, ਜਿਸ ਨੂੰ ਪ੍ਰੀਤੀ ਸਪਰੂ ਬਹੁਤ ਪਸੰਦ ਹੁੰਦੀ ਹੈ। ਉਹ ਵਿਆਹ ਤਾਂ ਕਰਵਾਉਣਾ ਚਾਹੁੰਦਾ ਹੈ ਪਰ ਪ੍ਰੀਤੀ ਸਪਰੂ ਵਰਗੀ ਕੁੜੀ ਨਾਲ। ਉਸ ਦੀ ਭਾਲ ਮਾਣੋ ਯਾਨੀ ਕਿ ਵਾਮਿਕਾ ਗਾਬੀ 'ਤੇ ਆ ਕੇ ਮੁੱਕਦੀ ਹੈ ਪਰ ਇਸ ਦੌਰਾਨ ਦੋਵਾਂ ਦਾ ਪਿਆਰ ਕਿਵੇਂ ਸ਼ੁਰੂ ਹੁੰਦਾ ਹੈ ਤੇ ਕਿੰਨੀਆਂ ਕੁ ਮੁਸ਼ਕਿਲਾਂ ਆਉਂਦੀਆਂ ਹਨ, ਇਹ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ।

ਬਾਕਮਾਲ ਅਦਾਕਾਰੀ
ਇਸ 'ਚ ਕੋਈ ਸ਼ੱਕ ਨਹੀਂ ਹੈ ਕਿ 'ਪ੍ਰਾਹੁਣਾ' ਇਕ ਮਲਟੀ ਸਟਾਰਰ ਫਿਲਮ ਹੈ। ਵੱਡੀ ਸਟਾਰ ਕਾਸਟ ਹੋਣ ਦੇ ਚਲਦਿਆਂ ਮਾਹੌਲ ਬਿਲਕੁਲ ਵਿਆਹ ਵਾਲਾ ਲੱਗਦਾ ਹੈ। ਫਿਲਮ 'ਚ ਕਰਮਜੀਤ ਅਨਮੋਲ, ਹਾਰਬੀ ਸੰਘਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਕੁਲਵਿੰਦਰ ਬਿੱਲਾ ਤੇ ਵਾਮਿਕਾ ਗਾਬੀ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਕੁਲਵਿੰਦਰਾ ਬਿੱਲਾ ਦੀ ਮੇਨ ਲੀਡ 'ਚ ਇਹ ਪਹਿਲੀ ਫਿਲਮ ਹੈ ਪਰ ਉਸ ਦੀ ਅਦਾਕਾਰੀ ਤੁਹਾਨੂੰ ਕਾਫੀ ਪਸੰਦ ਆਵੇਗੀ। ਨਾਲ ਹੀ ਵਾਮਿਕਾ ਗਾਬੀ ਨਾਲ ਕੁਲਵਿੰਦਰ ਬਿੱਲਾ ਦੀ ਜੋੜੀ ਵੀ ਖੂਬ ਜਚ ਰਹੀ ਹੈ। ਇਨ੍ਹਾਂ ਤੋਂ ਇਲਾਵਾ ਬਾਕੀ ਕਲਾਕਾਰਾਂ ਨੇ ਵੀ ਚੰਗਾ ਕੰਮ ਕੀਤਾ ਹੈ।

ਡਾਇਰੈਕਸ਼ਨ
ਮੋਹਿਤ ਬਨਵੈਤ ਪੰਜਾਬੀ ਫਿਲਮ ਇੰਡਸਟਰੀ ਦੇ ਜਵਾਨ ਪ੍ਰੋਡਿਊਸਰ ਤੇ ਡਾਇਰੈਕਟਰ ਹਨ, ਜਿਨ੍ਹਾਂ ਦਾ ਸਾਥ ਦਿੱਤਾ ਹੈ ਡਾਇਰੈਕਟਰ ਅੰਮ੍ਰਿਤ ਰਾਜ ਚੱਢਾ ਨੇ। ਦੋਵਾਂ ਨੇ ਫਿਲਮ ਨੂੰ ਸੁਚੱਜੇ ਢੰਗ ਨਾਲ ਸ਼ੂਟ ਕੀਤਾ ਹੈ। ਫਿਲਮ ਕਿਤੇ ਵੀ ਡਾਇਰੈਕਸ਼ਨ ਪੱਖੋਂ ਕਮਜ਼ੋਰ ਨਹੀਂ ਲੱਗਦੀ ਤੇ ਦੋ ਡਾਇਰੈਕਟਰ ਹੋਣ ਦਾ ਫਿਲਮ ਨੂੰ ਫਾਇਦਾ ਵੀ ਮਿਲਿਆ ਹੈ।

ਸੰਗੀਤ
ਫਿਲਮ ਦਾ ਸੰਗੀਤ ਤਾਂ ਦਰਸ਼ਕ ਪਹਿਲਾਂ ਹੀ ਪਸੰਦ ਕਰ ਰਹੇ ਹਨ। ਇਸ ਦੇ ਗੀਤ 'ਟਿਚ ਬਟਨ' ਤੇ 'ਸੱਤ ਬੰਦੇ' ਕਾਫੀ ਸਰਾਹੇ ਗਏ। ਉਥੇ ਨਛੱਤਰ ਗਿੱਲ ਦੀ ਆਵਾਜ਼ 'ਚ ਰਿਲੀਜ਼ ਹੋਇਆ ਟਾਈਟਲ ਟਰੈਕ ਖੂਬ ਦੇਖਿਆ ਤੇ ਸੁਣਿਆ ਜਾ ਰਿਹਾ ਹੈ। ਯੂਟਿਊਬ 'ਤੇ ਫਿਲਮ ਦੇ ਸੰਗੀਤ ਨੂੰ ਚੰਗੇ ਵਿਊਜ਼ ਮਿਲੇ ਹਨ।

ਜੇਕਰ ਇਸ ਹਫਤੇ ਤੁਸੀਂ ਪਰਿਵਾਰ ਨਾਲ ਫਿਲਮ ਦੇਖਣ ਦਾ ਮਨ ਬਣਾ ਰਹੇ ਹੋ ਤਾਂ 'ਪ੍ਰਾਹੁਣਾ' ਇਕ ਮਸਟ ਵਾਚ ਫਿਲਮ ਹੈ। ਫਿਲਮ ਸਿਰਫ ਤੁਹਾਡਾ ਮਨੋਰੰਜਨ ਹੀ ਨਹੀਂ ਕਰੇਗੀ, ਸਗੋਂ ਇਕ ਸਮਾਜਿਕ ਸੁਨੇਹਾ ਵੀ ਦੇਵੇਗੀ। ਅੱਜਕਲ ਦੇ ਸਮੇਂ 'ਚ ਬਹੁਤ ਘੱਟ ਪਰਿਵਾਰਕ ਫਿਲਮਾਂ ਬਣਦੀਆਂ ਹਨ ਤੇ 'ਪ੍ਰਾਹੁਣਾ' ਫੁੱਲ ਆਨ ਫੈਮਿਲੀ ਐਂਟਰਟੇਨਮੈਂਟ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News