ਮੂਵੀ ਰੀਵਿਊ : ''ਸਰਵਣ'' ਨੇ ਭਟਕ ਰਹੀ ਨੌਜਵਾਨ ਪੀੜ੍ਹੀ ਨੂੰ ਦਿੱਤੀ ਨਵੀਂ ਦਿਸ਼ਾ (ਵੀਡੀਓ)

Saturday, January 14, 2017 6:19 PM
ਚਿਰਾਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ ''ਸਰਵਣ'' ਰਿਲੀਜ਼ ਹੋ ਚੁਕੀ ਹੈ। ਫਿਲਮ ਦਾ ਨਿਰਦੇਸ਼ਨ ਪ੍ਰਿਅੰਕਾ ਚੋਪੜਾ ਦੀ ਹੋਮ ਪ੍ਰੋਡਕਸ਼ਨ ਪਰਬਲ ਪੈਬਲ ਪਿਕਚਰਜ਼ ਵਲੋਂ ਕੀਤਾ ਗਿਆ ਹੈ, ਜਿਸ ''ਚ ਅਮਰਿੰਦਰ ਗਿੱਲ, ਰਣਜੀਤ ਬਾਵਾ ਤੇ ਸਿਮੀ ਚਾਹਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਕਰਨ ਗੁਲਿਆਨੀ ਨੇ ਕੀਤਾ ਹੈ। ਆਓ ਜਾਣਦੇ ਹਾਂ ਕਿਹੋ-ਜਿਹੀ ਹੈ ਫਿਲਮ ''ਸਰਵਣ''—
ਅੱਜਕਲ ਬੇਰੁਜ਼ਗਾਰੀ ਤੇ ਨਸ਼ਾਖੋਰੀ ਕਰਕੇ ਨੌਜਵਾਨ ਪੀੜ੍ਹੀ ਰਸਤੇ ਤੋਂ ਭਟਕ ਰਹੀ ਹੈ। ਇਸੇ ਪੀੜ੍ਹੀ ਨੂੰ ਸਹੀ ਰਸਤੇ ''ਤੇ ਲਿਆਉਣ ''ਤੇ ਆਧਾਰਿਤ ਹੈ ਫਿਲਮ ''ਸਰਵਣ''। ਫਿਲਮ ''ਚ ਮਿਸਟਰੀ, ਸਸਪੈਂਸ, ਥਰਿੱਲ, ਐਕਸ਼ਨ, ਰੋਮਾਂਸ ਤੇ ਪਿਆਰ ਸਮੇਤ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਹੈ। ਫਿਲਮ ਦੀ ਕਹਾਣੀ ਅੰਬਰਦੀਪ ਸਿੰਘ ਵਲੋਂ ਬੇਹੱਦ ਹੀ ਸ਼ਾਨਦਾਰ ਤੇ ਵਧੀਆ ਢੰਗ ਨਾਲ ਲਿਖੀ ਗਈ ਹੈ। ਭਾਵੇਂ ਕੋਈ ਦ੍ਰਿਸ਼ ਹੋਵੇ, ਕਿਰਦਾਰ ਹੋਵੇ ਜਾਂ ਫਿਰ ਕੋਈ ਪਹਿਲੂ ਜਾਂ ਡਾਇਲਾਗ, ਇਹ ਸਭ ਦੇਖ ਕੇ ਸੁਆਦ ਆ ਜਾਂਦਾ ਹੈ। ਫਿਲਮ ਦਾ ਨਿਰਦੇਸ਼ਨ ਕਰਨ ਗੁਲਿਆਨੀ ਨੇ ਕੀਤਾ ਹੈ। ਹੁਣ ਭਾਵੇਂ ਸਿਨੇਮਾਟੋਗ੍ਰਾਫੀ ਹੋਵੇ, ਸਕ੍ਰੀਮਪਲੇਅ ਹੋਵੇ ਜਾਂ ਫਿਰ ਡਾਇਰੈਕਸ਼ਨ, ਫਿਲਮ ਤਕਨੀਕੀ ਪੱਖੋਂ ਮਜ਼ਬੂਤ ਵੀ ਹੈ ਤੇ ਆਕਰਸ਼ਕ ਵੀ। ਅਮਰਿੰਦਰ ਗਿੱਲ ਇਸ ਫਿਲਮ ''ਚ ਦਮਦਾਰ ਭੂਮਿਕਾ ''ਚ ਨਜ਼ਰ ਆਏ ਹਨ, ਜੋ ਉਨ੍ਹਾਂ ਦੀਆਂ ਪਿਛਲੀਆਂ ਫਿਲਮਾਂ ਤੋਂ ਬਿਲਕੁਲ ਵੱਖ ਹੈ।
ਜਿਸ ਢੰਗ ਨਾਲ ਅਮਰਿੰਦਰ ਨੇ ਆਪਣੇ ਕਿਰਦਾਰ ਨੂੰ ਨਿਭਾਇਆ ਹੈ, ਉਹ ਦੇਖਣ ਲਾਇਕ ਹੈ। ਅਮਰਿੰਦਰ ਤੋਂ ਇਲਾਵਾ ਸਿਮੀ ਚਾਹਲ ਤੇ ਰਣਜੀਤ ਬਾਵਾ ਨੇ ਵੀ ਆਪਣੇ ਕਿਰਦਾਰਾਂ ਨਾਲ ਪੂਰਾ ਇਨਸਾਫ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਛੋਟੇ ਤੇ ਵੱਡੇ ਕਿਰਦਾਰ ਨਿਭਾਅ ਰਹੇ ਹੋਰ ਕਲਾਕਾਰ ਵੀ ਬਾ-ਕਮਾਲ ਅਦਾਕਾਰੀ ਦਿਖਾਉਂਦੇ ਨਜ਼ਰ ਆ ਰਹੇ ਹਨ। ਦਰਸ਼ਕਾਂ ਵਲੋਂ ਫਿਲਮ ਦੇ ਸੰਗੀਤ ਨੂੰ ਤਾਂ ਪਹਿਲਾਂ ਹੀ ਭਰਵਾਂ ਹੁੰਗਾਰਾ ਮਿਲ ਚੁੱਕਾ ਹੈ। ''ਨੀ ਮੈਨੂੰ'', ''ਸਰਵਣ ਪੁੱਤ'' ਤੇ ''ਦਿਸ਼ਾਹੀਣ'' ਲੋਕਾਂ ਦੇ ਦਿਲਾਂ ''ਚ ਜਗ੍ਹਾ ਬਣਾ ਚੁੱਕੇ ਹਨ। ਫਿਲਮ ਦੇਖ ਕੇ ਇਹ ਗੱਲ ਕਹਿਣੀ ਜ਼ਰੂਰ ਬਣਦੀ ਹੈ ਕਿ ''ਸਰਵਣ'' ਨੇ ਪੰਜਾਬੀ ਫਿਲਮ ਜਗਤ ਦਾ ਮਿਆਰ ਹੋਰ ਉੱਚਾ ਚੁੱਕ ਦਿੱਤਾ ਹੈ। ਫਿਲਮ ਦੇਖ ਕੇ ਆ ਰਿਹਾ ਕੋਈ ਵਿਅਕਤੀ ਅਜਿਹਾ ਨਹੀਂ ਸੀ, ਜਿਸ ਨੂੰ ਫਿਲਮ ਨੇ ਨਾਰਾਜ਼ ਕੀਤਾ ਹੋਵੇ। ''ਸਰਵਣ'' ਪੈਸਾ ਵਸੂਲ ਫਿਲਮ ਹੈ, ਜਿਹੜੀ ਜ਼ਰੂਰ ਦੇਖਣੀ ਬਣਦੀ ਹੈ।