ਸਿਆਸਤ ਦਾ ਸ਼ਿਕਾਰ ਹੋਈਆਂ ਬਾਲੀਵੁੱਡ ਦੀਆਂ ਇਹ ਫਿਲਮਾਂ, ਲੱਗ ਚੁੱਕਾ ਹੈ ਬੈਨ

Tuesday, March 19, 2019 11:17 AM

ਮੁੰਬਈ (ਬਿਊਰੋ) : ਬਾਲੀਵੁੱਡ ਫਿਲਮ ਇੰਡਸਟਰੀ 'ਚ ਅਕਸਰ ਅਜਿਹੀਆਂ ਫਿਲਮਾਂ ਬਣਾਈਆਂ ਜਾਂਦੀਆਂ ਹਨ, ਜਿਨ੍ਹਾਂ 'ਚੋਂ ਸਿਆਸੀ ਉਲਟਫੇਰ ਦਿਖਾਇਆ ਜਾਂਦਾ ਹੈ। ਕਈ ਫਿਲਮਾਂ ਸਿਆਸੀ ਘਟਨਾਵਾਂ ਜਾਂ ਲੀਡਰਾਂ 'ਤੇ ਬਣਾਈਆਂ ਗਈਆਂ ਪਰ ਜਦੋਂ ਇਨ੍ਹਾਂ ਦੇ ਰਿਲੀਜ਼ ਹੋਣ ਦਾ ਸਮਾਂ ਆਉਂਦਾ ਹੈ ਤਾਂ ਫਿਲਮਾਂ ਨੂੰ ਲੈ ਕੇ ਵਿਵਾਦ ਜ਼ਰੂਰ ਖੜ੍ਹੇ ਹੁੰਦੇ ਹਨ। ਹਮੇਸ਼ਾ ਤੋਂ ਹੀ ਸਿਆਸੀ ਪਾਰਟੀਆਂ ਫਿਲਮਾਂ 'ਚ ਦਖਲ ਦਿੰਦੀਆਂ ਆਈਆਂ ਹਨ। ਕਈ ਵਾਰ ਤਾਂ ਸਿਆਸੀ ਦਬਾਅ ਹੇਠ ਆ ਕੇ ਫਿਲਮਾਂ ਦੀ ਰਿਲੀਜ਼ਿੰਗ ਹੀ ਰੋਕ ਦਿੱਤੀ ਜਾਂਦੀ ਜਾਂ ਫਿਰ ਕੁਝ ਸੀਨ ਕੱਟ ਦਿੱਤੇ ਜਾਂਦੇ ਹਨ। ਅੱਜ ਤੁਹਾਨੂੰ ਇਸ ਖਬਰ ਰਾਹੀਂ ਕੁਝ ਅਜਿਹੀਆਂ ਹੀ ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਸਿਆਸਤ ਦਾ ਸ਼ਿਕਾਰ ਹੋਈਆਂ ਹਨ ਜਾਂ ਉਨ੍ਹਾਂ 'ਤੇ ਬੈਨ ਲੱਗਾ ਸੀ :-

ਕਿੱਸਾ ਕੁਰਸੀ ਕਾ (1974)

'ਕਿੱਸਾ ਕੁਰਸੀ ਕਾ' (1974) ਫਿਲਮ ਸਾਲ 1974 'ਚ ਬਣੀ ਸੀ ਅਤੇ ਸਾਲ 1975 'ਚ ਰਿਲੀਜ਼ ਹੋਣੀ ਸੀ। ਐਮਰਜੈਂਸੀ ਦੇ ਦੌਰ ਕਰਕੇ ਸਰਕਾਰ ਹਰ ਫਿਲਮ ਪਹਿਲਾਂ ਦੇਖਦੀ ਸੀ ਤੇ ਬਾਅਦ 'ਚ ਰਿਲੀਜ਼ ਕੀਤੀ ਜਾਂਦੀ ਸੀ। 'ਕਿੱਸਾ ਕੁਰਸੀ ਕਾ' ਫਿਲਮ ਨੂੰ ਦੇਖ ਕੇ ਸਰਕਾਰ ਨੂੰ ਲੱਗਿਆ ਕਿ ਇਸ ਫਿਲਮ 'ਚ ਸੰਜੈ ਗਾਂਧੀ ਦੇ ਆਟੋ ਮੈਨੂਫੈਕਚੁਰਿੰਗ ਪ੍ਰੋਜੈਕਟ ਦਾ ਮਖੌਲ ਉਡਾਇਆ ਗਿਆ ਹੈ। ਇਹ ਸਰਕਾਰ ਦੀਆਂ ਨੀਤੀਆਂ ਨੂੰ ਵੀ ਬਦਨਾਮ ਕਰਦੀ ਹੈ। ਇਸ ਲਈ ਇਸ ਫਿਲਮ ਦੇ ਅਸਲ ਪ੍ਰਿੰਟ ਸਾੜ ਦਿੱਤੇ ਗਏ। ਇਸ ਫਿਲਮ 'ਚ ਰਾਜ ਬੱਬਰ ਮੁੱਖ ਕਿਰਦਾਰ 'ਚ ਸਨ। ਐਮਰਜੈਂਸੀ ਹੱਟਣ ਤੋਂ ਬਾਅਦ ਨਿਰਦੇਸ਼ਕ ਨੇ ਦੁਬਾਰਾ ਇਹ ਫਿਲਮ ਬਣਾਈ ਪਰ ਇਸ ਵਾਰ ਰਾਜ ਬੱਬਰ ਨੇ ਕੰਮ ਨਹੀਂ ਕੀਤਾ।

PunjabKesari

ਆਂਧੀ (1975)

ਸੁਚਿੱਤਰਾ ਸੇਨ ਤੇ ਸੰਜੀਵ ਕੁਮਾਰ ਦੀ ਫਿਲਮ 'ਆਂਧੀ' ਨੂੰ ਵੀ ਬੈਨ ਦਾ ਸ਼ਿਕਾਰ ਹੋਣਾ ਪਿਆ ਸੀ। ਐਮਰਜੈਂਸੀ ਦੌਰਾਨ ਇਹ ਤਰਕ ਦਿੱਤੇ ਗਏ ਸਨ ਕਿ ਫਿਲਮ 'ਚ ਇੰਦਰਾ ਗਾਂਧੀ ਦੀ ਗਲਤ ਸ਼ਖਸੀਅਤ ਪੇਸ਼ ਕੀਤੀ ਗਈ ਹੈ। ਇਸ ਲਈ ਇਸ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਸੀ। ਹਾਲਾਂਕਿ ਸਾਲ 1977 'ਚ ਕਾਂਗਰਸ ਦੀ ਹਾਰ ਮਗਰੋਂ ਜਨਤਾ ਪਾਰਟੀ ਦੀ ਸਰਕਾਰ ਨੇ ਫਿਲਮ 'ਆਂਧੀ' ਤੋਂ ਬੈਨ ਹਟਾ ਦਿੱਤਾ ਸੀ।

PunjabKesari

ਬਲੈਕ ਫ੍ਰਾਈਡੇ (2007)

ਲੇਖਕ ਐਸ ਹੁਸੈਨ ਜੈਦੀ ਦੀ ਕਿਤਾਬ 'ਤੇ ਬਣੀ ਫਿਲਮ 'ਬਲੈਕ ਫ੍ਰਾਈਡੇ' ਨੂੰ ਸੈਂਸਰ ਬੋਰਡ ਨੇ ਬੈਨ ਕਰ ਦਿੱਤਾ ਸੀ। ਇਹ ਅਨੁਰਾਗ ਕਸ਼ਯਪ ਦੀ ਫਿਲਮ ਸੀ, ਜੋ ਸਾਲ 1993 'ਚ ਹੋਏ ਮੁੰਬਈ ਬੰਬ ਧਮਾਕੇ 'ਤੇ ਆਧਾਰਿਤ ਸੀ। ਉਸ ਸਮੇਂ ਅਦਾਲਤ 'ਚ ਧਮਾਕੇ ਦਾ ਕੇਸ ਚੱਲ ਰਿਹਾ ਸੀ। ਇਸ ਲਈ ਫਿਲਮ ਦੀ ਰਿਲੀਜ਼ਿੰਗ 'ਤੇ 2004 'ਚ ਸਟੇਅ ਲਾ ਦਿੱਤਾ ਗਿਆ ਸੀ। ਇਸ ਲਈ ਇਹ ਫਿਲਮ ਸਾਲ 2007 'ਚ ਰਿਲੀਜ਼ ਕੀਤੀ ਗਈ ਸੀ।

PunjabKesari

ਸਿੰਸ (2005)

'ਸਿੰਸ' ਫਿਲਮ ਕੇਰਲ ਦੇ ਇਕ ਪਾਦਰੀ 'ਤੇ ਆਧਾਰਿਤ ਸੀ, ਜਿਸ ਨੂੰ ਇਕ ਮਹਿਲਾ ਨਾਲ ਪਿਆਰ ਹੋ ਜਾਂਦਾ ਹੈ ਤੇ ਉਹ ਸਮਾਜ ਅਤੇ ਧਰਮ ਦੀ ਮਰਿਆਦਾ ਦੇ ਬਾਵਜੂਦ ਆਪਣਾ ਪਿਆਰ ਨਿਭਾਉਂਦਾ ਹੈ। ਕੈਥਲਿਕ ਲੋਕਾਂ ਨੂੰ ਇਹ ਫਿਲਮ ਪਸੰਦ ਨਹੀਂ ਆਈ ਕਿਉਂਕਿ ਇਸ 'ਚ ਕੈਥਲਿਕ ਧਰਮ ਨੂੰ ਅਨੈਤਿਕ ਢੰਗ ਨਾਲ ਪੇਸ਼ ਕੀਤਾ ਗਿਆ ਸੀ। ਇਸ ਲਈ ਸੈਂਸਰ ਬੋਰਡ ਨੇ ਇਸ ਨੂੰ ਬੈਨ ਕਰ ਦਿੱਤਾ ਸੀ। ਕੁਝ ਸੀਨ ਹਟਾਉਣ ਬਾਅਦ 25 ਫਰਵਰੀ 2005 'ਚ ਇਸ ਨੂੰ ਰਿਲੀਜ਼ ਕੀਤਾ ਗਿਆ।

PunjabKesari

ਫਿਰਾਕ (2009)

'ਫਿਰਾਕ' ਗੁਜਰਾਤ ਦੰਗਿਆਂ 'ਤੇ ਬਣੀ ਦੂਜੀ ਫਿਲਮ ਸੀ। ਇਸ ਫਿਲਮ ਲਈ ਅਦਾਕਾਰਾ ਨੰਦਿਤਾ ਦਾਸ ਨੂੰ ਕਈ ਸੰਗਠਨਾਂ ਦਾ ਵਿਰੋਧ ਸਹਿਣਾ ਪਿਆ ਸੀ। ਫਿਲਮ 2008 'ਚ ਰਿਲੀਜ਼ ਹੋਣੀ ਸੀ ਪਰ ਕਈ ਕਾਰਨਾਂ ਕਰਕੇ ਇਹ ਫਿਲਮ ਰਿਲੀਜ਼ ਨਾ ਹੋ ਸਕੀ। ਹਾਲਾਂਕਿ ਸਾਲ 2009 'ਚ ਰਿਲੀਜ਼ ਹੋਣ ਤੋਂ ਬਾਅਦ ਆਲੋਚਕਾਂ ਤੇ ਦਰਸ਼ਕਾਂ ਨੂੰ ਫਿਲਮ ਕਾਫੀ ਪਸੰਦ ਆਈ ਸੀ।

PunjabKesari

ਅਨਫ੍ਰੀਡਮ (2015)

'ਅਨਫ੍ਰੀਡਮ' ਫਿਲਮ ਇਕ ਲੈਸਬੀਅਨ ਜੋੜੇ ਦੀ ਪ੍ਰੇਮ ਕਹਾਣੀ 'ਤੇ ਆਧਾਰਿਤ ਸੀ। ਇਸ ਫਿਲਮ 'ਚ ਦਿਖਾਇਆ ਜਾਂਦਾ ਹੈ ਕਿ ਕਿਵੇਂ ਉਨ੍ਹਾਂ ਦਾ ਸਾਹਮਣਾ ਅੱਤਵਾਦੀਆਂ ਨਾਲ ਹੁੰਦਾ ਹੈ ਤੇ ਉਸ ਮਗਰੋਂ ਉਨ੍ਹਾਂ ਦੀ ਜ਼ਿੰਦਗੀ 'ਚ ਕੀ ਬਦਲਾਅ ਆਉਂਦਾ ਹੈ। ਸੈਂਸਰ ਬੋਰਡ ਨੇ ਇਸ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਕਿਉਂਕਿ ਇਸ ਨਾਲ ਦੇਸ਼ 'ਚ ਸੰਪਰਦਾਇਕ ਮਾਹੌਲ ਵਿਗੜਨ ਦਾ ਖਦਸ਼ਾ ਸੀ। ਹਾਲਾਂਕਿ ਬਾਅਦ 'ਚ ਇਹ ਫਿਲਮ ਸਿਰਫ ਅਮਰੀਕਾ 'ਚ ਰਿਲੀਜ਼ ਕੀਤੀ ਗਈ ਸੀ।

PunjabKesari

ਪਰਜਾਨੀਆ (2005)

'ਪਰਜਾਨੀਆ' ਫਿਲਮ ਵੀ ਗੁਜਰਾਤ ਦੰਗਿਆਂ 'ਤੇ ਆਧਾਰਿਤ ਸੀ। ਉਂਝ ਤਾਂ 'ਪਰਜਾਨੀਆ' ਫਿਲਮ ਨੂੰ ਐਵਾਰਡ ਵੀ ਮਿਲ ਚੁੱਕਾ ਹੈ ਪਰ ਇਸ ਫਿਲਮ ਨੂੰ ਗੁਜਰਾਤ 'ਚ ਬੈਨ ਕਰ ਦਿੱਤਾ ਗਿਆ ਸੀ। 

PunjabKesari

ਇੰਦੂ ਸਰਕਾਰ (2007)

'ਇੰਦੂ ਸਰਕਾਰ' ਫਿਲਮ ਸਾਲ 1975 ਦੀ ਐਮਰਜੈਂਸੀ ਦੇ ਦੌਰ 'ਤੇ ਬਣੀ ਸੀ, ਜਿਸ ਦਾ ਦੇਸ਼ ਭਰ 'ਚ ਵਿਰੋਧ ਕੀਤਾ ਗਿਆ ਸੀ। ਥਾਂ-ਥਾਂ ਨਿਰਦੇਸ਼ਕ ਮਧੁਰ ਭੰਡਾਰਕਰ ਦੇ ਪੁਤਲੇ ਸਾੜੇ ਗਏ ਸਨ। ਕਾਂਗਰਸ ਨੂੰ ਇਸ ਫਿਲਮ 'ਤੇ ਇਤਰਾਜ਼ ਸੀ ਤੇ ਭੰਡਾਰਕਰ 'ਤੇ ਬੀਜੇਪੀ ਤੋਂ ਫੰਡ ਲੈਣ ਦਾ ਵੀ ਇਲਜ਼ਾਮ ਲਾਇਆ ਗਿਆ ਸੀ। ਭਾਰੀ ਵਿਰੋਧ ਦੇ ਬਾਵਜੂਦ ਇਸ ਫਿਲਮ ਨੂੰ ਸਾਲ 2017 'ਚ ਰਿਲੀਜ਼ ਕੀਤਾ ਗਿਆ ਸੀ।

PunjabKesari

ਪਦਮਾਵਤ (2018)

ਨਿਰਦੇਸ਼ਕ ਸੰਜੈ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' ਦਾ ਕਾਫੀ ਵਿਰੋਧ ਕੀਤਾ ਗਿਆ ਸੀ। ਇਸ ਫਿਲਮ 'ਚ ਚਿਤੌੜ ਦੀ ਰਾਣੀ ਪਦਮਾਵਤੀ ਦੀ ਕਹਾਣੀ ਨੂੰ ਦਿਖਾਇਆ ਗਿਆ ਸੀ। ਪਦਮਾਵਤੀ ਬਣੀ ਦੀਪਿਕਾ ਪਾਦੂਕੋਣ 'ਤੇ ਫਿਲਮਾਏ ਕੁਝ ਦ੍ਰਿਸ਼ਾਂ 'ਤੇ ਕਰਣੀ ਸੇਨਾ ਤੇ ਰਾਜਪੂਤ ਗੁੱਟਾਂ ਨੇ ਵਿਰੋਧ ਜਤਾਇਆ ਸੀ। ਫਿਲਮ ਪਹਿਲੀ ਦਸੰਬਰ 2017 ਨੂੰ ਰਿਲੀਜ਼ ਹੋਣੀ ਸੀ ਪਰ ਵਿਰੋਧ ਤੇ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਫਿਲਮ 25 ਜਨਵਰੀ 2018 ਨੂੰ ਰਿਲੀਜ਼ ਕੀਤੀ ਗਈ ਸੀ।

PunjabKesari


Edited By

Sunita

Sunita is news editor at Jagbani

Read More