ਪੁਰਾਣੇ ਪੰਜਾਬ ਦੇ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰੇਗੀ ''ਨਾਢੂ ਖਾਂ''

Tuesday, April 16, 2019 9:17 AM
ਪੁਰਾਣੇ ਪੰਜਾਬ ਦੇ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰੇਗੀ ''ਨਾਢੂ ਖਾਂ''

ਜਲੰਧਰ (ਬਿਊਰੋ) : ਪੰਜਾਬੀ ਸਿਨੇਮੇ ਦਾ ਜੱਟ ਟਿੰਕਾ ਹਰੀਸ਼ ਵਰਮਾ ਤੇ ਖੂਬਸੂਰਤ ਅਦਾਕਾਰਾ ਵਾਮਿਕਾ ਗੱਬੀ ਦੀ ਜੋੜੀ ਤੁਸੀਂ ਪਹਿਲੀ ਵਾਰ ਪੰਜਾਬੀ ਫ਼ਿਲਮ 'ਨਾਢੂ ਖਾਂ' 'ਚ ਦੇਖ ਸਕੋਗੇ। ਇਮਰਾਨ ਸ਼ੇਖ਼ ਵਲੋਂ ਨਿਰਦੇਸ਼ਿਤ ਕੀਤੀ ਇਹ ਫ਼ਿਲਮ 26 ਅਪ੍ਰੈਲ ਨੂੰ ਦੁਨੀਆ ਭਰ 'ਚ ਰਿਲੀਜ਼ ਹੋਵੇਗੀ। ਲਾਊਡ ਰੌਰ ਫ਼ਿਲਮਜ਼ ਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨ' ਦੀ ਪੇਸ਼ਕਸ਼ ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਅਚਿੰਤ ਗੋਇਲ ਤੇ ਰਾਕੇਸ਼ ਦਾਹੀਆ ਦੀ ਇਸ ਫ਼ਿਲਮ ਦਾ ਟਰੇਲਰ ਤੇ ਗੀਤ ਦਰਸ਼ਕਾਂ ਵਲੋਂ ਖੂਬ ਪਸੰਦ ਕੀਤੇ ਜਾ ਰਹੇ ਹਨ। ਸੁਖਜਿੰਦਰ ਸਿੰਘ ਬੱਬਲ ਦੀ ਲਿਖੀ ਇਸ ਫ਼ਿਲਮ 'ਚ ਬੀ. ਐੱਨ. ਸ਼ਰਮਾ, ਹੋਬੀ ਧਾਲੀਵਾਲ, ਗੁਰਚੇਤ ਚਿੱਤਰਕਾਰ, ਪ੍ਰਕਾਸ਼ ਗਾਧੂ, ਬਨਿੰਦਰ ਬੰਨੀ, ਸਿਮਰਨ ਢੀਂਡਸਾ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਹਰਿੰਦਰ ਭੁੱਲਰ, ਰਾਜ ਧਾਲੀਵਾਲ, ਸੀਮਾ ਕੌਸ਼ਲ, ਸਤਿੰਦਰ ਕੌਰ, ਮਾਸਟਰ ਅੰਸ਼, ਬੌਬ ਖਹਿਰਾ, ਚਾਚਾ ਬਿਸ਼ਨਾ, ਬਲਬੀਰ ਬੋਪਾਰਾਏ ਤੇ ਮਲਕੀਤ ਰੌਣੀ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।

ਰਾਜਸਥਾਨ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਫਿਲਮਾਈ ਗਈ ਇਹ ਫ਼ਿਲਮ ਦਰਸ਼ਕਾਂ ਨੂੰ 1940 ਦੇ ਦਹਾਕੇ ਦੇ ਦਰਸ਼ਨ ਕਰਵਾਏਗੀ। ਦਰਸ਼ਕ ਹਰੀਸ਼ ਵਰਮਾ ਨੂੰ ਇਸ ਫ਼ਿਲਮ 'ਚ ਇਕ ਵੱਖਰੇ ਹੀ ਅੰਦਾਜ਼ 'ਚ ਦੇਖਣਗੇ। ਪੰਜਾਬੀ ਸੱਭਿਆਚਾਰ ਦੇ ਰੀਤੀ-ਰਿਵਾਜਾਂ ਤੇ ਕਦਰਾਂ-ਕੀਮਤਾਂ ਨਾਲ ਲਿਬਰੇਜ਼ ਇਸ ਫਿਲਮ 'ਚ ਇਕ ਅਜਿਹੀ ਖੂਬਸੂਰਤ ਪ੍ਰੇਮ ਕਹਾਣੀ ਹੈ, ਜੋ ਹਰੇਕ ਦਰਸ਼ਕ ਦਾ ਦਿਲ ਜਿੱਤੇਗੀ। ਇਸ ਫ਼ਿਲਮ ਦਾ ਨਾਂ 'ਨਾਢੂ ਖਾਂ' ਕਿਉਂ ਰੱਖਿਆ ਗਿਆ ਹੈ, ਇਹ ਤਾਂ ਫਿਲਮ ਦੇਖ ਕੇ ਹੀ ਪਤਾ ਲੱਗੇਗਾ। ਫਿਲਮ ਦੀ ਕਹਾਣੀ ਦੇ ਨਾਲ-ਨਾਲ ਇਸ ਦਾ ਮਿਊਜ਼ਿਕ ਵੀ ਦਰਸ਼ਕਾਂ ਦੀ ਪਸੰਦ ਬਣੇਗਾ। ਫ਼ਿਲਮ ਦਾ ਮਿਊਜ਼ਿਕ ਗੁਰਮੀਤ ਸਿੰਘ, ਕੁਲਦੀਪ ਸ਼ੁਕਲਾ ਤੇ ਗੈਗ ਸਟੂਡੀਓ ਵਲੋਂ ਤਿਆਰ ਕੀਤਾ ਗਿਆ ਹੈ।


Edited By

Sunita

Sunita is news editor at Jagbani

Read More