ਢਿੱਡੀ ਪੀੜਾਂ ਪਾਉਂਦਾ ਹੈ 'ਨਿੱਕਾ ਜ਼ੈਲਦਾਰ 3' ਦਾ ਟਰੇਲਰ (ਵੀਡੀਓ)

Thursday, September 12, 2019 4:45 PM

ਜਲੰਧਰ (ਬਿਊਰੋ) — ਸਾਲ 2016 'ਚ ਰਿਲੀਜ਼ ਹੋਈ ਫਿਲਮ 'ਨਿੱਕਾ ਜ਼ੈਲਦਾਰ' ਅਤੇ 2017 'ਚ 'ਨਿੱਕਾ ਜ਼ੈਲਦਾਰ 2' ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਇਸ ਫਿਲਮ ਦਾ ਤੀਜਾ ਭਾਗ ਹਾਸਿਆਂ ਦੀ ਪਿਟਾਰੀ ਲੈ ਕੇ ਆ ਰਿਹਾ ਹੈ।  ਇਸ ਫਿਲਮ 'ਚ ਵਾਮੀਕਾ ਗੱਬੀ, ਐਮੀ ਵਿਰਕ ਅਤੇ ਨਿਰਮਲ ਰਿਸ਼ੀ ਅਹਿਮ ਭੂਮਿਕਾ 'ਚ ਹਨ। ਗੁਰਪ੍ਰੀਤ ਪਲਹੇੜੀ ਅਤੇ ਜਗਦੀਪ ਸਿੱਧੂ ਵੱਲੋਂ ਫਿਲਮ ਦੇ ਸਕ੍ਰੀਨਪਲੇਅ, ਡਾਇਲੋਗ ਅਤੇ ਕਹਾਣੀ ਨੂੰ ਸਿਰਜਿਆ ਗਿਆ ਹੈ। ਸਿਮਰਜੀਤ ਸਿੰਘ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਐਮੀ ਵਿਰਕ ਤੇ ਨਿਰਮਲ ਰਿਸ਼ੀ ਤੋਂ ਇਲਾਵਾ ਵਾਮੀਕਾ ਗੱਬੀ, ਨਿਸ਼ਾ ਬਾਨੋ, ਸੋਨੀਆ ਕੌਰ ਅਤੇ ਵੱਡਾ ਗਰੇਵਾਲ ਸਮੇਤ ਕਈ ਹੋਰ ਨਾਮੀਂ ਚਿਹਰੇ ਨਜ਼ਰ ਆਉਣਗੇ।

ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਐਮੀ ਵਿਰਕ ਯਾਨੀ ਕਿ ਨਿੱਕੇ ਦੇ ਪਿਤਾ ਦਾ ਕਿਰਦਾਰ ਇਸ ਵਾਰ ਵੀ ਸਰਦਾਰ ਸੋਹੀ ਵੱਲੋਂ ਨਿਭਾਇਆ ਜਾ ਰਿਹਾ ਹੈ, ਜੋ ਕਿ ਸਖਤ ਸੁਭਾਅ ਦੇ ਹਨ ਪਰ ਉਨ੍ਹਾਂ ਦੀ ਅਚਾਨਕ ਮੌਤ ਹੋ ਜਾਂਦੀ ਹੈ। ਮੌਤ ਤੋਂ ਇੰਝ ਜਾਪ ਰਿਹਾ ਹੈ ਕਿ ਪਿਤਾ ਦੀ ਆਤਮਾ ਐਮੀ ਵਿਰਕ 'ਚ ਆ ਜਾਂਦੀ ਹੈ ਅਤੇ ਸਾਰਾ ਟੱਬਰ ਉਨ੍ਹਾਂ ਦੇ ਇਲਾਜ 'ਚ ਭੱਜ-ਨੱਠ ਕਰ ਰਿਹਾ ਹੈ। ਇਸ ਦੌਰਾਨ ਅਜਿਹੀਆਂ ਘਟਨਾਵਾਂ ਹੋਣਗੀਆਂ ਹਨ, ਜਿਹੜੀਆਂ ਹਰ ਕਿਸੇ ਦੇ ਚਿਹਰੇ 'ਤੇ ਮੁਸਕਾਨ ਲਿਆ ਦੇਣਗੀਆਂ। ਹੁਣ ਨਿੱਕਾ ਕੀ ਖੇਡ-ਖੇਡ ਰਿਹਾ ਹੈ ਇਹ ਤਾਂ 20 ਸਤੰਬਰ ਨੂੰ ਸਿਨੇਮਾ ਘਰਾਂ 'ਚ ਹੀ ਦੇਖਣ ਨੂੰ ਮਿਲਣ ਵਾਲਾ ਹੈ।


Edited By

Sunita

Sunita is news editor at Jagbani

Read More