Film Review : 'ਪੈਡਮੈਨ'

2/9/2018 7:00:29 PM

ਮੁੰਬਈ (ਬਿਊਰੋ)— ਨਿਰਦੇਸ਼ਕ ਆਰ ਬਾਲਕੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਪੈਡਮੈਨ' ਅੱਜ ਯਾਨੀ ਸ਼ੁਕਰਵਾਰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਅਕਸ਼ੇ ਕੁਮਾਰ, ਰਾਧਿਕਾ ਆਪਟੇ ਤੇ ਸੋਨਮ ਕਪੂਰ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ। ਫਿਲਮ ਨੂੰ ਸੈਂਸਰ ਬੋਰਡ ਵਲੋਂ ਯੂ. ਏ. (U/A) ਸਰਟੀਫਿਰੇਟ ਜਾਰੀ ਕੀਤਾ ਗਿਆ। ਆਰ ਬਾਲਕੀ ਦੀ ਇਹ ਫਿਲਮ ਅਰੁਣਾਚਲਮ ਮੁਰਗਨੰਥਮ ਦੀ ਜ਼ਿੰਦਗੀ 'ਤੇ ਆਧਾਰਿਤ ਹੈ ਜੋ ਪੂਰੇ ਦੇਸ਼ 'ਚ 'ਪੈਡਮੈਨ' ਦੇ ਨਾਂ ਨਾਲ ਜਾਣੇ ਜਾਂਦੇ ਹਨ। ਇਹ ਫਿਲਮ ਪਹਿਲਾਂ 26 ਜਨਵਰੀ ਨੂੰ ਰਿਲੀਜ਼ ਹੋਣੀ ਸੀ ਪਰ 'ਪਦਮਾਵਤ' ਦੇ ਚਲਦੇ ਇਹ ਫਿਲਮ 9 ਫਰਵਰੀ ਨੂੰ ਰਿਲੀਜ਼ ਹੋਈ ਹੈ।

ਕਹਾਣੀ
ਫਿਲਮ ਦੀ ਕਹਾਣੀ ਮੱਧ ਪ੍ਰਦੇਸ਼ ਦੇ ਮਹੇਸ਼ਵਰ 'ਤੇ ਆਧਾਰਿਤ ਹੈ ਜਿੱਥੇ ਦਾ ਰਹਿਣ ਵਾਲਾ ਲਕਸ਼ਮੀਕਾਂਤ ਚੌਹਾਨ (ਅਕਸ਼ੇ ਕੁਮਾਰ) ਹਮੇਸ਼ਾ ਸਭ ਦੀ ਮਦਦ ਕਰਦਾ ਹੈ ਪਰ ਲੋਕ ਉਸ ਵਲੋਂ ਕੀਤੇ ਗਏ ਪ੍ਰਯੋਗ ਦੀ ਵਜ੍ਹਾ ਕਰਕੇ ਹਮੇਸ਼ਾ ਪਾਗਲ ਕਹਿ ਕੇ ਬੁਲਾਉਂਦੇ ਹਨ। ਫਿਰ ਉਨ੍ਹਾਂ ਦਾ ਵਿਆਹ ਗਾਇਤਰੀ (ਰਾਧਿਕਾ ਆਪਟੇ) ਨਾਲ ਹੁੰਦਾ ਹੈ ਪਰ ਵਿਆਹ ਤੋਂ ਬਾਅਦ ਲਕਸ਼ਮੀਕਾਂਤ ਨੂੰ ਮਹਿਲਾਵਾਂ ਦੀ ਮਾਹਵਾਰੀ ਬਾਰੇ ਪਤਾ ਲੱਗਦਾ ਹੈ। ਇਸ ਦੌਰਾਨ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਮਹਿਲਾਵਾਂ ਕਿਵੇਂ ਸਹਿਣ ਕਰਦੀਆਂ ਹਨ। ਇਸ ਗੱਲ ਤੋਂ ਪ੍ਰੇਸ਼ਾਨ ਹੋ ਕੇ ਲਕਸ਼ਮੀਕਾਂਤ ਆਪਣੀ ਭੈਣ, ਪਤਨੀ ਤੇ ਮਾਂ ਲਈ ਪੈਡ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸਦੀ ਇਸ ਕੋਸ਼ਿਸ਼ ਨੂੰ ਘਰ ਵਾਲਿਆਂ ਦੇ ਨਾਲ ਹੀ ਪੂਰਾ ਪਿੰਡ ਗਲਤ ਸਮਝਦਾ ਹੈ। ਲਕਸ਼ਮੀਕਾਂਤ ਦੀ ਪਤਨੀ ਗਾਇਤਰੀ ਉਸਨੂੰ ਛੱਡ ਕੇ ਚਲੀ ਜਾਂਦੀ ਹੈ। ਫਿਰ ਆਪਣੇ ਇਸ ਪ੍ਰਯੋਗ ਨੂੰ ਪੂਰਾ ਕਰਨ ਲਈ ਲਕਸ਼ਮੀਕਾਂਤ ਪਿੰਡ ਤੋਂ ਸ਼ਹਿਰ ਆ ਜਾਂਦਾ ਹੈ ਜਿੱਥੇ ਉਸਦੀ ਮੁਲਾਕਾਤ ਪਰੀ (ਸੋਨਮ ਕਪੂਰ) ਨਾਲ ਹੁੰਦੀ ਹੈ। ਪਰੀ, ਲਕਸ਼ਮੀਕਾਂਤ ਨੂੰ ਆਪਣਾ ਸੁਪਨਾ ਪੂਰਾ ਕਰਨ ਲਈ ਪ੍ਰੇਰਿਤ ਕਰਦੀ ਹੈ। ਅੰਤ 'ਚ ਲਕਸ਼ਮੀਕਾਂਤ ਆਪਣੀ ਇਸ ਕੋਸ਼ਿਸ਼ 'ਚ ਸਫਲ ਹੁੰਦਾ ਹੈ, ਸਸਤੇ ਪੈਡਜ਼ ਬਣਾਉਂਦਾ ਹੈ ਅਤੇ ਪੂਰੇ ਪਿੰਡ ਦੇ ਨਾਲ-ਨਾਲ ਵਿਦੇਸ਼ 'ਚ ਵੀ ਮਿਸਾਲ ਬਣ ਜਾਂਦਾ ਹੈ।

ਬਾਕਸ ਆਫਿਸ
ਫਿਲਮ ਦਾ ਬਜਟ ਕਰੀਬ 13-14 ਕਰੋੜ ਦੱਸਿਆ ਜਾ ਰਿਹਾ ਹੈ। ਇਸ ਫਿਲਮ ਨੂੰ ਭਾਰਤ 'ਚ ਕਰੀਬ 2,750 ਸਕ੍ਰੀਨਜ਼ ਅਤੇ ਵਿਦੇਸ਼ਾਂ 'ਚ 600 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਸਮਾਜਿਕ ਮੁੱਦੇ 'ਤੇ ਆਧਾਰਿਤ ਇਹ ਫਿਲਮ ਕਈ ਸੂਬਿਆਂ 'ਚ ਟੈਕਸ ਫ੍ਰੀ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਹੁਣ ਇਹ ਦੇਖਣਾ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਸਫਲ ਸਾਬਤ ਹੁੰਦੀ ਹੈ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News