ਜਾਂਬਾਜ਼ੀ ਦੀ ਅਣਕਹੀ ਕਹਾਣੀ 'ਪਲਟਨ'

Wednesday, September 5, 2018 4:52 PM

ਜੰਗ ਦੇ ਇਤਿਹਾਸ ਤੇ ਭਾਰਤੀ ਫੌਜ ਦੀ ਅਨੋਖੀ ਸ਼ਾਨ ਨੂੰ ਵੱਡੇ ਪਰਦੇ 'ਤੇ ਵਾਰ-ਵਾਰ ਉਤਾਰਨ ਵਾਲੇ ਕੌਮੀ ਐਵਾਰਡ ਜੇਤੂ ਨਿਰਦੇਸ਼ਕ ਜੇ. ਪੀ. ਦੱਤਾ 12 ਸਾਲਾਂ ਬਾਅਦ ਹੁਣ 'ਪਲਟਨ' ਲੈ ਕੇ ਆਏ ਹਨ। ਚੀਨ ਨਾਲ ਜੰਗ ਹਾਰਨ ਦੇ 5 ਸਾਲਾਂ ਬਾਅਦ ਭਾਰਤੀ ਪਲਟਨ ਵਲੋਂ ਚੀਨੀ ਫੌਜੀਆਂ ਨੂੰ ਹਰਾਉਣ ਦੀ ਘਟਨਾ ਨੂੰ ਇਸ ਵਾਰ ਫਿਲਮ 'ਪਲਟਨ' ਰਾਹੀਂ ਵੱਡੇ ਪਰਦੇ 'ਤੇ ਉਤਾਰਿਆ ਗਿਆ ਹੈ। ਫਿਲਮ 'ਚ ਜੈਕੀ ਸ਼ਰਾਫ, ਅਰਜੁਨ ਰਾਮਪਾਲ, ਲਵ ਸਿਨਹਾ, ਸਿਧਾਂਤ ਕਪੂਰ, ਗੁਰਮੀਤ ਚੌਧਰੀ, ਹਰਸ਼ਵਰਧਨ ਰਾਣੇ ਤੇ  ਨਾਲ ਸੋਨੂੰ ਸੂਦ, ਜੋ ਮੇਜਰ ਬਿਸ਼ਨ ਸਿੰਘ ਦੇ ਕਿਰਦਾਰ 'ਚ ਹੈ। ਬਾਰਡਰ ਤੇ ਐੱਲ. ਓ. ਸੀ. ਕਾਰਗਿਲ ਵਰਗੀਆਂ ਫਿਲਮਾਂ ਬਣਾਉਣ ਵਾਲੇ ਜੇ. ਪੀ. ਦੱਤਾ ਭਾਰਤੀ ਫੌਜ ਦੇ ਮਾਣਮੱਤੇ ਇਤਿਹਾਸ ਨੂੰ ਦਿਖਾਉਣ 'ਚ ਹਮੇਸ਼ਾ ਅੱਗੇ ਰਹਿੰਦੇ ਹਨ ਪਰ ਇਸ ਵਾਰ ਉਹ ਪੂਰੀ ਜੰਗ ਦੀ ਨਹੀਂ ਸਗੋਂ ਇਕ ਪਲਟਨ ਦੀ ਜਾਂਬਾਜ਼ੀ ਦੀ ਅਣਕਹੀ ਕਹਾਣੀ ਦਿਖਾਉਣਗੇ। ਜੇ. ਪੀ. ਦੱਤਾ ਨਾਲ ਪਲਟਨ ਦੀ ਸਟਾਰਕਾਸਟ ਨੇ ਨਵੋਦਿਆ ਟਾਈਮਜ਼/ਪੰਜਾਬ ਕੇਸਰੀ/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ :

ਰੱਬ ਦੀ ਇੱਛਾ ਨਾਲ ਬਣੀ ਇਹ ਫਿਲਮ : ਜੇ. ਪੀ. ਦੱਤਾ
ਮੈਂ ਇਕ ਵਾਰ ਇਕ ਫੌਜੀ (ਅਫਸਰ) ਨਾਲ ਗੱਲ ਕਰ ਰਿਹਾ ਸੀ, ਉਦੋਂ ਉਨ੍ਹਾਂ ਤੋਂ ਮੈਨੂੰ ਇਸ ਜੰਗ ਬਾਰੇ ਪਤਾ ਲੱਗਾ। ਫਿਰ ਮੇਰੀ ਇਸ 'ਚ ਦਿਲਚਸਪੀ ਵਧੀ ਅਤੇ ਮੈਂ ਇਸ ਨੂੰ ਹਰ ਸਾਧਨ  ਨਾਲ ਲੱਭਣ ਲੱਗਾ। ਇਸ ਤਰ੍ਹਾਂ ਇਸ ਫਿਲਮ ਨੂੰ ਬਣਾਉਣ ਦਾ ਸਿਲਸਿਲਾ ਸ਼ੁਰੂ ਹੋਇਆ। ਮੈਂ ਆਪਣੇ ਕੁਝ ਕੰਮ ਰੱਬ 'ਤੇ ਛੱਡ ਦਿੰਦਾ ਹਾਂ। ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਦੁਨੀਆ 'ਚ ਆਉਂਦੇ ਹਾਂ ਤਾਂ ਕੁਝ ਚੀਜ਼ਾਂ ਸਾਡੇ ਹਿੱਸੇ 'ਚ ਲਿਖੀਆਂ ਹੁੰਦੀਆਂ ਹਨ। ਸ਼ਾਇਦ ਇਹ ਫਿਲਮ ਬਣਾਉਣਾ ਅਤੇ ਮੇਰੇ ਜ਼ਰੀਏ ਇਸ ਜੰਗ ਦੀ ਕਹਾਣੀ ਲੋਕਾਂ ਤਕ ਪਹੁੰਚਣਾ ਵੀ ਰੱਬ ਦੀ ਹੀ ਇੱਛਾ ਰਹੀ ਹੋਵੇਗੀ।

 ਇਸ ਫਿਲਮ 'ਚ ਹੈ ਸਿਰਫ ਅਸਲੀਅਤ
'ਪਲਟਨ' ਇਕ ਅਜਿਹੀ ਜੰਗ ਦੀ ਕਹਾਣੀ ਹੈ, ਜਿਸ ਬਾਰੇ ਕਦੇ ਦੱਸਿਆ ਹੀ ਨਹੀਂ ਗਿਆ, ਪਤਾ ਨਹੀਂ ਕਿਸ ਕਾਰਨ ਇਸ ਨੂੰ ਦਬਾਈ ਰੱਖਿਆ ਗਿਆ। ਇਹ ਫਿਲਮ ਸਿੱਕਿਮ ਦਾ ਬਹੁਤ ਵੱਡਾ ਇਤਿਹਾਸ ਹੈ।

PunjabKesariਐਕਟਰਾਂ ਨੇ ਰੱਖੀ ਮੇਰੇ 'ਤੇ ਕਮਾਂਡ
ਮੈਂ ਜੋ ਫਿਲਮਾਂ ਆਪਣੇ ਕਰੀਅਰ 'ਚ ਬਣਾਈਆਂ ਹਨ, ਉਨ੍ਹਾਂ ਦੀ ਵਜ੍ਹਾ ਨਾਲ ਮੇਰੀ ਅਜਿਹੀ ਇੱਜ਼ਤ ਬਣੀ ਹੋਈ ਹੈ  ਕਿ ਮੇਰੇ ਐਕਟਰਾਂ ਦਾ ਮੇਰੇ 'ਤੇ ਇੰਨਾ ਵਿਸ਼ਵਾਸ ਹੈ ਕਿ ਮੈਂ ਉਨ੍ਹਾਂ ਨਾਲ ਕੰਮ ਦੇ ਨਾਲ-ਨਾਲ ਨਿਆਂ ਵੀ ਕਰਾਂਗਾ। ਇਸ ਕਾਰਨ ਮੇਰੇ ਐਕਟਰ ਹੀ ਮੇਰੇ 'ਤੇ ਕਮਾਂਡ ਰੱਖਦੇ ਸਨ ਕਿਉਂਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੁੰਦਾ ਹੈ।

ਟ੍ਰੇਲਰ ਦੇਖ ਕੇ ਹੋਇਆ ਦਰਦ ਮਹਿਸੂਸ : ਗੁਰਮੀਤ
ਜਦੋਂ ਫਿਲਮ ਦਾ ਟ੍ਰੇਲਰ ਲਾਂਚ ਹੋਇਆ ਉਦੋਂ ਅਸੀਂ ਸਾਰੇ ਬਹੁਤ ਬਿਜ਼ੀ ਸੀ ਅਤੇ ਮੈਂ ਉਸ ਸਮੇਂ ਇਹ ਜਾਣਨ ਲਈ ਪ੍ਰੇਸ਼ਾਨ ਸੀ ਕਿ ਬਾਹਰ ਟ੍ਰੇਲਰ ਨੂੰ ਲੈ ਕੇ ਲੋਕਾਂ ਦਾ ਰਿਐਕਸ਼ਨ ਕਿਹੋ ਜਿਹਾ ਹੈ ਤਾਂ ਮੈਂ ਆਪਣੀ ਪਤਨੀ ਦੇਬਿਨਾ ਤੋਂ ਇਸ ਬਾਰੇ ਪੁੱਛਿਆ। ਇਸ 'ਤੇ ਦੇਬਿਨਾ ਨੇ ਕਿਹਾ ਕਿ ਜਦੋਂ Àਨ੍ਹਾਂ ਨੇ ਟ੍ਰੇਲਰ ਦੇਖਿਆ ਤਾਂ ਉਨ੍ਹਾਂ ਦੇ ਰੌਂਗਟੇ ਖੜ੍ਹੇ ਹੋ ਗਏ, ਉਨ੍ਹਾਂ ਨੂੰ ਟ੍ਰੇਲਰ ਬਹੁਤ ਪਸੰਦ ਆਇਆ। ਟ੍ਰੇਲਰ ਦੇਖ ਕੇ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਕਿਵੇਂ ਜਵਾਨਾਂ ਨੇ ਆਪਣਾ  ਬਦਲਾ ਲਿਆ ਹੋਵੇਗਾ ਅਤੇ ਉਸ ਸਮੇਂ ਫੌਜੀ ਭਰਾਵਾਂ 'ਤੇ ਕੀ ਬੀਤੀ ਹੋਵੇਗੀ।

ਦੋ ਦਿਨ ਤਕ ਬਿਸਤਰੇ 'ਤੇ ਰਿਹਾ: ਹਰਸ਼ਵਰਧਨ 
ਜਦੋਂ ਮੈਂ ਸ਼ੂਟਿੰਗ ਲਈ ਲੱਦਾਖ ਪਹੁੰਚਿਆ ਤਾਂ ਸਾਹ ਲੈਣ 'ਚ ਕੁਝ ਪ੍ਰੇਸ਼ਾਨੀ ਜਿਹੀ ਹੋ ਰਹੀ ਸੀ। ਮੈਂ ਇਕਦਮ ਤਾਂ ਉਥੇ ਸਾਰਿਆਂ ਨੂੰ ਮਿਲ ਨਹੀਂ ਸਕਿਆ। ਮੈਨੂੰ ਲੱਗਾ ਅਸੀਂ ਤਾਂ ਮੁੰਬਈ 'ਚ ਰੋਜ਼ ਜਿਮ ਕਰਦੇ ਹਾਂ, ਕੁਝ ਨਹੀਂ ਹੋਵੇਗਾ ਅਤੇ ਮੈਂ ਜਿਮ ਚਲਾ ਗਿਆ। ਉਸ ਤੋਂ ਬਾਅਦ ਮੈਂ ਦੋ ਦਿਨ ਬਿਸਤਰੇ 'ਤੇ ਹੀ ਰਿਹਾ। ਲੱਦਾਖ ਬਹੁਤ ਖੂਬਸੂਰਤ ਜਗ੍ਹਾ ਹੈ ਪਰ ਕੋਈ ਉਸ ਨੂੰ ਆਮ ਜਿਹੇ ਢੰਗ ਨਾਲ ਨਾ ਲਵੇ। ਅਸੀਂ ਤਾਂ ਸਿਰਫ ਸ਼ੂਟ ਦੇ ਲਈ ਉਥੇ ਰਹਿ ਕੇ ਆਏ ਹਾਂ ਤਾਂ ਸਾਡੀ ਹਾਲਤ ਖਰਾਬ ਹੋ ਗਈ ਅਤੇ ਸਾਡੇ ਫੌਜੀ ਤਾਂ ਉਥੇ ਆਪਣੀ ਜ਼ਿੰਦਗੀ ਬਿਤਾ ਦਿੰਦੇ ਹਨ।

PunjabKesari

ਵੱਖਰਾ ਹੈ ਜੇ. ਪੀ. ਸਰ ਦਾ ਸਟਾਈਲ: ਅਰਜੁਨ ਰਾਮਪਾਲ 
ਅਰਜੁਨ ਨੇ ਕਿਹਾ ਕਿ ਜੇ.ਪੀ. ਸਰ ਦਾ ਕੰਮ ਕਰਨ ਦਾ ਸਟਾਈਲ ਬਾਕੀ ਡਾਇਰੈਕਟਰਾਂ ਨਾਲੋਂ ਬਿਲਕੁੱਲ ਵੱਖਰਾ ਹੈ। ਇਹ ਪਹਿਲੀ ਅਜਿਹੀ ਫਿਲਮ ਹੈ, ਜਿਸ 'ਚ ਮੈਂ ਖੁਦ ਕੋਈ ਰਿਸਰਚ ਨਹੀਂ ਕੀਤੀ। ਜੇ.ਪੀ. ਸਰ ਨੇ ਪਹਿਲਾਂ ਤੋਂ ਹੀ ਬਹੁਤ ਰਿਸਰਚ ਕੀਤੀ ਹੋਈ ਸੀ, ਜਿਸ ਲਈ ਲੋੜ ਨਹੀਂ ਪਈ। ਅਰਜੁਨ ਨੇ ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਜਦ ਤੁਸੀਂ ਕਿਸੇ ਅਸਲੀ ਕਿਰਦਾਰ ਨੂੰ ਪਰਦੇ 'ਤੇ ਨਿਭਾਉਂਦੇ ਹੋ ਤਾਂ ਉਹ ਇਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ।

ਜੇ. ਪੀ. ਸਰ ਨੇ ਕੀਤਾ ਵਾਅਦਾ ਪੂਰਾ : ਸੋਨੂੰ 
ਜਦੋਂ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਮੁੰਬਈ ਆਇਆ ਸੀ ਤਾਂ ਸਭ ਤੋਂ ਪਹਿਲਾਂ ਜੇ.ਪੀ. ਸਰ ਨੂੰ ਮਿਲਿਆ ਸੀ। ਮੇਰੀ ਸ਼ੁਰੂ ਤੋਂ ਇੱਛਾ ਸੀ ਕਿ ਮੈਂ ਜੇ.ਪੀ. ਸਰ ਨਾਲ ਕੰਮ ਕਰਾਂ। ਉਦੋਂ ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਤੁਹਾਡੇ ਨਾਲ ਇਕ ਫਿਲਮ ਕਰਾਂਗਾ। ਇਕ ਐਕਟਰ ਕਿੰਨੀ ਵੀ ਚੰਗੀ ਐਕਟਿੰਗ ਕਰ ਲਏ... ਕਿੰਨਾ ਵੀ ਉਸ ਕਿਰਦਾਰ 'ਚ ਰੁੱਝ ਜਾਵੇ ਪਰ ਜਦੋਂ ਤਕ ਡਾਇਰੈਕਟਰ ਆਪਣੀ ਜਾਨ ਉਸ 'ਚ ਨਹੀਂ ਪਾਉਂਦਾ, ਉਹ ਅਧੂਰਾ ਹੀ ਰਹਿੰਦਾ ਹੈ।


Edited By

Anuradha

Anuradha is news editor at Jagbani

Read More