ਪ੍ਰਗਟ ਸਿੰਘ ਲਿੱਦੜਾਂ ਵਾਲੇ ਦੀ ਗੀਤਕਾਰੀ ਦਾ ਪੰਜਾਬੀ ਮੁਹਾਵਰਾ

Wednesday, March 6, 2019 10:41 AM
ਪ੍ਰਗਟ ਸਿੰਘ ਲਿੱਦੜਾਂ ਵਾਲੇ ਦੀ ਗੀਤਕਾਰੀ ਦਾ ਪੰਜਾਬੀ ਮੁਹਾਵਰਾ

ਜਲੰਧਰ (ਹਰਪ੍ਰੀਤ ਸਿੰਘ ਕਾਹਲੋਂ) — ਪ੍ਰਗਟ ਸਿੰਘ ਲਿੱਦੜਾਂ ਵਾਲੇ ਕੋਲ ਸੁਹਜ ਸੀ, ਸਹਿਜ ਸੀ, ਪਿੰਡ ਦੀ ਰੂਹ ਸੀ। ਉਸ ਕੋਲ ਪਿੰਡ ਵਾਲਿਆਂ ਦਾ ਕੈਨਵਸ ਸੀ। ਉਸ ਕੈਨਵਸ ਨੂੰ ਉਹ ਆਪਣੀ ਗੀਤਕਾਰੀ 'ਚ ਤਰਾਸ਼ਦਾ ਸੀ ਅਤੇ ਉਹਦੀ ਗੀਤਕਾਰੀ ਮੁਕੰਮਲ ਪੰਜਾਬ ਦਾ ਵਹੀਖਾਤਾ ਮਹਿਸੂਸ ਹੁੰਦਾ ਸੀ, ਜਿਸ ਬੰਦੇ ਨੇ ਆਪਣੇ ਹਰਫਾਂ ਨਾਲ ਗੀਤਕਾਰੀ ਅੰਦਰ ਦੀ ਕਾਵਿਕਤਾ ਨੂੰ ਜਿਊਂਦਾ ਰੱਖਿਆ ਅਤੇ ਆਪਣੇ ਗੀਤ ਚਾਹੇ ਉਹ ਕਿਸੇ ਵੀ ਵਿਧਾ ਦੇ ਹੋਣ, ਉਸ 'ਚੋਂ ਮਿੱਟੀ ਦਾ ਮੁਹਾਵਰਾ ਗਵਾਚਣ ਨਾ ਦਿੱਤਾ ਹੋਵੇ, ਉਹ ਹੁਣ ਖੁਦ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ। ਪੰਜਾਬੀ ਗੀਤਕਾਰ ਪ੍ਰਗਟ ਸਿੰਘ ਲਿੱਦੜਾਂ ਦੇ ਤੁਰ ਜਾਣ ਨਾਲ ਪੰਜਾਬੀ ਗੀਤਕਾਰੀ ਦੇ ਸਾਦ ਮੁਰਾਦੇ ਵਰਤਾਰੇ ਦੀ ਘਾਟ ਸਦਾ ਮਹਿਸੂਸ ਹੁੰਦੀ ਰਹੇਗੀ। ਪ੍ਰਗਟ ਸਿੰਘ ਦੇ ਗੀਤਾਂ 'ਚ ਪੰਜਾਬ ਦੇ ਕਾਰ ਵਿਹਾਰ ਦੇ ਸੁਭਾਅ ਨੂੰ ਪੇਸ਼ ਕਰਨ ਦੀ ਸਮਝ ਸੀ। ਉਨ੍ਹਾਂ ਦੇ ਗੀਤਾਂ 'ਚ ਮਹਿਸੂਸ ਹੁੰਦਾ ਸੀ ਕਿ ਪੰਜਾਬ ਦੇ ਪਿੰਡ ਜਿਊਂਦੇ ਕਿਵੇਂ ਹੋਣਗੇ। ਇਸ ਗੀਤ ਦਾ ਨਮੂਨਾ ਪੜ੍ਹੋ-

ਜਿਸ ਵੇਲੇ ਕਣਕ ਨੂੰ ਪਹਿਲਾ ਪਾਣੀ ਲਾਉਂਦੇ ਜੱਟ, ਤੋਰੀਏ ਨੂੰ ਪੈਂਦੇ ਜਦੋਂ ਪੀਲੇ ਪੀਲੇ ਫੁੱਲ ਵੇ... 

ਬਤੌਰ ਗੀਤਕਾਰ ਪ੍ਰਗਟ ਸਿੰਘ ਦੀ ਗੀਤਕਾਰੀ 'ਚ ਮੈਨੂੰ ਉਨ੍ਹਾਂ ਦੀ ਇਹ ਤਰਾਸ਼ ਬਹੁਤ ਸੋਹਣੀ ਲੱਗਦੀ ਹੈ। ਉਨ੍ਹਾਂ ਦੇ ਸਿਰਜੇ ਪ੍ਰੇਮ ਗੀਤ ਦੀ ਤਰਜ  'ਚ ਮੁਹੱਬਤ ਦੇ ਇਜ਼ਹਾਰ 'ਚ ਵੀ ਪੰਜਾਬ ਦਾ ਮੁਹਾਵਰਾ ਨਹੀਂ ਗਵਾਚਦਾ। ਉਨ੍ਹਾਂ ਦੇ ਅਣਗਿਣਤ ਗੀਤ ਹਨ ਜੋ ਹੈ ਤਾਂ ਪ੍ਰੇਮ ਗੀਤ ਪਰ ਉਨ੍ਹਾਂ 'ਚ ਪੰਜਾਬ ਦੇ ਸਮੇਂ, ਮੌਸਮ, ਮਾਹੌਲ, ਪੇਂਡੂ ਜ਼ਿੰਦਗੀ ਦਾ ਕ੍ਰਾਫਟ ਉਚੇਚਾ ਮਹਿਸੂਸ ਹੋਵੇਗਾ। ਉਨ੍ਹਾਂ ਦੇ ਗੀਤਾਂ 'ਚ ਵੈਰਾਗ ਹੈ। ਸਾਂਝਾ ਪੰਜਾਬ ਹੈ। ਪ੍ਰਗਟ ਦੇ ਗੀਤਾਂ 'ਚ ਪੰਜਾਬ ਦਾ ਉਹ ਲੋਕ ਮੁਹਾਵਰਾ ਵੀ ਮਹਿਸੂਸ ਹੁੰਦਾ ਹੈ, ਜਿਹੜਾ ਗੁਰਬਾਣੀ ਅਤੇ ਸਾਧ ਬਾਣੀ ਦੀ ਸਮਝ ਤੋਂ ਪੈਦਾ ਹੋਇਆ।

ਮਨ ਦਾ ਪੰਛੀ ਕੈਦ ਇੱਥੋਂ ਹੁਣ ਉਡਣਾ ਚਾਹਵੇ, ਇਸ ਨਿਰਮੋਹੀ ਨਗਰੀ ਦਾ ਮਾਏ ਹੁਣ ਮੋਹ ਨਾ ਆਵੇ...

ਪ੍ਰਗਟ ਬਦਲ ਰਹੇ ਦੌਰ ਦੇ ਨਵੇਂ ਜ਼ਮਾਨੇ ਦਾ ਪੰਜਾਬ 'ਤੇ ਪੈਂਦਾ ਅਸਰ ਵੀ ਵੇਖ ਰਿਹਾ ਹੈ ਅਤੇ ਖਿੰਡੇ ਪੰਜਾਬ ਦੇ ਨਿਸ਼ਾਨ ਵੀ ਮਹਿਸੂਸ ਕਰਦਾ ਹੈ। ਉਨ੍ਹਾਂ ਦੀ ਗੀਤਕਾਰੀ 'ਚ ਅਜਿਹਾ ਹੋਣਾ ਸ਼ਾਇਦ ਇਸ ਕਰਕੇ ਹੋਵੇ ਕਿਉਂਕਿ ਉਹ ਪੁਰਾਣੀ ਤੇ ਨਵੀਂ ਸਦੀ ਦੇ ਵਿਚਕਾਰ ਦੇ ਬੰਦੇ ਹਨ। ਅਜਿਹੀਆਂ ਕਈ ਉਦਾਹਰਨਾਂ ਹਨ, ਜਿਨ੍ਹਾਂ 'ਚ ਉਨ੍ਹਾਂ ਦੇ ਗੀਤ ਦੀ ਬਣਤਰ ਦਾ ਧੁਰਾ ਚਾਹੇ ਪ੍ਰੇਮ ਕਹਾਣੀ ਹੀ ਹੋਵੇ ਪਰ ਉਨ੍ਹਾਂ ਦੀ ਬਤੌਰ ਗੀਤਕਾਰ ਚਿੰਤਾ ਉਸ ਤੋਂ ਕਿਤੇ ਵੱਡੀ ਹੈ।

ਹੁਣ ਰੱਬੀ ਜਾਂ ਸਬੱਬੀ ਮੇਲ ਹੋਣਗੇ ਵੇ ਵੰਡੇ ਹੋਏ ਪੰਜਾਬ ਦੀ ਤਰ੍ਹਾਂ

ਪ੍ਰਗਟ ਸਿੰਘ ਜਦੋਂ ਪੰਜਾਬ ਦੀ ਕੁੜੀ ਦੀ ਵਡਿਆਈ ਵੀ ਕਰਦੇ ਹਨ ਤਾਂ ਉਹ ਸਮੁੱਚੀ ਗੀਤਕਾਰੀ ਤੋਂ ਬਹੁਤ ਵੱਖਰੀ ਹੈ। ਪੰਜਾਬ ਦੇ ਗੀਤਾਂ 'ਚ ਕਾਮੁਕਤਾ ਦਾ ਬਿਆਨ ਘੱਟ ਹੈ, ਲੱਚਰਤਾ ਵੱਧ ਹੈ। ਇਹ ਬਹਿਸ ਸਦਾ ਤੁਰਦੀ ਰਹੀ ਹੈ ਕਿ ਪੰਜਾਬੀ ਗੀਤਕਾਰੀ ਜਨਾਨੀ ਵਿਰੋਧੀ, ਹਥਿਆਰਾਂ, ਜਾਤਾਂ ਦਾ ਮਾਣ ਅਤੇ ਕਾਰਾਂ ਟਰੈਕਟਰਾਂ ਦਾ ਗੁਣਗਾਨ ਬਹੁਤਾ ਹੈ। ਗੀਤਕਾਰੀ ਸਾਹਿਤ ਦੀ ਵਿਧਾ ਹੈ ਅਤੇ ਕਾਮੁਕਤਾ ਬੰਦੇ ਦੇ ਜਜ਼ਬਾਤ ਦਾ ਹਿੱਸਾ ਹੈ। ਪਹਿਲਾਂ ਦੀ ਗੀਤਕਾਰੀ ਤੋਂ ਲੈ ਕੇ ਲੋਕ ਗੀਤਾਂ 'ਚ ਵੀ ਇਹ ਦੀ ਛੋਹ ਮਿਲੇਗੀ ਪਰ ਹੁਣ ਦੀ ਗੀਤਕਾਰੀ 'ਚ ਇਹ ਵੱਖਰੀ ਹੈ। ਲੋਕ ਗੀਤਾਂ 'ਚ ਉਹ ਸਹਿਜ ਜਜ਼ਬਾਤ ਦਾ ਹਿੱਸਾ ਹੈ ਪਰ ਹੁਣ ਪੂਰਾ ਸੋਚ ਸਮਝ ਕੇ ਮਿੱਥ ਕੇ ਪੇਸ਼ ਕੀਤਾ ਲੁੱਚਪੁਣਾ ਹੈ। ਪ੍ਰਗਟ ਸਿੰਘ ਦੀ ਗੀਤਕਾਰੀ 'ਚ ਕੁੜੀ ਦੇ ਸੁਹੱਪਣ ਦਾ ਸੁਹਜ ਵੀ ਪੰਜਾਬ ਦੀ ਖੂਬਸੂਰਤੀ ਦੇ ਬਿੰਬ ਮਾਰਫਤ ਜ਼ਿਕਰ 'ਚ ਆਉਂਦੀ ਹੈ। ਗੀਤ ਪੰਜਾਂ ਪਾਣੀਆਂ ਦੀ ਹੂਰ ਦੀ ਇਹ ਸਤਰ ਪੜ੍ਹੋ-

ਤੇਰਾ ਮਾਲਵੇ ਦੇ ਟਿੱਬਿਆਂ ਦੀ ਰੇਤ ਜਿਹਾ ਰੰਗ ਜਾਂ ਚੰਨ ਚਾਨਣੀ ਰਾਤ ਤੋਂ ਹਨੇਰਾ ਹੋ ਗਿਆ
ਇਕੋ ਚੰਨ ਸੀ ਅੰਬਰੀ ਬੱਦਲਾਂ ਲਕੋ ਲਿਆ

ਪ੍ਰਗਟ ਸਿੰਘ ਦਾ ਇਕ ਗੀਤ ਆਪਣੇ ਵੇਲੇ ਦਾ ਸਭ ਤੋਂ ਸ਼ਾਨਦਾਰ ਸਿਆਸੀ ਗੀਤ ਹੈ। ਇਹ ਪ੍ਰਗਟ ਸਿੰਘ ਦਾ ਹੁਨਰ ਹੈ ਕਿ ਕੋਈ ਪ੍ਰੇਮ ਗੀਤ ਇੰਝ ਦਾ ਸਿਆਸੀ ਗੀਤ ਵੀ ਬਣ ਸਕਦਾ ਹੈ।

ਮੇਰੇ ਪਿੰਡ ਦੀ ਨਹਿਰ ਵਿਚੋਂ, ਪਾਣੀ ਲੁੱਟ ਕੇ ਲੈ ਗਈ ਹੂਰ ਕੁੜੀ

ਬਤੌਰ ਪੰਜਾਬ ਆਪਣੇ ਕੁਦਰਤੀ ਸਰੋਤਾਂ ਦੀ ਲੁੱਟ 'ਚੋਂ ਹੁਣ ਜਿਸ ਮੁਹਾਨੇ 'ਤੇ ਖੜ੍ਹਾ ਹੈ ਇਹ ਵੱਡਾ ਸੰਕਟ ਹੈ। ਇਹ ਪੰਜਾਬ ਸਮਾਜਿਕ, ਧਾਰਮਿਕ, ਆਰਥਿਕ ਤ੍ਰਾਸਦੀਆਂ 'ਚੋਂ ਲੰਘ ਰਿਹਾ ਹੈ। ਇਸ ਪੰਜਾਬ 'ਚ ਖੇਤੀਬਾੜੀ ਅਤੇ ਕਿਸਾਨੀ ਤਾਂ ਸੰਕਟ 'ਚ ਹੈ ਹੀ ਪਰ ਕਿਸਾਨ ਖੁਦਕੁਸ਼ੀਆਂ, ਗੰਦਲੇ ਪਾਣੀ, ਪਾਣੀਆਂ ਦੀ ਲੁੱਟ, ਮਜ਼ਦੂਰਾਂ ਦੀ ਮਾੜੀ ਹਾਲਤ, ਪ੍ਰਦੂਸ਼ਿਤ ਹਵਾ, ਪਾਣੀ, ਮਿੱਟੀ 'ਚ ਪੰਜ ਦਰਿਆਵਾਂ ਦਾ ਪੰਜਾਬ ਸਦਾ ਤ੍ਰਾਸਦੀਆਂ ਦਰ ਤ੍ਰਾਸਦੀਆਂ ਵੱਡੀ ਮਾਰ ਥੱਲੋਂ ਲੰਘ ਰਿਹਾ ਹੈ। ਦਿੱਲੀ ਨਾਮ ਦੇ ਇਸੇ ਗੀਤ ਦੇ ਹੋਰ ਬੋਲ ਹਨ-

ਪਾਣੀ ਬਾਝੋਂ ਖੇਤ ਮੇਰੇ ਰਹਿੰਦੇ ਬੜੇ ਪਿਆਸੇ ਨੇ 
ਕਣਕ ਦੇ ਬੂਟੇ ਜਨਮ ਵੇਲੇ ਹੁੰਦੇ ਬੜੇ ਉਦਾਸੇ ਨੇ 
ਦਰਿਆਵਾਂ ਦੇ ਮਾਲਕ ਨੂੰ ਪਾਣੀ ਦੇ ਮਾਇਨੇ ਦੱਸਦੀ ਐ
ਪਰ ਬੰਜਰ ਬਣਦੀ ਧਰਤੀ 'ਤੇ ਅੰਦਰੋ ਅੰਦਰੀ ਹੱਸਦੀ ਐ 

ਪ੍ਰਗਟ ਸਿੰਘ ਬਤੌਰ ਗੀਤਕਾਰ ਜੋ ਇਸ਼ਾਰੇ ਕਰਦਾ ਹੈ, ਉਹ ਨੂੰ ਸਮਝਣ ਲਈ ਹਵਾਲਾ ਇਹ ਹੈ ਕਿ ਸਦੀਆਂ ਤੋਂ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਭਰੀ ਧਰਤੀ ਨੇ ਖੇਤੀ ਕੀਤੀ ਉਥੋਂ ਦੇ ਕਿਸਾਨਾਂ ਨੂੰ ਗੁੜਤੀ 'ਚ ਮਿਲੀ ਖੇਤੀ ਹੁਣ ਵੱਡੇ ਵਿੱਦਿਅਕ ਅਦਾਰਿਆਂ ਹੱਥੋਂ ਚੁਣੌਤੀ 'ਚੋਂ ਲੰਘ ਰਹੀ ਹੈ। ਪੰਜਾਬ ਦੇ ਮੁਹਾਵਰੇ 'ਚ ਕਾਂ ਚਿੜੀ ਦੀਆਂ ਕਹਾਣੀਆਂ ਹਨ। ਚਿੜੀ ਦੇ ਲੋਕ ਗੀਤ ਹਨ ਪਰ ਖੇਤੀਬਾੜੀ ਯੂਨੀਵਰਸਿਟੀ ਬਕਾਇਦਾ ਦੁਸ਼ਮਣ ਪੰਛੀ ਦੇ ਰੂਪ 'ਚ ਚਿੜੀ ਦੀ ਪਛਾਣ ਕਰਦੀ ਹੈ। ਇਹ ਵੀ ਵੱਡੀ ਤ੍ਰਾਸਦੀ ਹੈ ਕਿ ਹੁਣ ਪੰਛੀ ਵੀ ਦੁਸ਼ਮਣ ਬਣ ਗਏ? ਕਦੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ 'ਚ ਸੀ ਕਿ ਸਫੈਦਾ ਲਾਓ। ਸਾਲਾਂ ਬਾਅਦ ਕਹਿੰਦੇ ਕਿ ਪਾਣੀ ਬਹੁਤ ਪੀਂਦਾ ਹੈ ਨਾ ਲਾਓ। ਕਦੀ ਕਹਿੰਦੇ ਸੀ ਅੱਗ ਲਾਓ ਇੰਝ ਮਿੱਟੀ 'ਚ ਕਾਰਬਨ ਵਧਦੀ ਹੈ। ਸਾਲਾਂ ਬਾਅਦ ਆ ਕੇ ਹੁਣ ਕਿਹਾ ਜਾ ਰਿਹਾ ਹੈ ਕਿ ਅੱਗ ਨਾ ਲਾਓ, ਗਲੋਬਲ ਵਾਰਮਿੰਗ ਵੱਧ ਰਹੀ ਹੈ। ਸੋ ਪ੍ਰਗਟ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਮੁੜ ਮੁੜ ਗੀਤ ਪੰਜਾਬ, ਦਿੱਲੀ ਅਤੇ ਅਜਿਹੇ ਗੀਤ ਸੁਣਿਓ। ਪੰਜਾਬੀ ਗੀਤਕਾਰੀਆਂ 'ਚ ਸੁਹਜ ਗੀਤਾਂ ਦੇ ਇਸ ਗੀਤਕਾਰ ਨੂੰ ਇਹੋ ਜਾਂਦੀ ਵਾਰ ਦਾ ਸਲਾਮ ਹੋਵੇਗਾ।
 


Edited By

Sunita

Sunita is news editor at Jagbani

Read More