ਪਰਮੀਸ਼ ਵਰਮਾ ਨਾਲ ਹੋਏ ਮੰਦਭਾਗੇ ਹਾਦਸੇ ਤੋਂ ਡਰੇ ਤੇ ਸਹਿਮੇ ਸਿਤਾਰਿਆਂ ਨੇ ਦਿੱਤੀ ਪ੍ਰਤੀਕਿਰਿਆ
4/14/2018 5:10:06 PM
ਜਲੰਧਰ(ਬਿਊਰੋ)— ਮਸ਼ਹੂਰ ਗਾਇਕ ਤੇ ਵੀਡੀਓ ਡਾਇਰੈਕਟਰ ਪਰਮੀਸ਼ ਵਰਮਾ 'ਤੇ ਹੋਏ ਜਾਨਲੇਵਾ ਹਮਲੇ ਨਾਲ ਪੂਰਾ ਪਾਲੀਵੁੱਡ ਜਗਤ ਸਹਿਮ ਗਿਆ ਹੈ। ਬੀਤੇ ਰਾਤ ਕਰੀਬ 12:30 ਵਜੇ ਪਰਮੀਸ਼ ਵਰਮਾ 'ਤੇ ਖਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਵਲੋਂ ਜਾਨਲੇਵਾ ਹਮਲਾ ਕੀਤਾ ਗਿਆ। ਇਸ ਹਮਲੇ 'ਚ ਪਰਮੀਸ਼ ਵਰਮਾ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ। ਇਹ ਗੱਲ ਖੁਦ ਦਿਲਪ੍ਰੀਤ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਕੇ ਦਿੱਤੀ, ਜਿਸ 'ਚ ਉਸ ਨੇ ਪਰਮੀਸ਼ ਵਰਮਾ ਨੂੰ ਧਮਕੀ ਦਿੰਦੇ ਕਿਹਾ ਕੀ ਇਸ ਵਾਰ ਤਾਂ ਤੂੰ ਬਚ ਗਿਆ ਪਰ ਮੈਂ ਹੁਣ ਤੈਨੂੰ ਛੱਡਾਂਗਾ ਨਹੀਂ।
ਦੱਸ ਦੇਈਏ ਪਰਮੀਸ਼ ਵਰਮਾ ਨਾਲ ਹੋਏ ਮੰਦਭਾਗੇ ਹਾਦਸੇ ਨਾਲ ਸਹਿਮੇ ਸਿਤਾਰਿਆਂ ਨੇ ਦੁੱਖ ਜ਼ਾਹਰ ਕਰਦੇ ਹੋਏ ਇੰਸਟਾਗ੍ਰਾਮ 'ਤੇ ਪੋਸਟਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਨ੍ਹਾਂ ਨੇ ਇਸ ਮੰਦਭਾਗੇ ਹਾਦਸੇ ਨੂੰ ਦੁਖਦਾਇਕ ਦੱਸਿਆ ਹੈ। ਮਸ਼ਹੂਰ ਗਾਇਕ ਦਿਲਪ੍ਰੀਤ ਢਿੱਲੋਂ, ਦੇਸੀ ਕਰਿਊ, ਸਪੀਡ ਰਿਕਾਰਡਸ, ਰੇਸ਼ਮ ਸਿੰਘ ਅਨਮੋਲ ਸਮੇਤ ਹੋਰਨਾਂ ਗਾਇਕਾਵਾਂ ਨੇ ਰੋਸ ਪ੍ਰਗਟ ਕੀਤਾ ਹੈ।
ਇਸ ਸਬੰਧੀ ਪੰਜਾਬੀ ਸਭਿਆਚਾਰ ਦੇ ਉਪ ਚੇਅਰਮੈਨ ਦੀਪਕ ਬਾਲੀ ਨੇ ਅਫਸੋਸ ਪ੍ਰਗਟਾਉਂਦਿਆਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ, ਜਿਸ ਵਿਚ ਇਕ ਕਲਾਕਾਰ ਨੂੰ ਗੈਂਗਸਟਰ ਵਲੋਂ ਨਿਸ਼ਾਨਾ ਬਣਾਇਆ ਗਿਆ। ਪੰਜਾਬੀ ਗਾਇਕ ਜੋ ਕਿ ਲੋਕਾਂ ਦੇ ਮਨੋਰੰਜਨ ਲਈ ਅਤੇ ਉਨ੍ਹਾਂ ਨੂੰ ਆਪਣੇ ਸਭਿਆਚਾਰ ਨਾਲ ਜੋੜੀ ਰੱਖਣ ਲਈ ਗੀਤ ਗਾਉਂਦੇ ਹਨ ਉਨ੍ਹਾਂ 'ਤੇ ਇਸ ਤਰ੍ਹਾਂ ਦੇ ਹਮਲੇ ਹੋਣਾ ਬਹੁਤ ਦੁੱਖ ਵਾਲੀ ਗੱਲ ਹੈ। ਦੱਸ ਦੇਈਏ ਕਿ ਆਈ 20 ਕਾਰ 'ਚ ਸਵਾਰ ਹੋ ਕੇ ਬਾਦਮਾਸ਼ਾਂ ਨੇ ਪਰਮੀਸ਼ ਵਰਮਾ ਦਾ ਪਿੱਛਾ ਕਰਕੇ ਗੋਲੀ ਚਲਾਈ ਸੀ। ਇਸ ਦੌਰਾਨ ਪਰਮੀਸ਼ ਵਰਮਾ ਇਕ ਹੋਟਲ 'ਚ ਪਾਰਟੀ 'ਤੇ ਜਾ ਰਿਹਾ ਸੀ।
ਦੱਸਣਯੋਗ ਹੈ ਕਿ ਮੋਹਾਲੀ ਦੇ ਐੱਸ. ਐੱਸ. ਪੀ. ਨੇ ਇਸ ਮਾਮਲੇ 'ਚ ਬੋਲਦੇ ਹੋਏ ਕਿਹਾ, ਪਰਮੀਸ਼ ਵਰਮਾ ਦਾ ਰਾਤ ਨੂੰ ਤਕਰੀਬਨ 12:30 ਵਜੇ ਫੋਨ ਆਇਆ ਸੀ ਕਿ ਉਸ 'ਤੇ ਗੋਲੀ ਚਲਾਈ ਗਈ ਹੈ। ਅਸੀਂ ਤੁਰੰਤ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਉਸ ਦੀ ਲੱਤ 'ਤੇ ਇਕ ਗੋਲੀ ਵੱਜੀ ਸੀ, ਜਿਸ ਕਿਸੇ ਕ੍ਰੋਟਾ ਕਾਰ ਵਾਲੇ ਨੇ ਮਾਰੀ ਸੀ।
ਸਾਨੂੰ ਅੱਜ ਸਵੇਰੇ ਪਤਾ ਲੱਗਾ ਹੈ ਕਿ ਪਹਿਲਾਂ ਵੀ ਪਰਮੀਸ਼ ਵਰਮਾ ਨੂੰ ਧਮਕੀਆਂ ਮਿਲਦੀਆਂ ਰਹੀਆਂ ਹਨ। ਜੇਕਰ ਸਾਨੂੰ ਪਹਿਲਾਂ ਪਤਾ ਹੁੰਦਾ ਤਾਂ ਅਸੀਂ ਉਸ ਦੀ ਸੁਰੱਖਿਆ ਲਈ ਕੋਈ ਨਾ ਕੋਈ ਵਿਵਸਥਾ ਜ਼ਰੂਰ ਕਰਦੇ। ਅਸੀਂ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਦੋਸ਼ੀਆਂ ਦੀ ਭਾਲ ਕਰ ਰਹੇ ਹਾਂ ਤੇ ਸਾਨੂੰ ਉਨ੍ਹਾਂ ਦਾ ਸੁਰਾਗ ਵੀ ਮਿਲ ਚੁੱਕਾ ਹੈ।
ਪ੍ਰੀਤ ਹਰਪਾਲ- ਇਹ ਇਕ ਬਹੁਤ ਹੀ ਬੁਰੀ ਘਟਨਾ ਹੈ, ਜੋ ਵੀ ਹੋਇਆ ਬਹੁਤ ਮਾੜਾ ਹੋਇਆ। ਪ੍ਰੀਤ ਹਰਪਾਲ ਨੇ ਕਿਹਾ ਕਿ ਜਿਨ੍ਹਾਂ ਨੇ ਹਮਲਾ ਕੀਤਾ ਉਹ ਵੀ ਆਪਣੇ ਪਰਿਵਾਰ ਦੇ ਬੰਦੇ ਹਨ, ਸਗੋਂ ਪੂਰਾ ਪੰਜਾਬ ਅਤੇ ਪੂਰੀ ਇੰਡਸਟਰੀ ਇਕ ਪਰਿਵਾਰ ਵਾਂਗ ਹੈ, ਸੋ ਜੋ ਵੀ ਮਸਲਾ ਹੈ ਉਸ ਨੂੰ ਆਪਸ 'ਚ ਬੈਠ ਕੇ ਸੁਲਝਾ ਲੈਣਾ ਚਾਹੀਦਾ ਹੈ ਕਿਉਂਕਿ ਸਮੇਂ ਅਤੇ ਜਾਣ ਤੋਂ ਵੱਡੀ ਕੋਈ ਚੀਜ਼ ਨਹੀਂ। ਅੱਜ ਪਰਮੀਸ਼ ਹੈ ਤੇ ਕੱਲ ਕੋਈ ਹੋਰ ਵੀ ਹੋ ਸਕਦਾ ਹੈ।
ਗੁਰੀ (ਦਿ ਲੈਂਡਰ)- ਪਰਮੀਸ਼ ਵਰਮਾ ਨੂੰ ਗੋਲੀ ਲੱਗਣ ਦੀ ਖਬਰ ਸੁਣ ਕੇ ਕੁਝ ਸਮਝ ਲੱਗ ਹੀ ਨਹੀਂ ਰਿਹਾ ਕਿ ਹੋ ਕੀ ਰਿਹਾ ਹੈ ਜੋ ਵੀ ਹੋਇਆ ਉਹ ਬਹੁਤ ਖਰਾਬ ਹੋਇਆ ਅਤੇ ਨਹੀਂ ਹੋਣਾ ਚਾਹੀਦਾ ਸੀ। ਵਾਹਿਗੁਰੂ ਪਰਮੀਸ਼ ਵਰਮਾ ਨੂੰ ਛੇਤੀ ਠੀਕ ਕਰੇ।
ਯੁਵਰਾਜ ਹੰਸ- ਇਹ ਇਕ ਬਹੁਤ ਹੀ ਵੱਡੀ ਦੁਖਦ ਘਟਨਾ ਹੈ, ਜੋ ਕਿ ਬਹੁਤ ਹੀ ਗਲਤ ਗੱਲ ਹੈ। ਪਰਮੀਸ਼ ਇਕ ਚੰਗੇ ਆਰਟਿਸਟ ਹੋਣ ਦੇ ਨਾਲ-ਨਾਲ ਬਹੁਤ ਹੀ ਵਧੀਆ ਇਨਸਾਨ ਵੀ ਹਨ। ਮੈਨੂੰ ਉਮੀਦ ਹੈ ਕਿ ਉਹ ਛੇਤੀ ਠੀਕ ਹੋ ਜਾਣਗੇ।
ਰੌਸ਼ਨ ਪ੍ਰਿੰਸ ਦਾ ਕਹਿਣਾ ਹੈ ਕਿ, ਜੋ ਹੋਇਆ ਬਹੁਤ ਹੀ ਬੁਰਾ ਹੋਇਆ, ਪਰਮੀਸ਼ ਦੇ ਸਟਰੱਗਲਿੰਗ ਪੀਰੀਅਡ ਅਤੇ ਸ਼ੁਰੂਆਤੀ ਦੌਰ 'ਚ ਉਸ ਨੂੰ ਸਖਤ ਮਿਹਨਤ ਕਰਦੇ ਹੋਏ ਵੇਖਿਆ ਹੈ। ਰੌਸ਼ਨ ਪ੍ਰਿੰਸ ਨੇ ਕਿਹਾ ਕਿ ਮੈਂ ਤੇ ਪਰਮੀਸ਼ ਨੇ 'ਕਿਰਪਾਨ' ਫਿਲਮ 'ਚ ਇਕੱਠਿਆਂ ਕੰਮ ਕੀਤਾ ਹੈ। ਇਸ ਲਈ ਮੈਨੂੰ ਪਤਾ ਹੈ ਪਰਮੀਸ਼ ਬਹੁਤ ਵਧੀਆ ਕੰਮ ਕਰਨ ਵਾਲੇ ਅਤੇ ਬਹੁਤ ਮਿਹਨਤ ਕਰਨ ਵਾਲੇ ਇਨਸਾਨ ਹਨ। ਰੱਬ ਕਰੇ ਉਹ ਜਲਦੀ ਸਿਹਤਮੰਦ, ਤੰਦਰੁਸਤ ਹੋ ਜਾਣ। ਸਾਡੀ ਇੰਡਸਟਰੀ ਨੂੰ ਨਫਰਤ ਦੀ ਨਹੀਂ ਪਿਆਰ ਦੀ ਲੋੜ ਹੈ।
ਸਾਰਾ ਗੁਰਪਾਲ ਨੇ ਕਿਹਾ, ''ਮੈਨੂੰ ਬਹੁਤ ਬੁਰਾ ਲੱਗਾ ਜਦੋਂ ਮੈਂ ਇਹ ਖਬਰ ਸੁਣੀ। ਹਾਲ ਹੀ ਵਿਚ ਮੇਰੀ ਪਰਮੀਸ਼ ਨਾਲ ਗੱਲ ਹੋਈ ਸੀ ਪਰ ਇਹ ਜੋ ਕੁਝ ਵੀ ਹੋਇਆ ਇਹ ਬਹੁਤ ਹੀ ਅਚਾਨਕ ਸੀ। ਇਹ ਬਹੁਤ ਹੀ ਭਿਆਨਕ ਗੱਲ ਹੈ ਕਿਉਂਕਿ ਪੂਰੀ ਇੰਡਸਟਰੀ ਇਕ ਪਰਿਵਾਰ ਹੈ ਅਤੇ ਇਹ ਸਾਰੇ ਆਰਟਿਸਟਾਂ ਵਾਸਤੇ ਇਕ ਖਤਰੇ ਵਾਲੀ ਗੱਲ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ