ਕੌਮੀ ਖਿਡਾਰਨ ਸੀ ਪਰ ਕਿਸਮਤ ਨੇ ਹੀਰੋਇਨ ਬਣਾ ਦਿੱਤਾ, ਜੁੜਿਆ ਪ੍ਰਾਚੀ ਦਾ ''ਅਰਜਣ'' ਨਾਲ ਕੁਨੈਕਸ਼ਨ

4/23/2017 11:51:29 AM

ਜਲੰਧਰ— ਪੰਜਾਬੀ ਸਿਨੇਮੇ ''ਚ ਪਿਛਲੇ ਕੁਝ ਸਮੇਂ ਤੋਂ ਹੀਰੋਇਨਾਂ ਦੀ ਘਾਟ ਰੜਕ ਰਹੀ ਸੀ ਪਰ ਹੁਣ ਇਹ ਘਾਟ ਹੌਲੀ ਹੌਲੀ ਪੂਰੀ ਹੋਣ ਲੱਗੀ ਹੈ। ਪੰਜਾਬੀ ਸਿਨੇਮੇ ਨਾਲ ਕਈ ਖੂਬਸੂਰਤ ਮੁਟਿਆਰਾਂ ਜੁੜਨ ਲੱਗੀਆਂ ਹਨ। ਇਸ ਸਾਲ ਰਿਲੀਜ਼ ਹੋਣ ਜਾ ਰਹੀਆਂ ਜ਼ਿਆਦਾਤਰ ਫ਼ਿਲਮਾਂ ''ਚ ਦਰਸ਼ਕ ਨਵੀਆਂ ਹੀਰੋਇਨਾਂ ਨੂੰ ਹੀ ਦੇਖਣਗੇ। ਇਨ੍ਹਾਂ ਨਵੇਂ ਚਿਹਰਿਆਂ ''ਚੋਂ ਹੀ ਹੈ ਪ੍ਰਾਚੀ ਤਹਿਲਨ। ਉੱਚੀ ਇਹ ਖੂਬਸੂਰਤ ਮੁਟਿਆਰ ਪੰਜਾਬੀ ਫ਼ਿਲਮ ''ਅਰਜੁਣ'' ਤੋਂ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰ ਰਹੀ ਹੈ। ਇਹ ਫ਼ਿਲਮ 5 ਮਈ ਨੂੰ ਰਿਲੀਜ਼ ਹੋ ਰਹੀ ਹੈ। ਭਾਰਤੀ ਨੈਟਬਾਲ ਟੀਮ ਦੀ ਕੈਪਟਨ ਰਹਿ ਚੁੱਕੀ ਪ੍ਰਾਚੀ ਦੇਸ਼ ਦੀ ਨਾਮੀਂ ਖਿਡਾਰਨ ਹੋਣ ਦੇ ਨਾਲ ਨਾਲ ਕਮਾਲ ਦੀ ਅਦਾਕਾਰਾ ਵੀ ਹੈ। ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਹੀਰੋਇਨ ਬਣੇਗੀ, ਨਾ ਹੀ ਉਸ ਨੂੰ ਅਦਾਕਾਰੀ ਜਾਂ ਗਲੈਮਰ ਦਾ ਕੋਈ ਸ਼ੌਕ ਸੀ। ਇਕ ਖਿਡਾਰੀ ਵਜੋਂ ਉਸ ਦੀ ਮਕਬੂਲੀਅਤ ਨੇ ਉਸ ਨੂੰ ਇਸ ਖ਼ੇਤਰ ''ਚ ਲੈ ਕੇ ਆਈ। ਬਹੁਚਰਚਿਤ ਟੀ. ਵੀ. ਸੀਰੀਅਲ ''ਦੀਆ ਔਰ ਬਾਤੀ ਹਮ'' ਨਾਲ ਟੈਲੀਵਿਜ਼ਨ ਜਗਤ ਦਾ ਨਾਮੀਂ ਚਿਹਰਾ ਬਣੀ 5 ਫੁੱਟ 11 ਇੰਚ ਦੀ ਇਸ ਐਕਟਰਸ ਨਾਲ ਅਸੀਂ ਕੁਝ ਗੱਲਾਂ ਕੀਤੀਆਂ। ਪੇਸ਼ ਹੈ ਇਸ ਗੱਲਬਾਤ ਦਾ ਸੰਖੇਪ :
ਸਪੋਰਟਸਮੈਨ ਤੋਂ ਐਕਟਰ ਬਣਨ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ?
►ਇਹ ਸਭ ਕੁਝ ਅਚਾਨਕ ਹੋਇਆ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੀ ਜ਼ਿੰਦਗੀ ''ਚ ਇਸ ਤਰ੍ਹਾਂ ਬਦਲਾਅ ਆਵੇਗਾ ਕਿ ਲੋਕ ਮੈਨੂੰ ਫ਼ਿਲਮ ਸਕਰੀਨ ''ਤੇ ਦੇਖਣਗੇ। ਬਚਪਨ ਤੋਂ ਹੀ ਮੇਰਾ ਧਿਆਨ ਸਿਰਫ਼ ਖੇਡਾਂ ਵੱਲ ਰਿਹਾ ਹੈ। 13 ਸਾਲ ਦੀ ਉਮਰ ''ਚ ਮੈਂ ਗਰਾਉਂਡ ਜਾਣ ਲੱਗੀ ਸੀ। ਬਾਸਕਟਬਾਲ ਤੇ ਨੈਟਬਾਲ ਹੀ ਮੇਰੀ ਜ਼ਿੰਦਗੀ ਸੀ। 10 ਸਾਲ ਮੈਂ ਬਾਸਕਟਬਾਲ ਦੀ ਖਿਡਾਰਨ ਰਹੀ। ਚਾਰ ਸਾਲ ਮੈਂ ਇੰਡੀਆ ਟੀਮ ਲਈ ਨੈਟਬਾਲ ਖੇਡੀ। ਸਾਲ 2010 ''ਚ ਕਾਮਨਵੈਲਥ ਖੇਡਾਂ ''ਚ ਮੇਰੀ ਕਪਤਾਨੀ ਹੇਠ ਹੀ ਭਾਰਤੀ ਨੈਟਬਾਲ ਟੀਮ ਨੇ ਹਿੱਸਾ ਲਿਆ ਸੀ। ਸਾਲ 2011 ''ਚ ਹੋਈਆਂ ਦੱਖਣ ਏਸ਼ੀਅਨ ਖੇਡਾਂ ''ਚ ਵੀ ਮੇਰੀ ਕਪਤਾਨੀ ਹੇਠ ਹੀ ਭਾਰਤੀ ਨੈਟਬਾਲ ਟੀਮ ਨੇ ਤਮਗਾ ਜਿੱਤਿਆ ਸੀ। ਉਸ ਵੇਲੇ ਕੋਈ ਨਹੀਂ ਸੋਚ ਸਕਦਾ ਸੀ ਕਿ ਦਿੱਲੀ ਦੀ ਇਹ ਖਿਡਾਰਨ ਕੁੜੀ ਇਕ ਦਿਨ ਹੀਰੋਇਨ ਬਣੇਗੀ। ਮੈਂ ਆਪਣੀ ਜ਼ਿੰਦਗੀ ''ਚ ਵਿਅਸਥ ਸੀ। ਇਕ ਦਿਨ ਸਟਾਰ ਪਲੱਸ ਟੀਵੀ ਚੈਨਲ ਤੋਂ ਸੀਰੀਅਲ ''ਦੀਆ ਔਰ ਬਾਤੀ ਹਮ'' ਦੀ ਕਲਾਤਮਿਕ ਨਿਰਦੇਸ਼ਕ ਸ਼ਵੇਤਾ ਬਿਸਨੋਈ ਦਾ ਫ਼ੋਨ ਆਇਆ। ਉਨ੍ਹਾਂ ਫ਼ੇਸਬੁੱਕ ''ਤੇ ਮੇਰੀਆਂ ਤਸਵੀਰਾਂ ਦੇਖੀਆਂ ਸਨ। ਉਹਨਾਂ ਮੈਨੂੰ ਇਹ ਸੀਰੀਅਲ ਕਰਨ ਦੀ ਆਫ਼ਰ ਦਿੱਤੀ।
ਜਦੋਂ ਪਹਿਲੀ ਵਾਰ ਟੀ. ਵੀ. ਸਕਰੀਨ ''ਤੇ ਨਜ਼ਰ ਆਏ ਪਰਿਵਾਰ ਦੀ ਕੀ ਪ੍ਰਤੀਕਿਰਿਆ ਸੀ। ਐਕਟਿੰਗ ਕਰਨਾ ਕਿੰਨਾ ਕੁ ਮੁਸ਼ਕਲ ਰਿਹਾ?
►ਸਭ ਖੁਸ਼ ਸਨ ਤੇ ਥੋੜੇ ਹੈਰਾਨ ਵੀ। ਦੋਸਤ, ਰਿਸ਼ਤੇਦਾਰ, ਗੁਆਂਢੀ ਸਭ ਦੇ ਫ਼ੋਨ ਆ ਰਹੇ ਸਨ। ਹਰ ਕੋਈ ਇਹੀ ਪੁੱਛ ਰਿਹਾ ਸੀ ਕਿ ਅਚਾਨਕ ਐਕਟਰ ਬਣਨ ਦਾ ਕਿਵੇਂ ਸ਼ੌਕ ਜਾਗ ਪਿਆ। ਐਕਟਿੰਗ ਕਰਨੀ ਸ਼ੁਰੂ ''ਚ ਜ਼ਰੂਰ ਮੁਸ਼ਕਲ ਲੱਗੀ ਸੀ। ਕੈਮਰੇ ਨੂੰ ਸਮਝਣ ''ਚ ਟਾਈਮ ਤਾਂ ਲੱਗਦਾ ਹੀ ਹੈ ਪਰ ਫ਼ਿਰ ਕੋਈ ਮੁਸ਼ਕਲ ਨਹੀਂ ਆਈ। ਸਭ ਕੁਝ ਆਮ ਹੋ ਗਿਆ।
ਤੁਹਾਡੀ ਪਹਿਲੀ ਫ਼ਿਲਮ ਆ ਰਹੀ ਹੈ ''ਅਰਜੁਣ''। ਇਹ ਵੀ ਅਚਾਨਕ ਹੀ ਮਿਲੀ ਜਾਂ ਇਸ ਲਈ ਮਿਹਨਤ ਕਰਨੀ ਪਈ?
►ਮੇਰੀ ਕਿਸਮਤ ਮੈਨੂੰ ਇਸ ਪਾਸੇ ਲੈ ਕੇ ਆਈ ਹੈ। ਸੋ ਸਭ ਕੁਝ ਕਿਸਮਤ ਤੇ ਮਿਹਨਤ ਨਾਲ ਹੀ ਹੋ ਰਿਹਾ ਹੈ। ਟੀ.ਵੀ ਸੀਰੀਅਨ ਕਰਨ ਦੌਰਾਨ ਮੇਰੀ ਦਿਲਚਸਪੀ ਫ਼ਿਲਮਾਂ ਵੱਲ ਹੋਣ ਲੱਗੀ। ਦਿੱਲੀ ਰਹਿੰਦਿਆਂ ਪੰਜਾਬੀ ਫ਼ਿਲਮਾਂ ਦੇਖਦੀ ਸੀ। ਪੰਜਾਬੀ ਸਿਨੇਮੇ ਨਾਲ ਜੁੜਨ ਦੀ ਇੱਛਾ ਹੋਈ। ਨਿਰਦੇਸ਼ਕ ਮਨਦੀਪ ਜੀ ਆਪਣੀ ਇਸ ਫ਼ਿਲਮ ਲਈ ਕਾਸਟਿੰਗ ਕਰ ਰਹੇ ਸਨ।
ਤੁਹਾਡਾ ਕਿਸ ਤਰੀਕੇ ਦਾ ਕਿਰਦਾਰ ਹੈ, ਫ਼ਿਲਮ ਦਾ ਵਿਸ਼ਾ ਕੀ ਹੈ ?
►ਮੈਂ ਇਸ ''ਚ ਨਿੰਮੀ ਨਾਂ ਦੀ ਕੁੜੀ ਦਾ ਕਿਰਦਾਰ ਨਿਭਾਇਆ ਹੈ, ਜੋ ਵਿਦੇਸ਼ ਤੋਂ ਪੰਜਾਬ ਆਉਂਦੀ ਹੈ। ਨਿੰਮੀ ਪੂਰੀ ਤਰ੍ਹਾਂ ਮਾਡਰਨ ਕੁੜੀ ਹੈ। ਪੰਜਾਬ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਪਰ ਕਿਸੇ ਮਜਬੂਰੀ ਤਹਿਤ ਉਸ ਨੂੰ ਪੰਜਾਬ ਆਉਂਣਾ ਪੈਂਦਾ ਹੈ। ਆਪਣੀ ਮਾਸੀ ਕੋਲ ਰਹਿ ਰਹੀ ਨਿੰਮੀ ਦੀ ਮੁਲਾਕਾਤ ਫ਼ਿਲਮ ਦੇ ਨਾਇਕ ਅਰਜੁਣ ਨਾਲ ਹਿੰਦੀ ਹੈ। ਉਹ ਅਰਜੁਣ ਨੂੰ ਆਪਣਾ ਜੀਵਨ ਸਾਥੀ ਚੁਣਦੀ ਹੈ ਅਤੇ ਵਾਪਸ ਆਪਣੇ ਦੇਸ਼ ਲੈ ਜਾਂਦੀ ਹੈ। ਆਪਣੇ ਪਰਿਵਾਰ ਦੇ ਖ਼ਿਲਾਫ਼ ਲਏ ਉਸ ਦੇ ਇਸ ਫ਼ੈਸਲੇ ਨਾਲ ਉਸ ਦੀ ਜ਼ਿੰਦਗੀ ''ਚ ਹਿਲਜੁਲ ਹੁੰਦੀ ਹੈ, ਜੋ ਦਰਸ਼ਕਾਂ ਨੂੰ ਆਖਰੀ ਪਲ ਤੱਕ ਫ਼ਿਲਮ ਨਾਲ ਜੋੜੀ ਰੱਖੇਗੀ। ਇਹ ਫ਼ਿਲਮ ਪਰਿਵਾਰਕ ਡਰਾਮਾ ਤੇ ਰੁਮਾਂਟਿਕ ਲਵ ਸਟੋਰੀ ਹੈ।
ਤੁਹਾਡੀ ਪਹਿਲੀ ਪੰਜਾਬੀ ਫ਼ਿਲਮ ਸੀ। ਸਭ ਕੁਝ ਨਵਾਂ ਸੀ, ਪੰਜਾਬੀ ਬੋਲਣ ਤੇ ਟੀਮ ਨਾਲ ਅਡਜਸਟ ਕਰਨ ''ਚ ਮੁਸ਼ਕਲਾਂ ਤਾਂ ਆਈਆਂ ਹੋਣਗੀਆਂ?
►ਫ਼ਿਲਮ ਦੀ ਟੀਮ ਨਾਲ ਅਡਜਸਟ ਕਰਨ ''ਚ ਬਿਲਕੁਲ ਵੀ ਕੋਈ ਸਮੱਸਿਆ ਨਹੀਂ ਆਈ। ਫ਼ਿਲਮ ਤੋਂ ਪਹਿਲਾਂ ਡਾਇਰੈਕਟਰ ਮਨਦੀਪ ਜੀ ਨਾਲ ਕਈ ਮੁਲਾਕਾਤ ਹੋ ਚੁੱਕੀਆਂ ਸਨ। ਉਹ ਬਹੁਤ ਹੀ ਹੰਬਲ ਇਨਸਾਨ ਹਨ। ਫ਼ਿਲਮ ਦਾ ਹੀਰੋ ਰੋਸ਼ਨ ਪ੍ਰਿੰਸ ਤੇ ਬਾਕੀ ਟੀਮ ਨੇ ਕਦੇ ਮੈਨੂੰ ਨਵੀਂ ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ। ਰਹੀ ਗੱਲ ਪੰਜਾਬੀ ਦੀ, ਇਸ ''ਚ ਕੋਈ ਬਹੁਤੀ ਦਿੱਕਤ ਨਹੀਂ ਆਈ। ਦਿੱਲੀ ਦੀ ਹੋਣ ਕਾਰਨ ਪੰਜਾਬੀ ਬੋਲਣਾ ਮੁਸ਼ਕਲ ਨਹੀਂ ਹੈ ਪਰ ਫ਼ਿਲਮ ਲਈ ਮੈਂ ਜ਼ਰੂਰ ਉਚੇਚੇ ਤੌਰ ''ਤੇ ਮਿਹਨਤ ਕੀਤੀ ਹੈ।
ਹੁਣ ਪੰਜਾਬੀ ਫ਼ਿਲਮਾਂ ਕਰਨੀਆਂ ਹਨ ਜਾਂ ਫਿਰ ਜ਼ਿਆਦਾ ਧਿਆਨ ਮੁੰਬਈ ਹੀ ਰਹੇਗਾ?
►ਫ਼ਿਲਹਾਲ ਤਾਂ ਪੰਜਾਬੀ ਇੰਡਸਟਰੀ ਨਾਲ ਹੀ ਕੰਮ ਕਰਨਾ ਹੈ। ਛੇਤੀ ਹੀ ਮੇਰੀ ਇਕ ਹੋਰ ਪੰਜਾਬੀ ਫ਼ਿਲਮ ''ਹਾਰਡ ਕੌਰ'' ਦੀ ਸ਼ੂਟਿੰਗ ਸ਼ੁਰੂ ਹੋ ਰਹੀ। ਨਿਰਦੇਸ਼ਕ ਅਜੀਤ ਰਾਮਪਾਲ ਦੀ ਫ਼ਿਲਮ ਪੰਜ ਕੁੜੀਆਂ ਦੀ ਕਹਾਣੀ ਹੈ। ਮੈਂ ਇਸ ''ਚ ਸੀਰਤ ਨਾਂ ਦੀ ਕੁੜੀ ਦਾ ਮੁੱਖ ਕਿਰਦਾਰ ਅਦਾ ਕਰ ਰਹੀ ਹਾਂ। ਇਸ ਫ਼ਿਲਮ ਦੀ ਸ਼ੂਟਿੰਗ ਪਟਿਆਲਾ ਦੇ ਆਸ ਪਾਸ ਹੋਵੇਗੀ। ਇਹ ਫ਼ਿਲਮ ਪੰਜਾਬੀ ਸਿਨੇਮੇ ਨੂੰ ਅਰਥ ਭਰਪੂਰ ਸਿਨੇਮੇ ਨਾਲ ਜੋੜੇਗੀ।
ਤੁਹਾਡੀ ਹੁਣ ਸ਼ੁਰੂਆਤ ਹੋਈ ਹੈ, ਲਾਜ਼ਮੀ ਹੈ ਤੁਸੀਂ ਥੋੜਾ ਸਮਾਂ ਵਿਆਹ ਤੋਂ ਦੂਰ ਰਹੋਗ?
►ਪਰਿਵਾਰ ਵਾਲੇ ਕਈ ਮਹੀਨਿਆਂ ਤੋਂ ਲੜਕਾ ਲੱਭ ਰਹੇ ਸੀ। ਪਰ ਮੇਰੀ ਹਾਈਟ ਕਰਨ ਕੋਈ ਮੈਚਏਬਲ ਮਿਲ ਹੀ ਨਹੀਂ ਰਿਹਾ ਸੀ। ਹੁਣ ਮੈਂ ਫ਼ਿਲਮਾਂ ''ਚ ਆ ਗਈ ਸੀ, ਸੋ ਹੁਣ ਮੈਂ ਸਭ ਨੂੰ ਕਹਿ ਦਿੱਤਾ ਕਿ ਮੈਨੂੰ ਤਿੰਨ, ਚਾਰ ਸਾਲ। ਜੇ ਉਸ ਵੇਲੇ ਮੁੰਡਾ ਲਭ ਜਾਂਦਾ ਤਾਂ ਹੁਣ ਨੂੰ ਮੇਰਾ ਪੱਕਾ ਵਿਆਹ ਹੋਇਆ ਹੋਣਾ ਸੀ। ਵੈਸੇ ਮੈਂ ਅਜੇ 24 ਸਾਲਾਂ ਦੀ ਹਾਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News