Pulwama Attack : ਭੜਕੇ ਲੋਕਾਂ ਨੇ ਨਵਜੋਤ ਸਿੱਧੂ ਨੂੰ ਕਪਿਲ ਦੇ ਸ਼ੋਅ 'ਚੋਂ ਬਾਹਰ ਕੱਢਣ ਦੀ ਕੀਤੀ ਮੰਗ

2/16/2019 12:41:02 PM

ਮੁੰਬਈ (ਬਿਊਰੋ) : ਬੀਤੇ ਵੀਰਵਾਰ ਨੂੰ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਲੇਥਪੁਰਾ ਨੇੜੇ ਸ਼੍ਰੀਨਗਰ-ਜੰਮੂ ਰਾਜਮਾਰਗ 'ਤੇ ਅੱਤਵਾਦੀਆਂ ਨੇ ਆਈ. ਈ. ਡੀ. ਧਮਾਕਾ ਕਰਕੇ ਸੀ. ਆਰ. ਪੀ. ਐੱਫ਼. ਦੇ ਕਾਫਿਲੇ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ 'ਚ 44 ਜਵਾਨ ਸ਼ਹੀਦ ਹੋਏ ਤੇ ਕਈ ਜ਼ਖਮੀ ਹੋਏ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਅੱਤਵਾਦੀ ਹਮਲੇ 'ਤੇ ਬਿਆਨ ਦਿੰਦੇ ਹੋਏ ਪੰਜਾਬ ਸਰਕਾਰ ਦੇ ਮੰਤਰੀ ਤੇ 'ਦਿ ਕਪਿਲ ਸ਼ਰਮਾ ਸ਼ੋਅ' ਦੇ ਜੱਜ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਇਹ ਕਾਇਰਤਾਪੂਰਨ ਹਰਕਤ ਸੀ।

 

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, ''ਅੱਤਵਾਦ ਦਾ ਕੋਈ ਦੇਸ਼ ਤੇ ਧਰਮ ਨਹੀਂ ਹੁੰਦਾ ਅਤੇ ਨਾ ਹੀ ਅੱਤਵਾਦੀਆਂ ਦੀ ਕੋਈ ਜਾਤ ਹੁੰਦੀ ਹੈ।'' ਸਿੱਧੂ ਦੇ ਇਸ ਬਿਆਨ ਤੋਂ ਬਾਅਦ ਦੇਸ਼ ਭਰ ਦੇ ਲੋਕ ਉਨ੍ਹਾਂ ਦੇ ਖਿਲਾਫ ਹੋ ,ਗਏ ਹਨ। ਇਸੇ ਦੌਰਾਨ ਫਿਲਮ ਨਿਰਮਾਤਾ ਅਸ਼ੋਕ ਪੰਡਿਤ ਦਾ ਵੀ ਗੁੱਸਾ ਨਵਜੋਤ ਸਿੰਘ ਸਿੱਧੂ 'ਤੇ ਫੁੱਟਿਆ। ਫਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਟਵੀਟ ਕਰਦੇ ਹੋਏ ਲਿਖਿਆ, ''ਮੈਂ ਸੋਨੀ ਟੀ. ਵੀ. ਤੇ 'ਦਿ ਕਪਿਲ ਸ਼ਰਮਾ ਸ਼ੋਅ' ਤੋਂ ਨਵਜੋਤ ਸਿੰਘ ਸਿੱਧੂ ਨੂੰ ਬਰਖਾਸਤ ਕਰਨ ਦੀ ਅਪੀਲ ਕਰਦਾ ਹਾਂ। ਉਹ ਪਾਕਿਸਤਾਨ ਦੇ ਸਮਰਥਕ ਹਨ, ਜੋ ਇਕ ਅੱਤਵਾਦੀ ਰਾਸ਼ਟਰ ਹੈ।''

 

ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਲੋਕਾਂ ਨੇ ਸੋਨੀ ਟੀ. ਵੀ. ਤੇ ਕਪਿਲ ਸ਼ਰਮਾ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਸ਼ੋਅ ਤੋਂ ਬਾਹਰ ਕੱਢ ਦਿੱਤਾ ਜਾਵੇ ਅਤੇ ਨਾਲ ਹੀ ਲੋਕਾਂ ਨੇ ਕਿਹਾ, ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਉਹ ਕਪਿਲ ਸ਼ਰਮਾ ਸ਼ੋਅ ਦੇਖਣਾ ਬੰਦ ਕਰ ਦੇਣਗੇ।

 

 

ਦੱਸਣਯੋਗ ਹੈ ਕਿ ਇਹ ਅੱਤਵਾਦੀ ਹਮਲਾ ਵੀਰਵਾਰ ਦੁਪਿਹਰ 3.37 'ਤੇ ਸੀ. ਆਰ. ਪੀ. ਐੱਫ. ਦੇ ਕਾਫਲੇ 'ਤੇ ਕੀਤਾ ਗਿਆ ਸੀ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜੈਸ਼-ਏ-ਮੁਹੰਮਦ ਦੇ ਬੁਲਾਰੇ ਮੁਹੰਮਦ ਹਸਨ ਨੇ ਜਾਰੀ ਇਕ ਬਿਆਨ 'ਚ ਕਿਹਾ ਹੈ ਕਿ ਆਦਿਲ ਅਹਿਮਦ ਉਰਫ ਵਿਕਾਸ ਕਮਾਂਡੋ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ। ਵਿਕਾਸ ਕਮਾਂਡੋ ਨੂੰ ਪੁਲਵਾਮਾ ਜ਼ਿਲੇ ਦਾ ਨਾਗਰਿਕ ਦੱਸਿਆ ਜਾ ਰਿਹਾ ਹੈ। ਇਹ ਹਮਲਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਸੁਰੱਖਿਆ ਫੋਰਸਾਂ ਲਈ ਝਟਕੇ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News