ਪੰਜਾਬੀ ਫਿਲਮ 'ਹਰਜੀਤਾ' ਨੂੰ ਮਿਲਿਆ ਨੈਸ਼ਨਲ ਫਿਲਮ ਐਵਾਰਡ
8/9/2019 6:22:05 PM
ਜਲੰਧਰ(ਬਿਊਰੋ) - ਸਾਲ 2018 'ਚ ਆਈ ਪੰਜਾਬੀ ਫਿਲਮ 'ਹਰਜੀਤਾ' 66ਵੇਂ ਨੈਸ਼ਨਲ ਫਿਲਮ ਐਵਾਰਡ ਦਾ ਹਿੱਸਾ ਬਣ ਗਈ ਹੈ। ਜੀ ਹਾਂ ਐਮੀ ਵਿਰਕ ਸਟਾਰਰ ਜੂਨੀਅਰ ਹਾਕੀ ਵਰਲਡ ਕੱਪ ਦੇ ਜੇਤੂ ਕਪਤਾਨ ਹਰਜੀਤ ਸਿੰਘ ਤੁਲੀ 'ਤੇ ਅਧਾਰਿਤ ਇਸ ਫਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤਾ ਸੀ। ਜਗਦੀਪ ਸਿੱਧੂ ਦੀ ਲਿਖੀ ਇਹ ਫਿਲਮ ਆਮ ਦਰਸ਼ਕਾਂ ਦੀ ਪਸੰਦ ਤਾਂ ਨਹੀਂ ਸੀ ਬਣੀ ਪਰ ਇਸ ਫਿਲਮ ਨੂੰ ਖੂਬ ਸਰਾਹਿਆ ਗਿਆ ਸੀ। ਇਸ ਫਿਲਮ ਲਈ ਐਮੀ ਵਿਰਕ ਨੇ ਆਪਣੇ ਆਪ ਨੂੰ ਹਰਜੀਤ ਸਿੰਘ ਦੇ ਕਿਰਦਾਰ 'ਚ ਢਾਲਣ ਲਈ ਖੂਬ ਮਿਹਨਤ ਕੀਤੀ ਸੀ ।
ਦੱਸਣਯੋਗ ਹੈ ਕਿ ਅੱਜ ਜਾਰੀ ਹੋਈ ਨੈਸ਼ਨਲ ਫਿਲਮ ਐਵਾਰਡ ਦੀ ਸੂਚੀ 'ਚ ਇਸ ਫਿਲਮ ਦਾ ਨਾਂ 'ਬੈਸਟ ਪੰਜਾਬੀ ਫਿਲਮ' ਵਜੋਂ ਸ਼ਾਮਲ ਹੋਇਆ ਹੈ। ਇਸ ਤੋਂ ਪਹਿਲਾਂ ਇਹ ਐਵਾਰਡ ਸਾਲ 2014 'ਚ ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ 1984' ਨੂੰ ਮਿਲਿਆ ਸੀ ਤੇ ਇਸ ਤੋਂ ਬਾਅਦ ਸਾਲ 2015 'ਚ ਇਹ ਐਵਾਰਡ 'ਚੌਥੀ ਕੂਟ' ਫਿਲਮ ਨੂੰ ਮਿਲਿਆ ਸੀ ਤੇ ਹੁਣ ਇਹ ਐਵਾਰਡ 'ਹਰਜੀਤਾ' ਫਿਲਮ ਦੇ ਹਿੱਸੇ ਆਇਆ ਹੈ। ਫਿਲਮ ਨੂੰ ਮਿਲੇ ਇਸ ਨੈਸ਼ਨਲ ਐਵਾਰਡ 'ਤੇ ਐਮੀ ਵਿਰਕ ਨੇ ਇਸ ਦੀ ਖੂਸ਼ੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਐਮੀ ਵਿਰਕ ਨੇ ਲਿਖਿਆ, “ਵਾਹਿਗੁਰੂ ਜੀ.. ਅੱਜ ਸਾਨੂੰ ਹਰਜੀਤਾ ਫਿਲਮ ਲਈ ਬੈਸਟ ਫਿਲਮ ਦਾ ਐਵਾਰਡ ਮਿਲੀਆ...ਇਹ ਫਿਲਮ ਚੱਲੀ ਨਹੀ ਸੀ ਪੰਜਾਬ 'ਚ, ਪਤਾ ਨਹੀਂ ਕਿਉਂ ਪਰ ਇਸ ਫਿਲਮ ਲਈ ਮੈਂ ਪੂਰੇ 2 ਸਾਲ ਮਿਹਨਤ ਕੀਤੀ ਸੀ ਤੇ ਇਸ ਫਿਲਮ ਨੇ ਮੈਨੂੰ ਮਿਹਨਤ ਕਰਨਾ ਸਿਖਾਇਆ ਸੀ ਪਰ ਅੱਜ ਨੈਸ਼ਨਲ ਐਵਾਰਡ ਮਿਲੀਆ। ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ... ਸਰਬਤ ਦਾ ਭਲਾ“।
ਇਸ ਫਿਲਮ 'ਚ ਐਮੀ ਵਿਰਕ ਤੋਂ ਇਲਾਵਾ ਸਾਵਨ ਰੂਪੋਵਾਲੀ, ਸਮੀਪ ਸਿੰਘ ਰਣੌਤ, ਪੰਕਜ ਤ੍ਰਿਪਾਠੀ, ਰਾਜ ਝਿੰਜ਼ਰ, ਗੁਰਪ੍ਰੀਤ ਕੌਰ ਭੰਗੂ ਸਮੇਤ ਪੰਜਾਬੀ ਸਿਨੇਮਾ ਦੇ ਕਈ ਦਿੱਗਜ਼ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਮੁਨੀਸ਼ ਸਾਹਨੀ, ਨਿੱਕ ਬਹਿਲ, ਭੂਸ਼ਨ ਕੁਮਾਰ ਚੌਪੜਾ ਤੇ ਭਗਵੰਤ ਵਿਰਕ ਵੱਲੋਂ ਇਸ ਫਿਲਮ ਪ੍ਰੋਡਿਊਸ ਕੀਤਾ ਗਿਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ