ਵਿਦੇਸ਼ਾਂ ’ਚ ਪੱਕੇ ਹੋਣ ਲਈ ਪਾਪੜ ਵੇਲ ਰਹੇ ਨੌਜਵਾਨਾਂ ਦੀ ਕਹਾਣੀ ‘ਚੱਲ ਮੇਰਾ ਪੁੱਤ’

Tuesday, July 9, 2019 8:45 AM
ਵਿਦੇਸ਼ਾਂ ’ਚ ਪੱਕੇ ਹੋਣ ਲਈ ਪਾਪੜ ਵੇਲ ਰਹੇ ਨੌਜਵਾਨਾਂ ਦੀ ਕਹਾਣੀ ‘ਚੱਲ ਮੇਰਾ ਪੁੱਤ’

ਜਲੰਧਰ - ਰੋਜ਼ੀ-ਰੋਟੀ ਖ਼ਾਤਰ ਅਤੇ ਸੁਨਹਿਰੇ ਭਵਿੱਖ ਲਈ ਆਪਣਾ ਪਰਿਵਾਰ ਛੱਡ ਵਿਦੇਸ਼ ਗਏ ਨੌਜਵਾਨਾਂ ਦੀ ਜ਼ਿੰਦਗੀ ਅਸਲ ਵਿਚ ਕਿਹੋ ਜਿਹੀ ਹੈ। ਉਨ੍ਹਾਂ ਨੂੰ ਬੇਗਾਨੇ ਮੁਲਕ ਵਿਚ ਰੋਜ਼ਗਾਰ ਕਮਾਉਣ ਤੇ ਪੱਕੇ ਹੋਣ ਖ਼ਾਤਰ ਕਿਸ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਹਨ? ਜਾਂ ਜਿਸ ਤਰ੍ਹਾਂ ਜ਼ਿੰਦਗੀ ਫਿਲਮਾਂ ਵਿਚ ਦਿਖਾਈ ਜਾਂਦੀ ਹੈ ਕੀ ਉਸ ਤਰ੍ਹਾਂ ਦੀ ਜ਼ਿੰਦਗੀ ਸੱਚਮੁੱਚ ਹੀ ਵਿਦੇਸ਼ਾਂ ਵਿਚ ਵੱਸਦੇ ਲੋਕ ਜਿਉਂਦੇ ਹਨ। ਇਨ੍ਹਾਂ ਸਾਰੇ ਸੁਆਲਾਂ ਦਾ ਜੁਆਬ ਅਤੇ ਵਿਦੇਸ਼ੀ ਜ਼ਿੰਦਗੀ ਦਾ ਨਜ਼ਾਰਾ ਤੁਸੀਂ ਪੰਜਾਬੀ ਫ਼ਿਲਮ ‘ਚੱਲ ਮੇਰਾ ਪੁੱਤ’ ਵਿਚ ਦੇਖ ਸਕਦੇ ਹੋ। ਕਾਮੇਡੀ ਅਤੇ ਡਰਾਮੇ ਦਾ ਸੁਮੇਲ ਇਹ ਫ਼ਿਲਮ 26 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਅਮਰਿੰਦਰ ਗਿੱਲ ਅਤੇ ਸਿੰਮੀ ਚਾਹਲ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਵਿਚ ਲਹਿੰਦੇ ਅਤੇ ਚੜ੍ਹਦੇ ਦੋਵਾਂ ਪੰਜਾਬ ਦੇ ਕਈ ਨਾਮੀ ਕਲਾਕਾਰ ਨਜ਼ਰ ਆਉਣਗੇ।

ਪੰਜਾਬੀ ਸਿਨੇਮੇ ਦੀ ਕਈ ਪੱਖਾਂ ਤੋਂ ਅਹਿਮ ਅਤੇ ਖ਼ਾਸ ਇਸ ਫ਼ਿਲਮ ਵਿਚ ਵਿਦੇਸ਼ਾਂ ’ਚ ਰਹਿੰਦੇ ਪੰਜਾਬੀਆਂ ਦੇ ਸੱਭਿਆਚਾਰ ਨੂੰ ਵੀ ਇਕ ਵੱਖਰੇ ਰੂਪ ਵਿਚ ਦਿਖਾਇਆ ਜਾਵੇਗਾ। ਫ਼ਿਲਮ ਦੇ ਟਾਈਟਲ ਤੋਂ ਅੰਦਾਜ਼ ਲਾਇਆ ਜਾ ਸਕਦਾ ਹੈ ਕਿ ਇਹ ਫਿਲਮ ਨਿਰੋਲ ਰੂਪ ਵਿਚ ਮਨੋਰੰਜਨ ਭਰਪੂਰ ਪੰਜਾਬੀ ਫ਼ਿਲਮ ਹੋਵੇਗੀ। ਰਾਕੇਸ਼ ਧਵਨ ਦੀ ਲਿਖੀ ਅਤੇ ਜਨਜੋਤ ਸਿੰਘ ਵੱਲੋਂ ਨਿਰਦੇਸ਼ਕ ਕੀਤੀ ਗਈ ਇਹ ਫ਼ਿਲਮ ਅਮਰਿੰਦਰ ਗਿੱਲ ਦੀਆਂ ਪਹਿਲੀਆਂ ਫਿਲਮਾਂ ਵਾਂਗ ਹੀ ਆਮ ਪੰਜਾਬੀ ਫਿਲਮਾਂ ਨਾਲੋਂ ਹਟਵੀਂ ਤੇ ਵੱਖਰੇ ਜੋਨਰ ਦੀ ਫ਼ਿਲਮ ਹੋਵੇਗੀ।

ਫ਼ਿਲਮ ਦੀ ਟੀਮ ਮੁਤਾਬਕ ਇਸ ਦਾ ਟ੍ਰੇਲਰ ਛੇਤੀ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਵਿਚ ਪਹਿਲੀ ਵਾਰ ਪਾਕਿਸਤਾਨ ਦੇ ਨਾਮਵਰ ਕਾਮੇਡੀ ਤੇ ਡਰਾਮਾ ਕਲਾਕਾਰ ਨਜ਼ਰ ਆਉਣਗੇ। ਇਹ ਫ਼ਿਲਮ ਵਿਦੇਸ਼ਾਂ ਵਿਚ ਵੱਸਦੇ ਵੱਖ-ਵੱਖ ਮੁਲਕਾਂ ਅਤੇ ਵੱਖ-ਵੱਖ ਧਰਮਾਂ ਦੇ ਲੋਕਾਂ ਦੀ ਆਪਸੀ ਸਾਂਝ ਨੂੰ ਵੀ ਪਰਦੇ ’ਤੇ ਬਿਆਨ ਕਰੇਗੀ। ਅਮਰਿੰਦਰ ਗਿੱਲ, ਜਿਸ ਦੀਆਂ ਅੱਜ ਤੱਕ ਆਈਆਂ ਸਭ ਫ਼ਿਲਮਾਂ ਨੂੰ ਦੁਨੀਆ ਭਰ ’ਚ ਵਸਦੇ ਦਰਸ਼ਕਾਂ ਨੇ ਬੇਹੱਦ ਪਿਆਰ ਦਿੱਤਾ, ਉਨ੍ਹਾਂ ਦੀਆਂ ਉਮੀਦਾਂ ’ਤੇ ‘ਚੱਲ ਮੇਰਾ ਪੁੱਤ’ 100 ਫੀਸਦੀ ਖਰੀ ਉਤਰੇਗੀ।


Edited By

Sunita

Sunita is news editor at Jagbani

Read More