''ਚੱਲ ਮੇਰਾ ਪੁੱਤ'' ''ਚ ਕੰਮ ਕਰਕੇ ਪਾਕਿਸਤਾਨੀ ਕਾਮੇਡੀਅਨ ਬਾਗੋਬਾਗ

7/13/2019 9:31:42 AM

ਜਲੰਧਰ (ਬਿਊਰੋ) - ਅਮਰਿੰਦਰ ਗਿੱਲ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਚੱਲ ਮੇਰਾ ਪੁੱਤ' ਇਸ ਮਹੀਨੇ 26 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਰਾਕੇਸ਼ ਧਵਨ ਦੀ ਲਿਖੀ ਅਤੇ ਜਨਜੋਤ ਸਿੰਘ ਵਲੋਂ ਨਿਰਦੇਸ਼ਿਤ ਕੀਤੀ ਇਸ ਫ਼ਿਲਮ ਵਿਚ ਪੰਜਾਬ ਦੇ ਕਲਾਕਾਰਾਂ ਦੇ ਨਾਲ-ਨਾਲ ਪਾਕਿਸਤਾਨ ਦੇ ਮਸ਼ਹੂਰ ਕਾਮੇਡੀਅਨ ਅਕਰਮ ਉਦਾਸ, ਇਫਤਕਾਰ ਠਾਕੁਰ ਅਤੇ ਨਾਸੁਰ ਚੁਨੌਟੀ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਸੋਸ਼ਲ ਮੀਡੀਆ ਦੇ ਜ਼ਰੀਏ ਭਾਰਤ ਵਿਚ ਵੀ ਮਸ਼ਹੂਰ ਹੋਏ ਇਨ੍ਹਾਂ ਕਲਾਕਾਰਾਂ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ। ਲੰਡਨ ਵਿਚ ਫ਼ਿਲਮਾਈ ਗਈ ਇਸ ਫ਼ਿਲਮ ਨੂੰ ਲੈ ਕੇ ਇਨ੍ਹਾਂ ਕਲਾਕਾਰਾਂ ਦੀ ਪੰਜਾਬ ਪ੍ਰਤੀ ਭਾਵੁਕਤਾ ਅਤੇ ਉਤਸ਼ਾਹ ਸੋਸ਼ਲ ਮੀਡੀਆ 'ਤੇ ਦੇਖਿਆ ਜਾ ਸਕਦਾ ਹੈ। ਜਿਥੇ ਇਹ ਕਲਾਕਾਰ ਪੰਜਾਬੀ ਫ਼ਿਲਮ ਦਾ ਹਿੱਸਾ ਬਣ ਕੇ ਬਾਗੋਬਾਗ ਹਨ, ਉਥੇ ਹੀ ਪੰਜਾਬੀ ਦਰਸ਼ਕ ਵੀ ਇਨ੍ਹਾਂ ਅਦਾਕਾਰਾਂ ਦੀ ਕਾਮੇਡੀ, ਜੁਗਲਬੰਦੀ ਅਤੇ ਅਦਾਕਾਰੀ ਦਾ ਨਜ਼ਾਰਾ ਦੇਖਣ ਲਈ ਉਤਾਵਲੇ ਹਨ।

ਕਾਬਲੇਗੌਰ ਹੈ ਕਿ ਕਾਮੇਡੀ ਦੇ ਵਿਚ ਪਾਕਿਸਤਾਨੀ ਕਲਾਕਾਰਾਂ ਦਾ ਕੋਈ ਮੁਕਾਬਲਾ ਨਹੀਂ ਹੈ। ਪਾਕਿਸਤਾਨ ਦੇ ਕਾਮੇਡੀ ਸ਼ੋਅ ਸੁਮੱਚੀ ਦੁਨੀਆ ਵਿਚ ਦੇਖੇ ਜਾਂਦੇ ਹਨ। ਪੰਜਾਬ ਦੇ ਕਈ ਨਾਮੀ ਕਾਮੇਡੀ ਕਲਾਕਾਰ ਵੀ ਇਨ੍ਹਾਂ ਪਾਕਿਸਤਾਨੀ ਕਲਾਕਾਰਾਂ ਤੋਂ ਹੀ ਪ੍ਰਭਾਵਿਤ ਹਨ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਸਾਂਝੇ ਕਲਾਕਾਰਾਂ ਦੀ ਜੁਗਲਬੰਦੀ ਕਿਸੇ ਪੰਜਾਬੀ ਫ਼ਿਲਮ ਵਿਚ ਦੇਖਣ ਨੂੰ ਮਿਲੇਗੀ। ਇਸ ਫ਼ਿਲਮ ਦੇ ਅਜੇ ਤੱਕ ਮਹਿਜ ਦੋ ਪੋਸਟਰ ਹੀ ਰਿਲੀਜ਼ ਹੋਏ ਹਨ। ਇਨ੍ਹਾਂ ਪੋਸਟਰਾਂ ਨੇ ਹੀ ਦਰਸ਼ਕਾਂ 'ਚ ਫ਼ਿਲਮ ਪ੍ਰਤੀ ਉਤਸ਼ਾਹ ਪੈਦਾ ਕਰ ਦਿੱਤਾ ਹੈ ਜਦਕਿ ਫ਼ਿਲਮ ਦਾ ਟ੍ਰੇਲਰ ਛੇਤੀ ਰਿਲੀਜ਼ ਹੋਣ ਜਾ ਰਿਹਾ ਹੈ। ਪੰਜਾਬੀ ਸਿਨੇਮੇ ਨਾਲ ਜੁੜੇ ਸੰਜੀਦਾ ਦਰਸ਼ਕਾਂ ਦਾ ਮੰਨਣਾ ਹੈ ਕਿ ਇਹ ਫ਼ਿਲਮ ਦੋਵਾਂ ਮੁਲਕਾਂ ਦੇ ਕਲਾਕਾਰਾਂ ਵਿਚ ਇਕ ਨਵੀਂ ਸਾਂਝ ਪੈਦਾ ਕਰਨ ਜਾ ਰਹੀ ਹੈ। ਪੰਜਾਬੀ ਸਿਨੇਮੇ ਦੀ ਇਸ ਪਹਿਲਕਦਮੀ ਦਾ ਹਰ ਪਾਸੇ ਸੁਆਗਤ ਹੋ ਰਿਹਾ ਹੈ। ਨਿਰਮਾਤਾ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਦੀ ਇਸ ਫ਼ਿਲਮ ਵਿਚ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਮੁੱਖ ਭੂਮਿਕਾ ਵਿਚ ਹਨ। ਮੰਨਿਆ ਜਾ ਰਿਹੈ ਕਿ ਇਹ ਫ਼ਿਲਮ ਅਮਰਿੰਦਰ ਗਿੱਲ ਦੀਆਂ ਪਹਿਲੀਆਂ ਫ਼ਿਲਮਾਂ ਨਾਲੋਂ ਵੀ ਵੱਡੀ ਓਪਨਿੰਗ ਹਾਸਲ ਕਰੇਗੀ। ਦੂਜੇ ਪਾਸੇ ਇਹ ਵੀ ਕਿਆਸ ਅਰਾਈਆਂ ਲੱਗ ਰਹੀਆਂ ਹਨ ਕਿ ਇਹ ਫ਼ਿਲਮ ਪੰਜਾਬ ਦੇ ਨਾਲ–ਨਾਲ ਪਾਕਿਸਤਾਨ ਵਿਚ ਵੀ ਨਵੇਂ ਰਿਕਾਰਡ ਸਥਾਪਤ ਕਰ ਸਕਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News