ਦੋਸਤਾਂ ਦੀ ਦੋਸਤੀ ਦੀ ਦਿਲਚਸਪ ਦਾਸਤਾ ਹੈ 'ਹਾਈ ਐਂਡ ਯਾਰੀਆਂ'

2/20/2019 1:03:06 PM

ਜਲੰਧਰ (ਬਿਊਰੋ) : ਪਿਟਾਰਾ ਟਾਕੀਜ਼ ਪ੍ਰਾਈਵੇਟ ਲਿਮਟਿਡ, ਪੰਕਜ ਬੱਤਰਾ ਫਿਲਮਜ਼ ਅਤੇ ਸਪੀਡ ਰਿਕਾਰਡਜ਼ ਦੇ ਬੈਨਰ ਹੇਠ ਨਿਰਮਾਤਾ ਸੰਦੀਪ ਬਾਂਸਲ, ਪੰਕਜ ਬੱਤਰਾ, ਦਿਨੇਸ਼ ਔਲਖ ਅਤੇ ਰੂਬੀ ਕੋਹਲੀ ਵਲੋਂ ਪ੍ਰੋਡਿਊਸ ਪੰਜਾਬੀ ਫਿਲਮ 'ਹਾਈ ਐਂਡ ਯਾਰੀਆਂ' 22 ਫਰਵਰੀ ਨੂੰ ਸਿਨੇਮਘਰਾਂ ਦਾ ਸ਼ਿੰਗਾਰ ਬਣ ਰਹੀ ਹੈ। ਇਨ੍ਹੀਂ ਦਿਨੀਂ ਫਿਲਮ ਦੀ ਸਟਾਰ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ, ਜਿਸ ਕਾਰਨ ਫਿਲਮ ਦੀ ਸਟਾਰਕਾਸਟ, ਨਿਰਦੇਸ਼ਕ ਅਤੇ ਨਿਰਮਾਤਾ ਟੀਮ ਅੱਜ ਵਿਸ਼ੇਸ਼ ਤੌਰ 'ਤੇ ਚੰਡੀਗੜ੍ਹ ਵਿਖੇ ਪੁੱਜੀ। ਇਸ ਮੌਕੇ ਪੱਤਰਕਾਰ ਸੰਮੇਲਨ ਦੌਰਾਨ ਫਿਲਮ ਦੇ ਹੀਰੋ ਰਣਜੀਤ ਬਾਵਾ, ਜੱਸੀ ਗਿੱਲ ਅਤੇ ਨਿੰਜਾ ਨੇ ਦੱਸਿਆ ਕਿ ਫਿਲਮ 'ਹਾਈ ਐਂਡ ਯਾਰੀਆਂ' ਆਮ ਫਿਲਮਾਂ ਤੋਂ ਹਟ ਕੇ ਬਿਲਕੁਲ ਨਵੇਂ ਵਿਸ਼ੇ ਦੀ ਇਹ ਕਹਾਣੀ ਵਿਦੇਸ਼ ਪੜ੍ਹਾਈ ਕਰਨ ਗਏ ਤਿੰਨ ਦੋਸਤਾਂ ਦੀ ਪਿਆਰ, ਹਾਸੇ ਮਜ਼ਾਕ ਤੇ ਮਜਬੂਰੀਆਂ ਭਰੀ ਜ਼ਿੰਦਗੀ ਆਧਾਰਿਤ ਹੈ। ਉਨ੍ਹਾਂ ਦੱਸਿਆ ਕਿ ਇਹ ਫਿਲਮ ਜਿਥੇ ਦੋਸਤੀ ਦੀ ਇਕ ਨਵੀਂ ਮਿਸਾਲ ਕਾਇਮ ਕਰੇਗੀ, ਉਥੇ ਦਰਸ਼ਕਾਂ ਨੂੰ ਸਿਹਤਮੰਦ ਕਾਮੇਡੀ ਤੇ ਚੰਗੇ ਗੀਤ ਸੰਗੀਤ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਵੀ ਕਰੇਗੀ। ਇਸ ਫਿਲਮ 'ਚ ਦੋਸਤੀ, ਪਿਆਰ-ਮੁਹੱਬਤ, ਰਿਸ਼ਤਿਆਂ ਦੀ ਤੜਫ ਤੇ ਇਕ-ਦੂਜੇ ਲਈ ਮਰ-ਮਿਟਣ ਦਾ ਜਨੂੰਨ ਹੈ।  22 ਫਰਵਰੀ ਨੂੰ ਇਹ ਫਿਲਮ ਓਮਜੀ ਗਰੁੱਪ ਵਲੋਂ ਦੁਨੀਆ ਭਰ 'ਚ ਰਿਲੀਜ਼ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਇਸ ਮੌਕੇ ਫਿਲਮ ਨਿਰਦੇਸ਼ਕ ਪੰਕਜ ਬੱਤਰਾ ਨੇ ਦੱਸਿਆ ਕਿ ਇਹ ਫਿਲਮ ਦੋਸਤਾਂ ਦੀ ਗੂੜ੍ਹੀ ਯਾਰੀ 'ਤੇ ਆਧਾਰਿਤ ਹੈ, ਜੋ ਇਕ-ਦੂਜੇ ਲਈ ਕੁਝ ਵੀ ਕਰ ਸਕਦੇ ਹਨ। ਵਿਦੇਸ਼ ਪੜ੍ਹਾਈ ਕਰਨ ਗਏ ਇਹ ਦੋਸਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹਨ। ਉਨ੍ਹਾਂ ਦੱਸਿਆ ਕਿ ਇਸ ਫਿਲਮ 'ਚ ਉਹ ਸਭ ਕੁਝ ਹੈ, ਜੋ ਕਿਸੇ ਫਿਲਮ ਦੀ ਕਾਮਯਾਬੀ ਲਈ ਲੋੜੀਂਦਾ ਹੁੰਦਾ ਹੈ, ਜਿਵੇਂ ਕਿ ਚੰਗਾ ਵਿਸ਼ਾ, ਕਾਮੇਡੀ, ਵਧੀਆ ਨਿਰਦੇਸ਼ਨ, ਪ੍ਰਚਾਰ ਤੇ ਹੋਰ ਸਭ ਕੁਝ। ਇਸ ਦੌਰਾਨ ਫਿਲਮ ਹੀਰੋਇਨ ਨਵਨੀਤ ਢਿੱਲੋਂ, ਆਰੂਸ਼ੀ ਸ਼ਰਮਾ ਤੇ ਮੁਸਕਾਨ ਸੇਠੀ ਨੇ ਸਾਂਝੇ ਬਿਆਨ 'ਚ ਕਿਹਾ ਕਿ ਉਨ੍ਹਾਂ ਦਾ ਇਸ ਪ੍ਰਾਜੈਕਟ 'ਤੇ ਕੰਮ ਕਰਨਾ ਬੇਹੱਦ ਮਜ਼ੇਦਾਰ ਰਿਹਾ ਤੇ ਇਹ ਫਿਲਮ ਉਨ੍ਹਾਂ ਦੇ ਕਰੀਅਰ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗੀ। ਫਿਲਮ ਦੀ ਕਹਾਣੀ ਗੁਰਜੀਤ ਸਿੰਘ ਨੇ ਲਿਖੀ ਹੈ ਤੇ ਡਾਇਲਾਗ ਜਤਿੰਦਰ ਲੱਲ ਨੇ ਲਿਖੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News