ਫਿਲਮ ''ਸਾਕ'' ''ਚ ਨਜ਼ਰ ਆਵੇਗਾ ਅਦਾਕਾਰ ਗੁਰਦੇਵ ਧਾਲੀਵਾਲ

Thursday, September 5, 2019 4:35 PM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਇਸ ਵੇਲੇ ਆਪਣੇ ਜੋਬਨ 'ਤੇ ਹੈ। ਹਰ ਹਫਤੇ ਨਵੀਂ ਫਿਲਮ ਰਿਲੀਜ਼ ਹੋ ਰਹੀ ਹੈ, ਜਿੱਥੇ ਵੱਡੀ ਗਿਣਤੀ 'ਚ ਪੰਜਾਬੀ ਫਿਲਮਾਂ ਦਾ ਬਣਨਾ ਕਾਰੋਬਾਰ ਪੱਖੋ ਚੰਗੀ ਗੱਲ ਹੈ, ਉੱਥੇ ਨਵੇਂ-ਨਵੇਂ ਚਿਹਰੇ ਵੀ ਫਿਲਮ ਇੰਡਸਟਰੀ 'ਚ ਸਥਾਪਿਤ ਹੋ ਰਹੇ ਹਨ। ਅਜਿਹਾ ਹੀ ਇਕ ਚਿਹਰਾ ਹੈ, ਗੁਰਦੇਵ ਧਾਲੀਵਾਲ। ਪੰਜਾਬੀ ਯੂਨਵਰਸਿਟੀ ਪਟਿਆਲਾ ਦੇ ਥਿਏਟਰ ਅਤੇ ਟੀ. ਵੀ. ਵਿਭਾਗ ਤੋਂ ਥਿਏਟਰ ਦੀ ਐੱਮ. ਏ. ਕਰਨ ਵਾਲਾ ਗੁਰਦੇਵ ਹੁਣ ਤੱਕ ਅਨੇਕਾਂ ਸ਼ਾਰਟ ਫਿਲਮਾਂ, ਐਡ ਤੇ ਗੀਤਾਂ 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕਾ ਹੈ। ਜੇਕਰ ਛੋਟੇ ਪਰਦੇ ਦੀ ਗੱਲ ਕਰੀਏ ਤਾਂ ਚੜ੍ਹਦੀਕਲਾ ਟਾਈਮ ਟੀ. ਵੀ. ਚੈਨਲ 'ਤੇ ਚੱਲਦੇ ਸੀਰੀਅਲ 'ਮੌਕਾ-ਏ-ਵਾਰਦਾਤ' 'ਚ ਉਹ ਸਬ-ਇੰਸਪੈਕਟਰ ਦਾ ਜ਼ਬਰਦਸਤ ਕਿਰਦਾਰ ਕਰਕੇ ਆਪਣੀ ਪਛਾਣ ਬਣਾ ਚੁੱਕਾ ਹੈ। ਹੁਣ ਉਸ ਨੇ ਆਪਣੇ ਕਦਮ ਵੱਡੇ ਪਰਦੇ ਵੱਲ ਕੀਤੇ ਹਨ, ਇਸ ਸਾਲ ਰਿਲੀਜ਼ ਹੋਣ ਵਾਲੀਆਂ ਤਿੰਨ ਫਿਲਮਾਂ 'ਚ ਉਹ ਨਜ਼ਰ ਆਵੇਗਾ।

PunjabKesari
ਹੁਣ ਗੱਲ ਕਰਦੇ ਆ 6 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਸਾਕ' ਬਾਰੇ। ਇਸ ਫਿਲਮ 'ਚ ਉਸ ਨੂੰ ਜੋਬਨਪ੍ਰੀਤ, ਮੈਂਡੀ ਤੱਖਰ, ਮੁਕਲ ਦੇਵ, ਮਹਾਬੀਰ ਭੁੱਲਰ , ਦਿਲਾਵਰ ਸਿੱਧੂ ਵਰਗੇ ਅਦਾਕਾਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਫਿਲਮ 'ਚ ਉਸਨੇ 'ਮਿੰਦੇ' ਨਾਂ ਦੇ ਪਾਤਰ ਦਾ ਕਿਰਦਾਰ ਨਿਭਾਇਆ ਹੈ। ਤਰਨਤਾਰਨ ਜਿਲ੍ਹੇ ਦੀ ਪੱਟੀ ਤਹਿਸੀਲ ਨਾਲ ਸਬੰਧਿਤ ਪਿੰਡ ਧਾਰੀਵਾਲ ਦਾ ਜੰਮਪਲ ਗੁਰਦੇਵ ਜਿੱਥੇ ਫਿਲਮਾਂ 'ਚ ਕੰਮ ਕਰ ਰਿਹਾ ਹੈ। ਉੱਥੇ ਉਹ ਸੋਸ਼ਲ ਮੀਡੀਆ ਦੇ ਵੱਖ-ਵੱਖ ਚੈਨਲਾਂ 'ਤੇ ਬਤੌਰ ਐਂਕਰ ਦੇ ਤੌਰ 'ਤੇ ਵੀ ਸਰਗਰਮ ਹੈ। ਸੋ ਅਸੀਂ ਉਮੀਦ ਕਰਦੇ ਹਾਂ ਕਿ ਜਿੱਥੇ ਫਿਲਮ 'ਸਾਕ' ਕਾਮਯਾਬੀ ਦੇ ਝੰਡੇ ਗੱਡੇ, ਉੱਥੇ ਗੁਰਦੇਵ ਧਾਲੀਵਾਲ ਦੀ ਪਛਾਣ 'ਚ ਹੋਰ ਵਾਧਾ ਹੋਵੇ।


Edited By

Sunita

Sunita is news editor at Jagbani

Read More