ਕਮਜ਼ੋਰੀ ਨੂੰ ਤਾਕਤ ਬਣਾਉਣ ਦਾ ਨਾਂ 'ਹਿਚਕੀ'

3/20/2018 10:12:16 AM

ਮੁੰਬਈ(ਬਿਊਰੋ)-— ਰਾਣੀ ਮੁਖਰਜੀ ਲੰਮੇ ਸਮੇਂ ਬਾਅਦ ਫਿਲਮ 'ਹਿਚਕੀ' ਨਾਲ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਹੈ। ਬੇਟੀ ਆਦਿਰਾ ਨੂੰ ਜਨਮ ਦੇਣ ਤੋਂ ਬਾਅਦ ਰਾਣੀ ਨੇ ਫਿਲਮਾਂ ਤੋਂ ਬ੍ਰੇਕ ਲੈ ਲਈ ਸੀ। ਹੁਣ ਪ੍ਰਸ਼ੰਸਕ ਉਸਦੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਯਸ਼ਰਾਜ ਬੈਨਰ ਹੇਠਾਂ ਬਣੀ ਇਸ ਫਿਲਮ ਵਿਚ ਰਾਣੀ ਇਕ ਅਜਿਹੀ ਸਿੱਖਿਅਕ ਦਾ ਕਿਰਦਾਰ ਨਿਭਾ ਰਹੀ ਹੈ, ਜਿਸ ਨੂੰ ਨਰਵਸ ਸਿਸਟਮ ਡਿਸਆਰਡਰ ਹੈ। ਸਰੀਰਕ ਰੂਪ ਨਾਲ ਕਮਜ਼ੋਰ ਵਿਅਕਤੀ ਆਪਣੀ ਕਮਜ਼ੋਰੀ ਨੂੰ ਕਿਸ ਤਰ੍ਹਾਂ ਤਾਕਤ ਬਣਾ ਕੇ ਸਫਲਤਾ ਦੀਆਂ ਬੁਲੰਦੀਆਂ ਤੱਕ ਪਹੁੰਚਦਾ ਹੈ, ਇਹ ਦਿਖਾਉਣਾ ਇਸ ਫਿਲਮ ਦਾ ਟੀਚਾ ਹੈ। ਫਿਲਮ 23 ਮਾਰਚ ਨੂੰ ਰਿਲੀਜ਼ ਹੋਵੇਗੀ। ਰਾਣੀ ਜਦੋਂ ਆਪਣੀ ਫਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ਵਿਚ ਦਿੱਲੀ ਪਹੁੰਚੀ ਤਾਂ ਜਗ ਬਾਣੀ/ਨਵੋਦਿਆ ਟਾਈਮਸ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :
ਸੋਸ਼ਲ ਮੀਡੀਆ 'ਤੇ ਸਰਗਰਮ ਨਹੀਂ ਹਾਂ
ਜਦੋਂ ਰਾਣੀ ਤੋਂ ਪੁੱਛਿਆ ਗਿਆ ਕਿ ਉਸਦੀ 'ਹਿਚਕੀ' ਦੀ ਸਭ ਤਾਰੀਫ ਕਰ ਰਹੇ ਹਨ। ਇਸ 'ਤੇ ਉਸਨੇ ਕਿਹਾ ਕਿ ਜਦੋਂ ਤੁਹਾਡੇ ਕਰੀਬੀ ਤਾਰੀਫ ਕਰਨ ਤਾਂ ਬਹੁਤ ਚੰਗਾ ਲਗਦਾ ਹੈ। ਸਪੈਸ਼ਲ ਫੀਲ ਹੁੰਦਾ ਹੈ। ਉਥੇ ਹੀ ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਨੂੰ ਲੈ ਕੇ ਰਾਣੀ ਕਹਿੰਦੀ ਹੈ ਕਿ ਸੋਸ਼ਲ ਮੀਡੀਆ 'ਤੇ ਮੇਰਾ ਕੋਈ ਅਕਾਊਂਟ ਨਹੀਂ ਹੈ ਕਿਉਂਕਿ ਮੈਂ ਆਪਣੇ ਕੰਮ ਨੂੰ ਗੰਭੀਰਤਾ ਨਾਲ ਲੈਂਦੀ ਹਾਂ। 24*7 ਸਿਰਫ ਆਪਣੇ ਪ੍ਰੋਫੈਸ਼ਨ ਬਾਰੇ ਵਿਚ ਅਪਡੇਟ ਜਾਂ ਗੱਲ ਨਹੀਂ ਕਰ ਸਕਦੀ। ਮੇਰਾ ਮੰਨਣਾ ਹੈ ਕਿ ਮੈਂ ਆਪਣਾ ਕੰਮ ਖਤਮ ਕਰਾਂ ਅਤੇ ਵਾਪਸ ਆਪਣੇ ਘਰ ਜਾਵਾਂ।
ਇਹ ਹੈ ਫਿਲਮ ਦੀ ਕਹਾਣੀ
ਫਿਲਮ ਵਿਚ ਮੇਰੇ ਕਿਰਦਾਰ ਦਾ ਨਾਂ ਨੈਨਾ ਮਾਥੁਰ ਹੈ। ਇਸ ਵਿਚ ਨੈਨਾ ਦੇ ਟੀਚਰ ਬਣਨ ਦਾ ਸਫਰ ਦਿਖਾਇਆ ਗਿਆ ਹੈ ਜੋ ਮੁਸ਼ਕਲਾਂ ਨਾਲ ਭਰਿਆ ਹੈ। ਦਰਅਸਲ ਨੈਨਾ ਨੂੰ ਗੱਲ ਕਰਦੇ ਸਮੇਂ ਥਥਲਾਉਣ ਦੀ ਬੀਮਾਰੀ ਹੈ, ਜਿਸ ਨੂੰ ਟਾਰੇਟ ਸਿੰਡ੍ਰੋਮ ਕਹਿੰਦੇ ਹਨ। ਸਾਰਿਆਂ ਨੂੰ ਲਗਦਾ ਹੈ ਕਿ ਇਸਦੇ ਚਲਦੇ ਨੈਨਾ ਕੁਝ ਕਰ ਨਹੀਂ ਸਕੇਗੀ ਪਰ ਆਪਣੀ ਹੀ ਖਾਮੀ ਨੂੰ ਉਹ ਤਾਕਤ ਬਣਾਉਂਦੀ ਹੈ ਅਤੇ ਸਾਰਿਆਂ ਦੇ ਵਿਰੋਧ ਕਰਨ ਤੋਂ ਬਾਅਦ ਵੀ ਟੀਚਰ ਬਣਦੀ ਹੈ। ਇਸ ਤੋਂ ਇਲਾਵਾ ਫਿਲਮ ਬਹੁਤ ਵੱਡਾ ਸੰਦੇਸ਼ ਦਿੰਦੀ ਹੈ ਕਿ ਸਾਰੇ ਬੱਚਿਆਂ ਨੂੰ ਇਕੋ ਜਿਹਾ ਨਹੀਂ ਸਮਝਣਾ ਚਾਹੀਦਾ। ਹਰ ਇਨਸਾਨ ਅਤੇ ਹਰ ਬੱਚਾ ਖਾਸ ਹੁੰਦਾ ਹੈ। ਇਨ੍ਹਾਂ ਨੂੰ ਸਕੂਲ ਵਿਚ ਇਕੋ ਜਿਹੀ ਸਿੱਖਿਆ ਮਿਲਣੀ ਚਾਹੀਦੀ ਹੈ ਤਾਂ ਹੀ ਬੱਚੇ ਅੱਗੇ ਜਾ ਕੇ ਡਾਕਟਰ, ਇੰਜੀਨੀਅਰ ਅਤੇ ਟੀਚਰ ਬਣ ਸਕਣਗੇ।
ਬ੍ਰੈਡ ਕੋਹੇਨ ਤੋਂ ਮਿਲੀ ਮਦਦ
ਹਿਚਕੀ ਵਿਚ ਮੇਰਾ ਕਿਰਦਾਰ ਬ੍ਰੈਡ ਕੋਹੇਨ ਦੇ ਅਸਲ ਜੀਵਨ ਤੋਂ ਪ੍ਰੇਰਿਤ ਹੈ। ਬ੍ਰੈਡ ਕੋਹੇਨ ਅਮਰੀਕਾ ਵਿਚ ਮਸ਼ਹੂਰ ਮੋਟੀਵੇਸ਼ਨਲ ਸਪੀਕਰ ਅਤੇ ਟੀਚਰ ਹਨ। ਮੈਂ ਆਪਣੇ ਕਿਰਦਾਰ ਨੂੰ ਸਹੀ ਤਰ੍ਹਾਂ ਨਿਭਾਉਣ ਲਈ ਉਨ੍ਹਾਂ ਨਾਲ ਵੀਡੀਓ ਕਾਲ ਰਾਹੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ। ਮੇਰੇ ਕੋਲ ਉਨ੍ਹਾਂ ਨਾਲ ਗੱਲ ਕਰਨ ਦਾ ਇਕ ਹੀ ਜ਼ਰੀਆ ਸੀ, ਕਿਉਂਕਿ ਉਹ ਅਮਰੀਕਾ ਵਿਚ ਹਨ ਅਤੇ ਮੈਂ ਮੁੰਬਈ ਵਿਚ ਹਾਂ। ਉਨ੍ਹਾਂ ਦੀ ਜ਼ਿੰਦਗੀ ਵਿਚ ਜੋ ਇਮੋਸ਼ਨ ਅਤੇ ਉਤਾਰ-ਚੜ੍ਹਾਅ ਆਏ, ਮੈਂ ਉਨ੍ਹਾਂ ਦੇ ਨੋਟਸ ਬਣਾਏ, ਉਨ੍ਹਾਂ ਨੂੰ ਸਮਝਿਆ ਅਤੇ ਫਿਰ ਉਨ੍ਹਾਂ ਸਾਰਿਆਂ ਨੂੰ ਘੋਲ ਕੇ ਨੈਨਾ ਮਾਥੁਰ ਦੇ ਕਿਰਦਾਰ ਵਿਚ ਉਤਾਰਿਆ ਹੈ।
ਬਿਨਾਂ ਹਿਚਕੀ ਤੋਂ ਜ਼ਿੰਦਗੀ ਪੂਰੀ ਨਹੀਂ
ਮੇਰਾ ਮੰਨਣਾ ਹੈ ਕਿ ਹਿਚਕੀ ਤੋਂ ਬਿਨਾਂ ਜ਼ਿੰਦਗੀ ਪੂਰੀ ਨਹੀਂ ਹੁੰਦੀ। ਜਦੋਂ ਤੱਕ ਜੀਵਨ ਵਿਚ ਹਿਚਕੀ ਨਹੀਂ ਹੈ, ਉਦੋਂ ਤੱਕ ਇਸ ਨੂੰ ਜਿਊਣ ਦਾ ਮਜ਼ਾ ਵੀ ਨਹੀਂ ਹੈ। ਹਰ ਕਿਸੇ ਦੀ ਜ਼ਿੰਦਗੀ ਵਿਚ ਇਕ ਹਿਚਕੀ ਹੁੰਦੀ ਹੈ। ਮੈਂ ਖੁਦ ਬਚਪਨ ਵਿਚ ਥਥਲਾਉਂਦੀ ਸੀ, ਜਦੋਂ ਕਿ ਇਕ ਕਲਾਕਾਰ ਲਈ ਚੰਗੀ ਤਰ੍ਹਾਂ ਬੋਲਣਾ ਬਹੁਤ ਜ਼ਰੂਰੀ ਹੁੰਦਾ ਹੈ। ਉਦੋਂ ਮੈਂ ਇਸ ਕਮਜ਼ੋਰੀ ਨੂੰ ਦੂਰ ਕਰਨ ਲਈ ਸਖਤ ਮਿਹਨਤ ਕੀਤੀ। ਫਿਲਮ ਰਾਹੀਂ ਟਾਰੇਟ ਸਿੰਡ੍ਰੋਮ ਬਾਰੇ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਇਸ ਬਾਰੇ ਘੱਟ ਹੀ ਲੋਕ ਜਾਣਦੇ ਹਨ।
ਖੁਦ ਲਈ ਜਿਊਣਾ ਵੀ ਜ਼ਰੂਰੀ
ਇਕ ਔਰਤ ਹੋਣਾ ਮਾਣ ਦੀ ਗੱਲ ਹੈ। ਸਾਨੂੰ ਇਸਦਾ ਮਹੱਤਵ ਸਮਝਣਾ ਚਾਹੀਦਾ ਹੈ। ਮੈਨੂੰ ਲਗਦਾ ਹੈ ਕਿ ਖਾਸ ਤੌਰ 'ਤੇ ਭਾਰਤੀ ਔਰਤਾਂ ਤਾਂ ਬਹੁਤ ਤਾਕਤਵਰ  ਹੁੰਦੀਆਂ ਹਨ। ਸਾਡੇ ਅੰਦਰ ਜੋ ਅੰਦਰੂਨੀ ਸ਼ਕਤੀ ਹੈ, ਉਸ ਨੂੰ ਬਣਾਏ ਰੱਖਣਾ ਚਾਹੀਦਾ ਹੈ। ਖੁਦ ਨੂੰ ਸਮਝਣਾ ਅਤੇ ਖੁਦ ਲਈ ਜਿਊਣਾ ਵੀ ਬਹੁਤ ਜ਼ਰੂਰੀ ਹੈ।
'ਮੇਰੀ ਬੇਟੀ ਵੀ ਇਹ ਗੱਲ ਸਮਝੇਗੀ'
ਆਦਿਰਾ ਦੇ ਜਨਮ ਤੋਂ ਬਾਅਦ ਜਦੋਂ ਮੈਂ ਪਹਿਲੀ ਵਾਰ ਸ਼ੂਟਿੰਗ 'ਤੇ ਨਿਕਲੀ ਤਾਂ ਮੈਨੂੰ ਬਹੁਤ ਬੁਰਾ ਲੱਗਾ। ਮੈਨੂੰ ਬੇਟੀ ਨੂੰ ਘਰ ਛੱਡਣ ਦੀ ਚਿੰਤਾ ਸੀ, ਕਿਉਂਕਿ ਇਹ ਇਸਦੇ ਲਈ ਨਵੀਂ ਗੱਲ ਸੀ ਪਰ ਬੇਟੀ ਨੂੰ ਛੇਤੀ ਹੀ ਇਸਦੀ ਆਦਤ ਪੈ ਜਾਵੇਗੀ। ਮੈਨੂੰ ਪੂਰਾ ਭਰੋਸਾ ਹੈ ਕਿ ਆਦਿਰਾ ਇਸ ਨੂੰ ਸਮਝ ਜਾਵੇਗੀ ਕਿ ਉਸਦੇ ਮਾਤਾ-ਪਿਤਾ ਦੋਵੇਂ ਹੀ ਕੰਮ ਕਰਨ ਲਈ ਘਰ ਤੋਂ ਬਾਹਰ ਜਾਂਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News