ਕਾਮੇਡੀ, ਰੋਮਾਂਸ ਦੇ ਨਾਲ-ਨਾਲ ਭਾਰਤ-ਪਾਕਿਸਤਾਨ ਦੇ ਰਿਸ਼ਤੇ ਦਾ ਸੁਮੇਲ ਵੀ ਹੈ 'ਰਾਂਝਾ ਰਫਿਊਜੀ'

10/23/2018 10:48:56 AM

ਜਲੰਧਰ(ਬਿਊਰੋ)— ਪੰਜਾਬੀ ਫਿਲਮ 'ਲਾਵਾਂ ਫੇਰੇ' ਨੂੰ ਦੇਸ਼-ਵਿਦੇਸ਼ 'ਚੋਂ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਨ੍ਹੀਂ ਦਿਨੀਂ ਪੰਜਾਬੀ ਫਿਲਮਾਂ ਦੀ ਗਿਣਤੀ ਪਹਿਲਾਂ ਨਾਲੋਂ ਕਾਫੀ ਵਧ ਚੁੱਕੀ ਹੈ ਅਤੇ ਦਰਸ਼ਕਾਂ ਵਲੋਂ ਇਨ੍ਹਾਂ ਫਿਲਮਾਂ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। 26 ਅਕਤੂਬਰ ਨੂੰ ਮਸ਼ਹੂਰ ਗਾਇਕ ਤੇ ਐਕਟਰ ਰੌਸ਼ਨ ਪ੍ਰਿੰਸ ਦੀ ਫਿਲਮ ਪੰਜਾਬੀ ਫਿਲਮ 'ਰਾਂਝਾ ਰਫਿਊਜੀ' ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਇਕ ਅਜਿਹੇ ਵਿਸ਼ੇ 'ਤੇ ਬਣੀ ਹੈ, ਜੋ ਹੁਣ ਤੱਕ ਪੰਜਾਬੀ ਸਿਨੇਮੇ ਲਈ ਨਵਾਂ ਵਿਸ਼ਾ ਹੈ। 'ਜੇ ਬੀ ਪ੍ਰੋਡਕਸ਼ਨ' ਦੇ ਬੈਨਰ ਹੇਠ ਬਣੀ ਨਿਰਦੇਸ਼ਕ ਅਵਤਾਰ ਸਿੰਘ ਦੀ ਇਹ ਫਿਲਮ ਕਾਮੇਡੀ, ਰੋਮਾਂਸ ਅਤੇ ਡਰਾਮੇ ਤੋਂ ਇਲਾਵਾ ਭਾਰਤ-ਪਾਕਿਸਤਾਨ ਦੇ ਰਿਸ਼ਤੇ ਦਾ ਸੁਮੇਲ ਵੀ ਹੈ। ਇਸ ਫਿਲਮ 'ਚ ਪੰਜਾਬੀ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।


ਦੱਸ ਦੇਈਏ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਰੌਸ਼ਨ ਪ੍ਰਿੰਸ ਕਿਸੇ ਫਿਲਮ 'ਚ ਦੋਹਰੀ ਭੂਮਿਕਾ ਨਿਭਾ ਰਿਹਾ ਹਨ। ਉਨ੍ਹਾਂ ਨਾਲ ਸਾਨਵੀਂ ਧੀਮਾਨ, ਕਰਮਜੀਤ ਅਨਮੋਲ, ਹਾਰਬੀ ਸੰਘਾ ਅਤੇ ਅਨੀਤਾ ਸ਼ਬਦੀਸ਼ ਸਮੇਤ ਕਈ ਹੋਰ ਚਿਹਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਫਿਲਮ ਨਾਲ ਪਹਿਲੀ ਵਾਰ ਮਸ਼ਹੂਰ ਕਾਮੇਡੀਅਨ ਕਰਮਜੀਤ ਅਨਮੋਲ ਕਾਮੇਡੀਅਨ ਨਹੀਂ ਸਗੋਂ ਖਲਨਾਇਕ ਵਜੋਂ ਨਜ਼ਰ ਆਉਣਗੇ।


ਨਿਰਦੇਸ਼ਕ ਅਵਤਾਰ ਸਿੰਘ ਦੀ ਹੀ ਲਿਖੀ ਇਹ ਫਿਲਮ ਪਾਕਿਸਤਾਨ ਤੋਂ ਉੱਜੜਕੇ ਆਏ ਅਤੇ ਪੰਜਾਬ ਦੇ ਇਕ ਪਿੰਡ 'ਚ ਰਹਿ ਰਹੇ ਉਸ ਪਰਿਵਾਰ ਦੇ ਮੁੰਡੇ ਦੀ ਕਹਾਣੀ ਹੈ, ਜਿਸ ਨੂੰ ਵੀ ਅੱਜ ਵੀ ਲੋਕ ਰਫਿਊਜੀ ਪਰਿਵਾਰ ਵਜੋਂ ਜਾਣਦੇ ਹਨ। ਇਸ ਪਰਿਵਾਰ ਦਾ ਮੁੰਡਾ ਰਾਂਝਾ ਪਿੰਡ 'ਚ ਆਈ ਇਕ ਕੁੜੀ ਦੇ ਪਿਆਰ 'ਚ ਪੈ ਜਾਂਦਾ ਹੈ, ਜਿਸ ਕਾਰਨ ਉਸ ਨੂੰ ਪਿੰਡ ਛੱਡਣਾ ਪੈਂਦਾ ਹੈ। ਪਿੰਡ ਛੱਡਣ ਤੋਂ ਬਾਅਦ ਉਹ ਫੌਜ 'ਚ ਭਾਰਤੀ ਹੋ ਜਾਂਦਾ ਹੈ। ਇਹ ਗੱਲ ਫਿਲਮ 'ਚ ਦਿਲਚਸਪੀ ਪੈਦਾ ਕਰਦੀ ਹੈ। ਰਾਜਸਥਾਨ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਫਿਲਮਾਈ ਗਈ ਇਹ ਫਿਲਮ ਰੌਸ਼ਨ ਪ੍ਰਿੰਸ ਦੀ ਅਦਾਕਾਰੀ ਦੀ ਮਿਸਾਲ ਬਣ ਸਕਦੀ ਹੈ। ਇਸ ਫਿਲਮ 'ਚ ਦੋਹਰਾ ਕਿਰਦਾਰ ਨਿਭਾਉਣਾ ਰੌਸ਼ਨ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। ਸੋਸ਼ਲ ਮੀਡੀਆ 'ਤੇ ਫਿਲਮ ਦੇ ਟਰੇਲਰ ਅਤੇ ਮਿਊਜ਼ਿਕ ਨੂੰ ਮਿਲ ਰਹੇ ਹੁੰਗਾਰੇ ਤੋਂ ਇਹ ਆਸ ਕੀਤੀ ਜਾ ਰਹੀ ਹੈ ਕਿ ਇਸ ਫਿਲਮ ਨੂੰ ਦਰਸ਼ਕਾਂ ਦਾ ਵੱਡਾ ਹੁੰਗਾਰਾ ਮਿਲੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News