ਰੌਸ਼ਨ ਪ੍ਰਿੰਸ ਦੀ 'ਰਾਂਝਾ ਰੀਫਿਊਜੀ' ਦੇ ਟਰੇਲਰ ਨੂੰ ਮਿਲਿਆ ਭਰਵਾਂ ਹੁੰਗਾਰਾ, 26 ਨੂੰ ਹੋਵੇਗੀ ਫਿਲਮ ਰਿਲੀਜ਼

10/6/2018 4:25:53 PM

ਚੰਡੀਗੜ(ਬਿਊਰੋ)— ਸ਼ੁੱਕਰਵਾਰ ਨੂੰ ਰਿਲੀਜ਼ ਹੋਏ ਰੌਸ਼ਨ ਪ੍ਰਿੰਸ ਦੀ ਫਿਲਮ 'ਰਾਂਝਾ ਰਫਿਊਜੀ' ਦੇ ਟਰੇਲਰ ਨੂੰ ਸੋਸ਼ਲ ਮੀਡੀਆ 'ਤੇ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਯੂਟਿਊਬ ਦੀ ਟਰੈਡਿੰਗ 'ਚ ਚੱਲ ਰਹੇ ਫਿਲਮ ਦੇ ਟਰੇਲਰ ਨੂੰ ਮਹਿਜ਼ 24 ਘੰਟਿਆਂ 'ਚ ਹੀ 20 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹ ਟਰੇਲਰ ਸੋਸ਼ਲ ਮੀਡੀਆ ਦੇ ਨਾਲ-ਨਾਲ ਵਟਸਐਪ ਗੁਰੱਪਾਂ 'ਚ ਵੀ ਲਗਾਤਾਰ ਵਾਇਰਲ ਹੋ ਰਿਹਾ ਹੈ। 26 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ 'ਚ ਰੌਸ਼ਨ ਪ੍ਰਿੰਸ ਵੱਖ-ਵੱਖ ਕਿਰਦਾਰਾਂ 'ਚ ਨਜ਼ਰ ਆ ਰਿਹਾ ਹੈ। ਨਿਰਦੇਸ਼ਕ ਅਵਤਾਰ ਸਿੰਘ ਦੀ ਲਿਖੀ ਅਤੇ ਡਾਇਰੈਕਟ ਕੀਤੀ ਇਸ ਫਿਲਮ 'ਚ ਰੌਸ਼ਨ ਪ੍ਰਿੰਸ ਨਾਲ ਕਰਮਜੀਤ ਅਨਮੋਲ, ਹਾਰਬੀ ਸੰਘਾ, ਮਲਕੀਤ ਰੌਣੀ ਅਤੇ ਸਾਨਵੀਂ ਧੀਮਾਨ ਨੇ ਅਹਿਮ ਭੂਮਿਕਾ 'ਚ ਹਨ। ਟਰੇਲਰ ਮੁਤਾਬਕ ਇਹ ਫਿਲਮ ਕਾਮੇਡੀ ਅਤੇ ਪਰਿਵਾਰਕ ਡਰਾਮੇ ਦਾ ਸੁਮੇਲ ਹੈ।

ਰੌਸ਼ਨ ਪ੍ਰਿੰਸ ਜਿਥੇ ਇਸ ਫਿਲਮ 'ਚ ਰਾਂਝੇ ਨਾਂ ਦੇ ਨੌਜਵਾਨ ਦੇ ਰੂਪ 'ਚ ਨਜ਼ਰ ਆ ਰਿਹਾ ਹੈ, ਉਥੇ ਸਰਹੱਦ 'ਤੇ ਇਕ ਫੌਜੀ ਵਜੋਂ ਵੀ ਦਿਖਾਈ ਦੇ ਰਿਹਾ ਹੈ। ਫਿਲਮ 'ਚ ਇਕ ਖੂਬਸੂਰਤ ਪ੍ਰੇਮ ਕਹਾਣੀ ਵੀ ਨਜ਼ਰ ਆ ਰਹੀ ਹੈ। ਜੇ ਬੀ ਮੂਵੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਟਰੇਲਰ ਦੇ ਅੰਤ 'ਚ ਰੌਸ਼ਨ ਪ੍ਰਿੰਸ ਡਬਲ ਕਿਰਦਾਰ 'ਚ ਵੀ ਨਜ਼ਰ ਆ ਰਿਹਾ ਹੈ ਪਰ ਇਹ ਡਬਲ ਕਿਰਦਾਰ ਫਿਲਮ 'ਚ ਵੀ ਨਜ਼ਰ ਆਵੇਗਾ ਜਾਂ ਫਿਰ ਇਹ ਕੋਈ ਹੋਰ ਭੁਲੇਖਾ ਹੈ। ਇਸ ਬਾਰੇ ਸਸਪੈਂਸ ਛੱਡਿਆ ਗਿਆ ਹੈ। ਯਾਦ ਰਹੇ ਕਿ ਰੌਸ਼ਨ ਪ੍ਰਿੰਸ ਦੀ ਇਸ ਤੋਂ ਪਹਿਲਾਂ ਰਿਲੀਜ਼ ਹੋਈ ਫਿਲਮ 'ਲਾਵਾਂ ਫੇਰੇ' ਨੂੰ ਵੱਡੇ ਪੱਧਰ 'ਤੇ ਦਰਸ਼ਕਾਂ ਨੇ ਪਸੰਦ ਕੀਤਾ ਸੀ। ਇਸ ਫਿਲਮ ਤੋਂ ਬਾਅਦ ਜਿਸ ਤਰ੍ਹਾਂ ਦੀ ਦਰਸ਼ਕ ਰੌਸ਼ਨ ਪ੍ਰਿੰਸ ਤੋਂ ਉਮੀਦ ਕਰ ਰਹੇ ਹਨ। ਇਹ ਟ੍ਰੇਲਰ ਦਰਸ਼ਕਾਂ ਦੀ ਕਸਵੱਟੀ 'ਤੇ ਖਰਾ ਉਤਰ ਰਿਹਾ ਹੈ। ਟ੍ਰੇਲਰ ਨੇ ਫ਼ਿਲਮ ਪ੍ਰਤੀ ਦਰਸ਼ਕਾਂ ਦੀ ਉਡੀਕ ਬੇਸਬਰੀ 'ਚ ਬਦਲ ਦਿੱਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News