ਪੰਜਾਬੀ ਮਾਂ ਬੋਲੀ ਦੇ ਹੱਕ ''ਚ ਆਏ ਰੇਸ਼ਮ ਸਿੰਘ ਅਨਮੋਲ

Tuesday, September 24, 2019 1:50 PM

ਜਲੰਧਰ (ਬਿਊਰੋ) — ਪੰਜਾਬੀ ਭਾਸ਼ਾ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਕਈ ਵਿਵਾਦ ਗਰਮਾਏ ਹੋਏ ਹਨ। ਕਈ ਗਾਇਕਾਂ ਵੱਲੋਂ ਪੰਜਾਬੀ ਮਾਂ ਬੋਲੀ ਦੇ ਹੱਕ 'ਚ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਈਆਂ ਜਾ ਰਹੀਆਂ ਹਨ। ਇਸੇ ਸੰਬੰਧ 'ਚ ਹੀ ਹੁਣ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਇਕ ਪੋਸਟ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪੰਜਾਬੀ ਭਾਸ਼ਾ ਦੇ ਹੱਕ 'ਚ ਅਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆ ਰਹੇ ਹਨ। ਪੋਸਟ ਰਾਹੀਂ ਉਨ੍ਹਾਂ ਨੇ ਪੰਜਾਬੀ ਦੇ ਮਹਾਨ ਕਵੀ ਦੀ ਕਵਿਤਾਂ ਦੀਆਂ ਸਤਰਾਂ ਸਾਂਝੀਆਂ ਕੀਤੀਆਂ ਹਨ। ਰੇਸ਼ਮ ਸਿੰਘ ਅਨਮੋਲ ਵੱਲੋਂ ਸਾਂਝੀ ਕੀਤੀ ਕਵਿਤਾ ਇਸ ਪ੍ਰਕਾਰ ਹੈ :

ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।
ਗੋਦੀ ਜੀਹਦੀ 'ਚ ਪਲ ਕੇ ਜਵਾਨ ਹੋਇਓ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।
ਜੇ ਪੰਜਾਬੀ, ਪੰਜਾਬੀ ਈ ਕੂਕਣਾ ਈ,
ਜਿੱਥੇ ਖਲਾ ਖਲੋਤਾ ਉਹ ਥਾਂ ਛੱਡ ਦੇ।
ਮੈਨੂੰ ਇੰਝ ਲੱਗਦਾ,ਲੋਕੀਂ ਆਖਦੇ ਨੇ,
ਤੂੰ ਪੁੱਤਰਾਂ ਆਪਣੀ ਮਾਂ ਛੱਡ ਦੇ।

PunjabKesari

ਦੱਸ ਦਈਏ ਇਹ ਕਵਿਤਾ ਹੈ ਪੰਜਾਬੀ ਦੇ ਮਹਾਨ ਕਵੀ ਉਸਤਾਦ ਦਾਮਨ ਦੀ ਹੈ, ਜਿਸ ਨੇ ਪੰਜਾਬੀ ਭਾਸ਼ਾ ਦੀ ਬੁਲੰਦੀ ਨੂੰ ਦਰਸਾਉਂਦਿਆਂ ਅਜਿਹੀਆਂ ਬਹੁਤ ਸਾਰੀਆਂ ਕਵਿਤਾਵਾਂ ਲੋਕਾਂ ਦੇ ਸਨਮੁਖ ਕੀਤੀਆਂ ਹਨ। ਉਸਤਾਦ ਦਾਮਨ ਪੰਜਾਬੀ ਜ਼ੁਬਾਨ ਦੇ ਮਸ਼ਹੂਰ ਸ਼ਾਇਰ ਅਤੇ ਰਹੱਸਵਾਦੀ ਸਨ। ਉਹ ਸਾਰੀ ਉਮਰ ਲਾਹੌਰ ਹੀ ਰਹੇ ਅਤੇ ਦਰਜੀ ਦਾ ਕੰਮ ਕੀਤਾ। ਭਾਸ਼ਾ ਪੱਖੋਂ ਵੀ ਉਹ ਉਰਦੂ, ਹਿੰਦੀ, ਅੰਗਰੇਜ਼ੀ, ਸੰਸਕ੍ਰਿਤ, ਫਾਰਸੀ ਅਤੇ ਬੰਗਾਲੀ ਤੋਂ ਇਲਾਵਾ ਥੋੜ੍ਹੀ ਬਹੁਤੀ ਪਸ਼ਤੋ ਵੀ ਜਾਣਦੇ ਸਨ ਪਰ ਪੰਜਾਬੀਅਤ ਦੇ ਸ਼ੁਦਾਈ ਸਨ। ਰੇਸ਼ਮ ਸਿੰਘ ਅਨਮੋਲ ਵੱਲੋਂ ਸਾਂਝੀ ਕੀਤੀ ਇਸ ਕਵਿਤਾ ਲਈ ਪ੍ਰਸ਼ੰਸਕਾਂ ਵੱਲੋਂ ਵੀ ਮਾਂ ਬੋਲੀ ਪੰਜਾਬੀ ਦੇ ਹੱਕ 'ਚ ਜ਼ਿੰਦਾਬਾਦ ਦੇ ਨਾਅਰੇ ਲਾਏ ਜਾ ਰਹੇ ਹਨ।


Edited By

Sunita

Sunita is news editor at Jagbani

Read More