ਵਿਨਿਤਾ ਤੋਂ ਬਾਅਦ ਸੰਧਿਆ ਮ੍ਰਿਦੁਲ ਨੇ ਆਲੋਕ ਨਾਥ ''ਤੇ ਲਾਇਆ ਯੌਨ ਸ਼ੋਸ਼ਣ ਦਾ ਇਲਜ਼ਾਮ

Wednesday, October 10, 2018 5:44 PM
ਵਿਨਿਤਾ ਤੋਂ ਬਾਅਦ ਸੰਧਿਆ ਮ੍ਰਿਦੁਲ ਨੇ ਆਲੋਕ ਨਾਥ ''ਤੇ ਲਾਇਆ ਯੌਨ ਸ਼ੋਸ਼ਣ ਦਾ ਇਲਜ਼ਾਮ

ਮੁੰਬਈ (ਬਿਊਰੋ)— 'ਸੰਸਕਾਰੀ ਬਾਬੂ' ਜੀ ਦੇ ਤੌਰ 'ਤੇ ਪਛਾਣ ਰੱਖਣ ਵਾਲੇ ਆਲੋਕ ਨਾਥ 'ਤੇ ਪ੍ਰੋਡਿਊਸਰ ਵਿਨਿਤਾ ਨੰਦਾ ਨੇ ਯੌਨ ਸ਼ੋਸ਼ਣ ਦਾ ਇਲਜ਼ਾਮ ਲਾਇਆ ਹੈ। ਇਸ ਤੋਂ ਬਾਅਦ ਹੁਣ ਅਦਾਕਾਰਾ ਸੰਧਿਆ ਮ੍ਰਿਦੁਲ ਨੇ ਵੀ ਵਿਨਿਤਾ ਦਾ ਸਮਰਥਨ ਕਰਦੇ ਹੋਏ ਆਲੋਕ ਨਾਥ 'ਤੇ ਗੰਭੀਰ ਇਲਜ਼ਾਮ ਲਾਏ ਹਨ। ਉਸ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਕਿਵੇਂ ਆਲੋਕ ਨਾਥ ਨੇ ਉਸ ਨੂੰ ਪ੍ਰੇਸ਼ਾਨ ਕੀਤਾ ਸੀ। ਆਪਣੇ ਟਵੀਟ 'ਚ ਉਸ ਨੇ ਲਿਖਿਆ, ''ਮੈਂ ਜ਼ੀ ਲਈ ਇਕ ਟੈਲੀਫਿਲਮ ਸ਼ੂਟ ਕਰ ਰਹੀ ਸੀ ਜਿਸ 'ਚ ਮੈਂ ਲੀਡ ਅਦਾਕਾਰਾ ਸੀ। ਰੀਮਾ ਲਾਗੂ ਤੇ ਆਲੋਕ ਨਾਥ ਇਸ 'ਚ ਮੇਰੇ ਆਨਸਕ੍ਰੀਨ ਮਾਤਾ-ਪਿਤਾ ਦੇ ਕਿਰਦਾਰ 'ਚ ਸਨ। ਇਸ ਦੌਰਾਨ ਮੈਂ ਬੇਹੱਦ  ਖੁਸ਼ ਸੀ ਕਿਉਂਕਿ ਮੈਂ ਬਾਬੂ ਜੀ ਨਾਲ ਕੰਮ ਕਰ ਰਹੀ ਸੀ। ਸ਼ੂਟ ਦੌਰਾਨ ਆਲੋਕ ਨਾਥ ਮੇਰੇ ਨਾਲ ਖੁੱਲ੍ਹ ਕੇ ਮੇਰੇ ਕੰਮ ਦੀ ਤਾਰੀਫ ਕਰਦੇ ਸਨ। ਉਹ ਮੈਨੂੰ ਭਗਵਾਨ ਦੀ ਬੇਟੀ ਕਹਿ ਕੇ ਬੁਲਾਉਂਦੇ ਸਨ ਪਰ ਇਕ ਦਿਨ ਸ਼ੂਟਿੰਗ ਥੋੜ੍ਹੀ ਜਲਦੀ ਖਤਮ ਹੋ ਗਈ ਜਿਸ ਤੋ ਬਾਅਦ ਸਭ ਲੋਕ ਡਿਨਰ ਕਰਨ ਗਏ।

ਇਸ ਦੌਰਾਨ ਆਲੋਕ ਨਾਥ ਨੇ ਸ਼ਰਾਬ ਪੀ ਲਈ ਅਤੇ ਵਾਰ-ਵਾਰ ਮੇਰੇ ਕੋਲ ਬੈਠਣ ਦੀ ਜਿੱਦ ਕਰਨ ਲੱਗੇ। ਜਿਸ ਸਮੇਂ ਇਹ ਸਭ ਹੋ ਰਿਹਾ ਸੀ ਮੇਰੇ ਇਕ ਸਹਿ-ਅਦਾਕਾਰਾ ਨੇ ਹਾਲਾਤ ਨੂੰ ਸੰਭਾਲਿਆ ਤੇ ਮੈਨੂੰ ਇਸ ਸਥਿਤੀ 'ਚੋਂ ਬਾਹਰ ਕੱਢਿਆ। ਅਸੀਂ ਬਿਨਾਂ ਡਿਨਰ ਕੀਤੇ ਉੱਥੋਂ ਨਿਕਲੇ। ਇਸ ਤੋਂ ਬਾਅਦ ਉਹ ਇਕ ਦਿਨ ਮੇਰੇ ਕਮਰੇ 'ਚ ਆਏ ਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਮੈਂ ਕਿਸੇ ਤਰ੍ਹਾਂ ਉਨ੍ਹਾਂ ਨੂੰ ਆਪਣੇ ਕਮਰੇ 'ਚੋਂ ਬਾਹਰ ਕੱਢਿਆ ਪਰ ਉਹ ਹਰ ਰਾਤ ਮੈਨੂੰ ਫੋਨ ਕਰਦੇ ਸਨ। ਮੈਂ ਇੰਨਾ ਜ਼ਿਆਦਾ ਡਰ ਗਈ ਸੀ ਕਿ ਮੈਂ ਆਪਣੇ ਹੇਅਰਸਟਾਈਲਿਸਟ ਨੂੰ ਪੱਕੇ ਤੌਰ 'ਤੇ ਆਪਣੇ ਕਮਰੇ 'ਚ ਸ਼ਿਫਟ ਕਰਵਾ ਲਿਆ। ਉਹ ਡਰ ਭਰੀਆਂ ਰਾਤਾਂ ਮੈਂ ਕਦੇ ਨਹੀਂ ਭੁੱਲ ਸਕਦੀ''।

ਇਸ ਤੋਂ ਬਾਅਦ ਸੰਧਿਆ ਕਹਿੰਦੀ ਹੈ ਕਿ ਆਲੋਕ ਨਾਥ ਨੇ ਇਕ ਦਿਨ ਉਸ ਕੋਲੋਂ ਮਾਫੀ ਮੰਗੀ ਤੇ ਕਿਹਾ ਕਿ ਉਹ ਸ਼ਰਾਬੀ ਹੈ ਜਿਸ ਵਜ੍ਹਾ ਉਸਦਾ ਪਰਿਵਾਰ ਟੁੱਟ ਗਿਆ ਪਰ ਉਹ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਜਿਸ ਸਮੇਂ ਇਹ ਸਭ ਹੋਇਆ ਉਸ ਸਮੇਂ ਨਾ ਸੋਸ਼ਲ ਮੀਡੀਆ ਸੀ ਅਤੇ ਨਾ ਹੀ ਅਜਿਹੇ ਮਾਮਲਿਆਂ ਨੂੰ ਲੈ ਕੇ ਸੁਣਵਾਈ ਹੁੰਦੀ ਸੀ। ਆਪਣੇ ਇਲਜ਼ਾਮਾਂ ਤੋਂ ਬਾਅਦ ਉਸ ਨੇ ਕਿਹਾ ਕਿ ਉਹ ਵਿਨਿਤਾ ਦੇ ਨਾਲ ਹੈ। ਸੰਧਿਆ ਮ੍ਰਿਦੁਲ ਨੇ ਕਿਹਾ ਕਿ ਉਸ ਨਾਲ ਜੋ ਕੁਝ ਵੀ ਹੋਇਆ, ਉਸ ਲਈ ਤਾਂ ਉਸ ਨੇ ਆਲੋਕ ਨਾਥ ਨੂੰ ਮਾਫ ਕਰ ਦਿੱਤਾ ਪਰ ਜੋ ਕੁਝ ਆਲੋਕ ਨਾਥ ਨੇ ਵਿਨਿਤਾ ਨੰਦਾ ਨਾਲ ਕੀਤਾ, ਉਸ ਲਈ ਉਹ ਕਦੇ ਮਾਫ ਨਹੀਂ ਕਰੇਗੀ। ਸੰਧਿਆ ਨੇ ਕਿਹਾ ਕਿ ਉਹ ਜਿਹੜੇ ਹਲਾਤਾਂ 'ਚੋਂ ਗੁਜ਼ਰੀ ਹੈ, ਉਸ ਦੀ ਤੁਲਨਾ ਵਿਨਿਤਾ ਨੰਦਾ ਦੀ ਘਟਨਾ ਨਾਲ ਨਹੀਂ ਹੋ ਸਕਦੀ।


Edited By

Kapil Kumar

Kapil Kumar is news editor at Jagbani

Read More