'ਸੰਜੂ' ਰੀਅਲ ਲਾਈਫ ਦੇ ਰਾਜ਼ ਦਿਖਾਉਣਗੇ ਰੀਲ ਲਾਈਫ 'ਚ

Thursday, June 28, 2018 9:15 AM
'ਸੰਜੂ' ਰੀਅਲ ਲਾਈਫ ਦੇ ਰਾਜ਼ ਦਿਖਾਉਣਗੇ ਰੀਲ ਲਾਈਫ 'ਚ

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਜ਼ਿੰਦਗੀ 'ਤੇ ਆਧਾਰਿਤ ਬਾਇਓਪਿਕ 'ਸੰਜੂ' 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਵਿਚ ਸੰਜੇ ਦੱਤ ਦੀ ਜ਼ਿੰਦਗੀ ਦੇ ਕਈ ਰਾਜ਼ ਖੁੱਲ੍ਹਣਗੇ। ਫਿਲਮ ਸੰਜੇ ਦੱਤ ਦੀ ਜ਼ਿੰਦਗੀ ਵਿਚ ਆਏ ਸਭ ਉਤਰਾਅ-ਚੜ੍ਹਾਅ ਤੋਂ ਪਰਦਾ ਹਟਾਏਗੀ। ਸੰਜੇ ਦੱਤ ਦੀ ਜ਼ਿੰਦਗੀ ਦੇ ਕਈ ਅਜਿਹੇ ਪੱਖ ਹਨ, ਜੋ ਦਰਸ਼ਕ ਵੇਖਣਾ ਅਤੇ ਜਾਣਨਾ ਚਾਹੁੰਦੇ ਹਨ। ਅਜਿਹੀ ਹਾਲਤ ਵਿਚ ਇਸ ਫਿਲਮ ਨੂੰ ਲੈ ਕੇ ਲੋਕਾਂ ਵਿਚ ਜ਼ਬਰਦਸਤ ਕ੍ਰੇਜ਼ ਬਣਿਆ ਹੋਇਆ ਹੈ ਅਤੇ ਇਸ ਦੀ ਉਡੀਕ ਬੇਸਬਰੀ ਨਾਲ ਕੀਤੀ ਜਾ ਰਹੀ ਹੈ। ਫਿਲਮ ਵਿਚ ਸੰਜੇ ਦੱਤ ਦਾ ਕਿਰਦਾਰ ਨਿਭਾਅ ਰਹੇ ਰਣਬੀਰ ਕਪੂਰ ਹੂ-ਬ-ਹੂ ਸੰਜੇ ਦੱਤ ਵਾਂਗ ਲੱਗਦੇ ਹਨ। ਇਸ ਤੋਂ ਇਲਾਵਾ ਪਰੇਸ਼ ਰਾਵਲ, ਮਨੀਸ਼ਾ ਕੋਇਰਾਲਾ, ਅਨੁਸ਼ਕਾ ਸ਼ਰਮਾ, ਕ੍ਰਿਸ਼ਮਾ ਤੰਨਾ, ਜਿਮ ਸਰਭ, ਤੱਬੂ, ਬੋਮਨ ਈਰਾਨੀ ਅਤੇ ਦੀਆ ਮਿਰਜ਼ਾ ਵਰਗੇ ਕਈ ਹੋਰ ਸਟਾਰ ਹਨ। ਫਿਲਮ ਵਿਚ ਸੰਜੇ ਦੱਤ ਦੀ ਲਵ ਲਾਈਫ ਤੋਂ ਲੈ ਕੇ ਜੇਲ ਵਿਚ ਕੱਟੀਆਂ ਰਾਤਾਂ ਨੂੰ ਵੀ ਬਹੁਤ ਹੀ ਬਾਰੀਕੀ ਨਾਲ ਵਿਖਾਇਆ ਗਿਆ ਹੈ। ਫਿਲਮ ਵਿਚ ਸੰਜੇ ਦੱਤ ਦੀ ਭੂਮਿਕਾ ਨਿਭਾਅ ਰਹੇ ਰਣਬੀਰ ਕਪੂਰ, ਫਿਲਮ ਦੇ ਨਿਰਮਾਤਾ ਵਿਧੂ ਵਿਨੋਦ ਚੋਪੜਾ, ਲੇਖਕ ਅਭਿਜਾਤ ਜੋਸ਼ੀ ਅਤੇ ਫਿਲਮ ਦੇ ਨਿਰਦੇਸ਼ਕ ਰਾਜ ਕੁਮਾਰ ਹਿਰਾਨੀ ਨਾਲ ਖਾਸ ਗੱਲਬਾਤ ਦੌਰਾਨ ਕਈ ਦਿਲਚਸਪ ਕਿੱਸੇ ਵੀ ਸਾਹਮਣੇ ਆਏ। ਪੇਸ਼ ਹਨ ਮੁੱਖ ਅੰਸ਼ :-
ਚੁਣੌਤੀ ਤਾਂ ਬਹੁਤ ਸੀ : ਰਣਬੀਰ ਕਪੂਰ
ਰਾਜੂ ਸਰ ਨੇ ਮੈਨੂੰ ਪਹਿਲੀ ਵਾਰ ਦੱਸਿਆ ਸੀ ਕਿ ਸੰਜੇ ਸਰ ਉੱਪਰ ਉਹ ਇਕ ਬਾਇਓਪਿਕ ਬਣਾ ਰਹੇ ਹਨ ਤਾਂ ਮੇਰੀ ਪਹਿਲੀ ਪ੍ਰਤੀਕਿਰਿਆ ਸੀ ਕਿ ਇਹ ਨਹੀਂ ਹੋ ਸਕਦਾ। ਉਨ੍ਹਾਂ 'ਤੇ ਇਕ ਬਾਇਓਪਿਕ ਕਿਵੇਂ ਬਣ ਸਕਦੀ ਹੈ? ਅੱਜ ਵੀ ਉਹ ਬਹੁਤ ਚਹੇਤੇ ਸੁਪਰਸਟਾਰ ਹਨ। ਲੋਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। ਅੱਜ ਵੀ ਉਹ ਬਹੁਤ ਕੰਮ ਕਰਦੇ ਹਨ। ਮੈਂ ਓਨਾ ਕੰਮ ਕਿਵੇਂ ਕਰ ਸਕਾਂਗਾ? 20 ਸਾਲ ਤੋਂ ਲੈ ਕੇ 60 ਸਾਲ ਤੱਕ ਮੈਂ ਉਨ੍ਹਾਂ ਵਰਗਾ ਕਿਵੇਂ ਨਜ਼ਰ ਆ ਸਕਾਂਗਾ? ਇਹ ਸਾਰੇ ਸਵਾਲ ਮੇਰੇ ਵੀ ਦਿਮਾਗ ਵਿਚ ਘੁੰਮ ਰਹੇ ਸਨ ਪਰ ਜਦੋਂ ਮੈਂ ਕਹਾਣੀ ਪੜ੍ਹੀ ਤਾਂ ਕਾਫੀ ਸਵੈ-ਭਰੋਸਾ ਮੇਰੇ ਅੰਦਰ ਆਇਆ। ਕਹਾਣੀ ਬਹੁਤ ਹੀ ਸ਼ਾਨਦਾਰ ਸੀ ਅਤੇ ਮੇਰੇ  ਲਈ ਇਕ ਅਵਿਨੇਤਾ ਵਜੋਂ ਜ਼ਿੰਦਗੀ ਵਿਚ ਇਕ ਵਾਰ  ਮੁੜ ਮੌਕਾ ਮਿਲਣ ਵਰਗੀ ਗੱਲ ਸੀ ਪਰ ਉਸ ਤੋਂ ਬਾਅਦ ਅਸੀਂ ਕਾਫੀ ਮਿਹਨਤ ਕੀਤੀ। ਸਿਰਫ ਸਹੀ ਲੁਕ ਲਿਆਉਣ ਲਈ ਅਸੀਂ 8 ਮਹੀਨੇ ਮਿਹਨਤ ਕੀਤੀ, ਜਿਸ ਢੰਗ ਨਾਲ ਪ੍ਰੋਸਥੇਟਿਕਸ, ਹੇਅਰ ਸਟਾਈਲ ਅਤੇ ਫਿਰ ਜੋ ਕੱਪੜਿਆਂ ਦੀ ਲੁਕ ਸੀ ਜਾਂ ਫਿਰ ਉਨ੍ਹਾਂ ਵਰਗੀ ਬਾਡੀ, ਇਨ੍ਹਾਂ ਸਭ ਉੱਤੇ ਅਸੀਂ ਬਹੁਤ ਮਿਹਨਤ ਕੀਤੀ। ਜਦੋਂ ਮੈਂ ਫਿਲਮ ਸ਼ੁਰੂ ਕੀਤੀ ਤਾਂ ਮੇਰਾ ਭਾਰ 70 ਕਿਲੋ ਸੀ। ਉਦੋਂ ਮੈਂ 'ਜੱਗਾ ਜਾਸੂਸ' ਦੀ ਸ਼ੂਟਿੰਗ ਖਤਮ ਕੀਤੀ ਸੀ। ਉਸ ਤੋਂ ਬਾਅਦ ਮੈਨੂੰ ਆਪਣਾ ਭਾਰ ਵਧਾ ਕੇ 88 ਕਿਲੋ ਕਰਨਾ ਪਿਆ। ਮੈਨੂੰ 18 ਕਿਲੋ ਭਾਰ ਵਧਾਉਣਾ ਪਿਆ ਸੀ,ਇਸ ਲਈ ਅਸੀਂ ਪੂਰੀ ਫਿਲਮ ਰਿਵਰਸ ਢੰਗ ਨਾਲ ਸ਼ੂਟ ਕੀਤੀ। 
ਬਹੁਤ ਵੱਡਾ ਮੈਸੇਜ ਹੈ ਇਸ ਫਿਲਮ 'ਚ
ਸੰਜੂ ਡਰੱਗਜ਼ ਦੇ ਇੰਨੇ ਆਦੀ ਹੋ ਗਏ ਸਨ ਕਿ ਉਨ੍ਹਾਂ ਦੇ ਰਿਸ਼ਤੇ ਅਤੇ ਕੰਮਕਾਜ ਸਭ ਬਰਬਾਦ ਹੋ ਗਏ। ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਅਤੇ ਦੋਸਤਾਂ ਦਾ ਸਾਥ ਮਿਲਿਆ ਤਾਂ ਉਹ ਬਚ ਗਏ, ਨਹੀਂ ਤਾਂ ਵਧੇਰੇ ਲੋਕ ਬਚ ਨਹੀਂ ਸਕਦੇ। ਜਿਹੜੇ ਲੋਕ ਸੋਚਦੇ ਹਨ ਕਿ ਡਰੱਗਜ਼ ਲੈਣਾ ਕੂਲ ਹੁੰਦਾ ਹੈ, ਨੂੰ ਇਕ ਵਾਰ ਟਰਾਈ ਕਰਨਾ ਚਾਹੀਦਾ ਹੈ। ਉਹ ਬਿਲਕੁਲ ਗਲਤ ਸੋਚਦੇ ਹਨ। ਇੰਝ ਕਰਨ ਨਾਲ ਤਾਂ ਉਹ ਇਸ ਵਿਚ ਰੁੜ੍ਹ ਜਾਣਗੇ। 
ਫਿਲਮ 'ਚ ਹਨ ਕਈ ਭਾਵੁਕ ਦ੍ਰਿਸ਼
ਫਿਲਮ ਵਿਚ ਕਈ ਭਾਵੁਕ ਸੀਨ ਹਨ ਪਰ ਜੇ ਮੈਨੂੰ ਪਿਕ ਕਰਨਾ ਪਿਆ ਤਾਂ ਮੈਂ 2 ਸੀਨ ਚੁਣਾਂਗਾ। ਜਦੋਂ ਰਾਕੀ ਦਾ ਪ੍ਰੀਮੀਅਰ ਚੱਲ ਰਿਹਾ ਸੀ ਅਤੇ ਉਨ੍ਹਾਂ ਦੀ ਮਾਂ ਨਰਗਿਸ ਦੱਤ ਜੀ ਜੋ 2 ਦਿਨ ਪਹਿਲਾਂ ਗੁਜ਼ਰ ਗਈ ਸੀ,ਉਦੋਂ ਉਹ ਦੌਰ ਸੀ, ਜਦੋਂ ਉਨ੍ਹਾਂ ਨੂੰ ਡਰੱਗਜ਼ ਦੀ ਬੁਰੀ ਆਦਤ ਸੀ। ਜਦੋਂ ਫਿਲਮ ਦਾ ਪ੍ਰੀਮੀਅਰ ਚਲ ਰਿਹਾ ਸੀ ਤਾਂ ਉਹ ਆਪਣੇ ਪਿਤਾ ਨਾਲ ਪੌੜੀ 'ਤੇ ਬੈਠ ਕੇ ਗੱਲ ਕਰ ਰਹੇ ਸਨ। ਨਾਲ ਹੀ ਆਪਣੇ ਦਿਲ ਦੀ ਗੱਲ ਵੀ ਦੱਸ ਰਹੇ ਸਨ। ਉਹ ਸੀਨ ਮੇਰੇ ਲਈ ਬੇਹੱਦ ਇਮੋਸ਼ਨਲ ਸੀ। ਦੂਜਾ ਮੌਕਾ ਉਦੋਂ ਦਾ ਸੀ ਜਦੋਂ ਸੁਨੀਲ ਦੱਤ ਜੀ ਦੀ ਮੌਤ ਹੋਈ ਸੀ। ਉਦੋਂ ਸੰਜੇ ਦੱਤ 'ਤੇ ਕੀ ਗੁਜ਼ਰ ਰਹੀ ਸੀ, ਜਦੋਂ ਉਹ  ਅਰਥੀ ਨੂੰ ਲੈ ਕੇ ਜਾ ਰਹੇ ਸਨ। ਉਦੋਂ ਉਨ੍ਹਾਂ ਦੇ ਦਿਮਾਗ ਵਿਚ ਕੀ ਚੱਲ ਰਿਹਾ ਸੀ। ਇਹ ਇਕ ਬਹੁਤ ਹੀ ਪਿਆਰਾ ਸੀਨ ਸੀ। ਰਾਜੂ ਸਰ ਅਤੇ ਅਭਿਜਾਤ ਸਰ ਨੇ ਲਿਖਿਆ ਹੈ ਕਿ ਇਕ ਕਾਲਪਨਿਕ ਮੂਵਮੈਂਟ ਵਿਚ ਉਹ ਆਪਣੇ ਪਿਤਾ ਨੂੰ ਸ਼ੁਕਰੀਆ ਬੋਲ ਰਹੇ ਹਨ, ਜਦਕਿ ਉਨ੍ਹਾਂ ਦਾ ਦਿਹਾਂਤ ਹੋ ਚੁੱਕਾ ਹੈ। 
ਸਭ ਘਟਨਾਵਾਂ ਨੂੰ ਵੈਰੀਫਾਈ ਕੀਤਾ : ਵਿਧੂ ਵਿਨੋਦ
ਸੰਜੇ ਦੱਤ ਦੀ ਇਸ ਕਹਾਣੀ ਵਿਚ ਅਸੀਂ ਉਨ੍ਹਾਂ ਸਭ ਘਟਨਾਵਾਂ ਦੀ ਸੱਚਾਈ ਦੀ ਜਾਂਚ ਕੀਤੀ। ਇਕ-ਇਕ ਗੱਲ ਨੂੰ ਅਸੀਂ ਵੈਰੀਫਾਈ ਕੀਤਾ। ਮੇਰੀ ਪਹਿਲੀ ਚਿੰਤਾ ਇਹ ਸੀ ਕਿ ਫਿਲਮ ਬਣਾਉਣ ਤੋਂ ਪਹਿਲਾਂ ਸਾਰੀਆਂ ਗੱਲਾਂ ਦਾ ਕਾਨੂੰਨੀ ਪੱਖੋਂ ਕ੍ਰਾਸ ਚੈੱਕ ਕੀਤਾ ਜਾਏ। ਮੈਂ ਪਹਿਲਾਂ ਰਾਕੇਸ਼ ਮਾਰੀਆ ਨੂੰ ਮਿਲਿਆ, ਫਿਰ ਕੁਝ ਵਕੀਲਾਂ ਨੂੰ ਮਿਲਿਆ। ਉਸਦੀ ਹਰ ਚਾਰਜਸ਼ੀਟ ਨੂੰ ਵੇਖਿਆ। ਪਰਿਵਾਰ, ਦੋਸਤਾਂ ਸਭ ਨਾਲ ਗੱਲਬਾਤ ਕੀਤੀ। ਇੰਝ ਕਰਨਾ ਜ਼ਰੂਰੀ ਵੀ ਸੀ ਤਾਂ ਜੋ ਕੱਲ ਨੂੰ ਕੋਈ ਉਠ ਕੇ ਇਹ ਨਾ ਕਹਿ ਦੇਵੇ ਕਿ ਇੰਝ ਤਾਂ ਹੋਇਆ ਹੀ ਨਹੀਂ ਸੀ। ਇਸ ਤੋਂ ਇਲਾਵਾ ਅਸੀਂ ਸੰਜੇ ਦੀਆਂ 308 ਗਰਲਫ੍ਰੈਂਡਸ ਅਤੇ ਅਮਰੀਕਾ ਦੀਆਂ ਸੜਕਾਂ 'ਤੇ ਬੱਸ ਦੀ ਟਿਕਟ ਖਰੀਦਣ ਲਈ ਭੀਖ ਮੰਗਣ ਵਾਲੀ ਗੱਲ ਦਾ ਸੱਚ ਜਾਣਨ ਲਈ ਵੀ ਰਿਸਰਚ ਕੀਤੀ। ਇਸ ਤੋਂ ਬਾਅਦ ਸਾਨੂੰ ਮਹਿਸੂਸ ਹੋਇਆ ਕਿ ਸੰਜੇ ਨੇ ਆਪਣੀ ਜ਼ਿੰਦਗੀ ਸਬੰਧੀ ਸਾਨੂੰ ਜੋ ਕੁਝ ਦੱਸਿਆ, ਉਹ ਸੱਚ ਹੈ। 
ਅਸੀਂ ਉਨ੍ਹਾਂ ਨੂੰ ਗਲਤ ਵੀ ਦਿਖਾਇਆ ਹੈ
ਇਕ ਫਿਲਮਕਾਰ ਹੋਣ ਦੇ ਨਾਤੇ ਮੈਂ ਕਹਾਣੀਆਂ ਨੂੰ ਲੈ ਕੇ ਬਹੁਤ ਲਾਲਚੀ ਵੀ ਹਾਂ। ਕਿਤੋਂ ਵੀ ਕੋਈ ਚੰਗੀ ਕਹਾਣੀ ਮਿਲ ਜਾਂਦੀ ਹੈ ਤਾਂ ਮੇਰਾ ਲਾਲਚ ਸਾਹਮਣੇ ਆ ਜਾਂਦਾ ਹੈ। ਸੰਜੇ ਦੱਤ ਦੀ ਕਹਾਣੀ ਦਾ ਇਕ ਹਿੱਸਾ ਸਾਰੀ ਦੁਨੀਆ ਨੂੰ ਪਤਾ ਸੀ, ਜੋ ਪ੍ਰੈੱਸ ਵਿਚ ਸਭ ਥਾਂ ਛਪਿਆ ਹੋਇਆ ਸੀ ਪਰ ਇਕ ਦੂਜੀ ਕਹਾਣੀ ਸੀ ਪਿਤਾ ਪੁੱਤਰ ਅਤੇ ਦੋਸਤੀ ਦੀ। ਜਦੋਂ ਤੁਸੀਂ ਸੰਜੇ ਦੱਤ ਦੀ ਕਹਾਣੀ ਵੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸਭ ਚੀਜ਼ਾਂ ਸਬੰਧੀ ਤੁਹਾਨੂੰ ਨਹੀਂ ਪਤਾ ਸੀ। ਅਸੀਂ ਫਿਲਮ ਬਹੁਤ ਹੀ ਈਮਾਨਦਾਰੀ ਨਾਲ ਬਣਾਈ ਹੈ। ਜਿਥੇ ਸੰਜੇ ਦੱਤ ਗਲਤ ਹੈ, ਉਥੇ ਅਸੀਂ ਉਨ੍ਹਾਂ ਨੂੰ ਗਲਤ ਵਿਖਾਇਆ ਹੈ। ਜਿੱਥੇ ਠੀਕ ਹੈ, ਉਥੇ ਅਸੀਂ ਠੀਕ ਵਿਖਾਇਆ ਹੈ।
ਉਂਝ ਤਾਂ ਇਹ ਡਾਰਕ ਫਿਲਮ ਨਹੀਂ ਹੈ ਪਰ ਸਭ ਦਾ ਸੋਚਣ ਦਾ ਆਪਣਾ-ਆਪਣਾ ਢੰਗ ੁਹੁੰਦਾ ਹੈ। ਇਹ ਤਾਂ ਸਭ ਜਾਣਦੇ ਹਨ ਕਿ ਸੰਜੂ ਦੀ ਜ਼ਿੰਦਗੀ ਇਕ ਖੁੱਲ੍ਹੀ ਕਿਤਾਬ ਵਾਂਗ ਹੈ। ਫਿਰ ਵੀ ਤੁਸੀਂ ਜਦੋਂ ਇਹ ਫਿਲਮ ਵੇਖੋਗੇ ਤਾਂ ਤੁਹਾਨੂੰ ਲੱਗੇਗਾ ਕਿ ਇਹ ਗੱਲ ਤਾਂ ਤੁਹਾਨੂੰ ਪਤਾ ਹੀ ਨਹੀਂ ਸੀ। ਕੋਈ ਵੀ ਫਿਲਮ ਵੱਖ-ਵੱਖ ਤਰੀਕਿਆਂ ਨਾਲ ਕਹੀ ਜਾ ਸਕਦੀ ਹੈ। ਤੁਸੀਂ ਕਹਾਣੀ ਕਹਿੰਦੇ ਹੋ ਤਾਂ ਸਭ ਤੋਂ ਜ਼ਰੂਰੀ ਇਹ ਹੁੰਦਾ ਹੈ ਕਿ ਤੁਹਾਨੂੰ ਉਸ ਵਿਚ ਆਪਣੇ ਵਲ ਕੌਣ ਖਿਚ ਰਿਹਾ ਹੈ, ਜਿਸ ਨੂੰ ਆਧਾਰ ਬਣਾ ਕੇ ਤੁਸੀਂ ਪੂਰੀ ਫਿਲਮ ਨੂੰ ਲੈ ਕੇ ਅੱਗੇ ਵਧਦੇ ਹੋ। ਇਸ ਫਿਲਮ ਸਬੰਧੀ ਮੈਂ ਗੱਲ ਕਰਾਂ ਤਾਂ ਮੈਨੂੰ ਜਿਸ ਗੱਲ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ, ਉਹ ਸੀ ਦੱਤ ਸਾਹਿਬ ਅਤੇ ਸੰਜੂ ਦਾ ਪਿਤਾ-ਪੁੱਤਰ ਦਾ ਰਿਸ਼ਤਾ, ਉਸ ਤੋਂ ਬਾਅਦ ਉਨ੍ਹਾਂ ਦੀ ਦੋਸਤੀ ਦੀ ਕਹਾਣੀ। ਹੋ ਸਕਦਾ ਹੈ ਕਿ ਕੋਈ ਹੋਰ ਡਾਇਰੈਕਟਰ ਹੁੰਦਾ ਤਾਂ ਉਹ ਸੰਜੂ ਦੇ ਡਾਰਕ ਸਾਈਡ ਵਾਲੇ ਹਿੱਸੇ ਨੂੰ ਪਹਿਲ ਦਿੰਦਾ ਕਿਉਂਕਿ ਗੱਲਾਂ ਉਸੇ ਸਬੰਧ ਵਿਚ ਵਧੇਰੇ ਹੋਈਆਂ ਹਨ। 
ਮੁਸ਼ਕਿਲ ਹੈ ਬਾਇਓਪਿਕ ਬਣਾਉਣਾ
ਬਾਇਓਪਿਕ ਅਤੇ ਫਿਕਸ਼ਨ ਕਹਾਣੀ 'ਚ ਬਹੁਤ ਫਰਕ ਹੁੰਦਾ ਹੈ। ਬਾਇਓਪਿਕ  ਕਿਸੇ ਦੀ ਜ਼ਿੰਦਗੀ 'ਤੇ ਆਧਾਰਿਤ ਹੁੰਦੀ ਹੈ। ਤੁਸੀਂ ਉਸ ਵਿਚ ਬਹੁਤੀ ਤਬਦੀਲੀ ਨਹੀਂ ਕਰ ਸਕਦੇ। ਫਿਕਸ਼ਨ ਕਹਾਣੀ ਵਿਚ ਤੁਸੀਂ ਆਪਣੀ ਮਰਜ਼ੀ ਨਾਲ ਹੇਰ-ਫੇਰ ਕਰ ਸਕਦੇ ਹੋ। ਕਿਸੇ ਦੀ ਬਾਇਓਪਿਕ ਬਣਾਉਣੀ ਬੇਹੱਦ ਔਖਾ ਕੰਮ ਹੁੰਦਾ ਹੈ।


Edited By

Sunita

Sunita is news editor at Jagbani

Read More