Bday Spl : ਪੰਜਾਬੀ ਗਾਇਕੀ ਦਾ ਸੱਗੀ ਫੁੱਲ ਮੰਨਿਆ ਜਾਂਦਾ ਹੈ ਸਰਬਜੀਤ ਚੀਮਾ

6/14/2017 10:28:50 AM

ਜਲੰਧਰ— ਸਰਬਜੀਤ ਚੀਮਾ ਪੰਜਾਬੀ ਗਾਇਕੀ ਦੇ ਖੇਤਰ 'ਚ ਵੱਖਰੀ ਪਛਾਣ ਰੱਖਦਾ ਹੈ। ਅੱਜ ਉਨ੍ਹਾਂ ਦਾ ਜਨਮਦਿਨ ਹੈ। ਦਾ ਜਨਮ 14 ਜੂਨ 1968 ਨੂੰ ਜਲੰਧਰ 'ਚ ਹੋਇਆ। ਉਨ੍ਹਾਂ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਲਈ ਹਮੇਸ਼ਾਂ ਸਿਰੜ ਕਾਇਮ ਰੱਖਿਆ ਹੈ।

PunjabKesari

ਉਨ੍ਹਾਂ ਦੀਆਂ ਕੈਸਿਟਾਂ ਤੇ ਫ਼ਿਲਮਾਂ ਦੇ ਸਿਰਲੇਖ ਹੀ ਵੇਖ ਲਏ ਜਾਣ ਤਾਂ ਉਸ ਦੀ ਜ਼ਹਿਨੀਅਤ ਭਲੀਭਾਂਤ ਸਮਝ ਆ ਜਾਂਦੀ ਹੈ। 'ਰੰਗਲਾ ਪੰਜਾਬ', 'ਪਿੰਡ ਦੀ ਕੁੜੀ', 'ਪੰਜਾਬ ਬੋਲਦਾ', 'ਆਪਣੀ ਬੋਲੀ ਆਪਣਾ ਦੇਸ' ਤੇ 'ਵੈਲਕਮ ਟੂ ਪੰਜਾਬ' ਆਦਿ ਉਸ ਦੀਆਂ ਫ਼ਿਲਮਾਂ ਤੇ ਐਲਬਮਾਂ ਉਸ ਨੂੰ ਤਮਾਮ ਫ਼ਨਕਾਰਾਂ ਵਿੱਚੋਂ ਵੱਖਰਾ ਸਾਬਤ ਕਰਦੀਆਂ ਹਨ।

PunjabKesari

ਸਰਬਜੀਤ ਦੇ ਹਿੱਟ ਗੀਤਾਂ ਦੀ ਸੂਚੀ ਬੜੀ ਲੰਮੀ ਹੈ ਪਰ 'ਮੇਲਾ ਵੇਖਦੀਏ ਮੁਟਿਆਰੇ', 'ਰੰਗਲਾ ਪੰਜਾਬ', 'ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀਰੀ ਰਾਰਾ', 'ਤੇਰੀ ਤੋਰ ਵੇਖ ਕੇ', 'ਚੰਡੀਗੜ੍ਹ ਸ਼ਹਿਰ ਦੀ ਕੁੜੀ', 'ਜੱਗਾ ਮਾਰਦਾ ਸ਼ੇਰ ਵਾਂਗੂ ਛਾਲਾਂ', 'ਸਾਂਝਾ ਏ ਪੰਜਾਬ' ਆਦਿ ਉਸ ਦੇ ਅਜਿਹੇ ਗੀਤ ਹਨ, ਜਿਨ੍ਹਾਂ ਦੀ ਧਮਾਲ ਹਰ ਸਮਾਗਮ 'ਚ ਪੈਂਦੀ ਸੁਣੀ ਜਾ ਸਕਦੀ ਹੈ।

PunjabKesari
ਸਰਬਜੀਤ ਦੇ ਜ਼ਿੰਦਗੀ ਦੇ ਮਾਪਦੰਡ ਵੀ ਆਪਣੇ ਹੀ ਹਨ। ਉਹ ਸ਼ੋਹਰਤ ਲਈ ਜੁਗਾੜਬਾਜ਼ੀ ਨਹੀਂ ਕਰਦਾ। ਵਕਤ ਦਾ ਉਹ ਬਹੁਤ ਕਦਰਦਾਨ ਹੈ ਅਤੇ ਉਸ ਦਾ ਮੁਕਾਬਲਾ ਸਿਰਫ਼ ਆਪਣੇ ਆਪ ਨਾਲ ਹੀ ਹੈ। ਉਹ ਆਪਣੀਆਂ ਖਾਮੀਆਂ ਖ਼ੁਦ ਲੱਭਣ ਅਤੇ ਉਨ੍ਹਾਂ ਨੂੰ ਦਰੁਸਤ ਕਰਨ ਦਾ ਹਾਮੀ ਹੈ। ਫੁਰਸਤ ਦਾ ਸਮਾਂ ਉਸ ਕੋਲ ਘੱਟ ਹੀ ਹੁੰਦਾ ਹੈ ਕਿਉਂਕਿ ਉਸ ਨੇ ਅਨੇਕ ਸਿਰਜਣਾਤਮਕ ਕੰਮਾਂ ਨੂੰ ਨੇਪਰੇ ਚਾੜ੍ਹਨ ਦਾ ਤਹੱਈਆ ਕੀਤਾ ਹੋਇਆ ਹੈ।

PunjabKesari
ਗਾਇਕੀ ਦੇ ਨਾਲ-ਨਾਲ ਉਸ ਦੀ ਸਟੇਜ ਅਦਾਇਗੀ ਵੀ ਖ਼ਾਸ ਤੌਰ 'ਤੇ ਲੋਕਾਂ ਦਾ ਧਿਆਨ ਖਿੱਚਦੀ ਹੈ। ਉਹ ਸਿਰਫ਼ ਪੈਸੇ ਕਮਾਉਣ ਲਈ ਨਹੀਂ ਗਾਉਂਦਾ ਸਗੋਂ ਹਰ ਸ਼ੋਅ 'ਚ ਪੰਜਾਬੀਆਂ ਨੂੰ ਚੜ੍ਹਦੀ ਕਲਾ 'ਚ ਰਹਿਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦਾ ਹੈ। ਵਪਾਰਕ ਗਾਣਿਆਂ ਦੇ ਮੁਕਾਬਲੇ 'ਚ ਉਹ 'ਨਾ ਮਾਰੀਂ ਨਾ ਮਾਰੀਂ ਨੀ ਮਾਂ' ਵਰਗੇ ਗੀਤ ਤੇ ਮਹਿੰਗੇ ਵੀਡੀਓ ਰਾਹੀਂ ਭਰੂਣ ਹੱਤਿਆ ਸਬੰਧੀ ਲੋਕਾਂ ਨੂੰ ਹਲੂਣਦਾ ਵੀ ਨਜ਼ਰ ਆਇਆ। ਕਦੇ ਕਿਸੇ ਹੋਰ ਬੰਦੇ ਦੀ ਚੰਗੀ-ਮਾੜੀ ਗੱਲ ਕਰਦੇ ਵੀ ਉਸ ਨੂੰ ਕਿਸੇ ਨਹੀਂ ਸੁਣਿਆ ਹੋਣਾ।

PunjabKesari

ਸਰਬਜੀਤ ਦੀ ਕਾਬਲੀਅਤ ਦਾ ਸਬੂਤ ਇਹ ਹੈ ਕਿ ਉਹ ਦੋ ਦਹਾਕਿਆਂ ਤੋਂ ਬਤੌਰ ਫ਼ਨਕਾਰ ਆਪਣੀ ਹੋਂਦ ਬਰਕਰਾਰ ਰੱਖਣ ਦੇ ਨਾਲ ਆਪਣੇ ਅਕਸ ਨੂੰ ਨਿਰੰਤਰ ਵੱਡਾ ਕਰ ਰਿਹਾ ਹੈ। ਬੇਸ਼ੱਕ ਸਰਬਜੀਤ ਦੀਆਂ ਫ਼ਿਲਮਾਂ ਨੇ ਓਨਾ ਮੁਨਾਫ਼ਾ ਨਹੀਂ ਕਮਾਇਆ ਪਰ ਉਸ ਨੂੰ ਆਪਣੇ ਕੀਤੇ ਕੰਮ ਦੀ ਹਮੇਸ਼ਾਂ ਸੰਤੁਸ਼ਟੀ ਰਹੀ ਹੈ। ਉਹ ਜੋ ਲੋਕਾਂ ਨੂੰ ਨਜ਼ਰ ਆਉਂਦਾ ਹੈ, ਉਹੀ ਅਸਲ ਜ਼ਿੰਦਗੀ ਵਿੱਚ ਹੈ। ਫ਼ਿਲਮ 'ਹਾਣੀ' 'ਚ ਹਰਭਜਨ ਮਾਨ ਦੇ ਦੋਸਤ ਵਜੋਂ ਨਿਭਾਏ ਕਿਰਦਾਰ ਨੇ ਉਸ ਦੇ ਕੱਦ 'ਚ ਹੋਰ ਵਾਧਾ ਕੀਤਾ ਹੈ।

PunjabKesari
ਉਹ ਕਿਸੇ ਵੇਲੇ ਹਾਕੀ ਦਾ ਖਿਡਾਰੀ ਰਿਹਾ ਹੈ ਅਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦਾ ਮੋਹਰੀ ਭੰਗੜਾ ਕਲਾਕਾਰ ਵੀ। ਅਜਿਹੀਆਂ ਗਤੀਵਿਧੀਆਂ ਸਦਕਾ ਚੀਮੇ ਦੀ ਸੋਚ ਤੇ ਸਰੀਰ 'ਚ ਖ਼ਾਸ ਕਿਸਮ ਦੀ ਉਡਾਨ ਤੇ ਫੁਰਤੀਲਾਪਣ ਹੈ।

PunjabKesari

ਜਲੰਧਰ ਜ਼ਿਲ੍ਹੇ ਦੇ ਪਿੰਡ ਚੀਮਾ ਕਲਾਂ 'ਚੋਂ ਉੱਠ ਕੇ ਦੋਆਬੇ ਦੀ ਬਹੁਗਿਣਤੀ ਲੋਕਾਂ ਦੀ ਤਰ੍ਹਾਂ ਉਹ ਵੀ ਕੈਨੇਡਾ ਦਾ ਵਸਨੀਕ ਬਣ ਗਿਆ ਸੀ ਪਰ ਕਲਾ ਦੇ ਖੇਤਰ ਦੇ ਮੋਹ ਨੇ ਉਸ ਨੂੰ ਮੁੜ ਪੰਜਾਬ ਨਾਲ ਜੋੜ ਦਿੱਤਾ। ਉਸ ਦਾ ਆਪਣੇ ਜੱਦੀ ਪਿੰਡ ਚੀਮਾ ਨਾਲ ਬਹੁਤ ਲਗਾਓ ਹੈ ਅਤੇ ਇੱਥੇ ਹਰ ਸਾਲ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਉਹ ਇੱਕ ਵੱਡਾ ਸੱਭਿਆਚਾਰਕ ਮੇਲਾ ਵੀ ਕਰਵਾਉਂਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News