ਵਿਵਾਦਾਂ ''ਚ ਫਸੀ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਫਿਲਮ ''ਕਿਸਮਤ'', ਕੀ ਹੁਣ ਹੋਵੇਗੀ 21 ਨੂੰ ਰਿਲੀਜ਼?

9/15/2018 3:03:00 PM

ਜਲੰਧਰ(ਬਿਊਰੋ)— ਪੰਜਾਬੀ ਗਾਇਕ ਤੇ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਐਮੀ ਵਿਰਕ ਅਤੇ ਅਦਾਕਾਰਾ ਸਰਗੁਣ ਮਹਿਤਾ ਦੀ ਜੋੜੀ ਜਲਦ ਹੀ 'ਕਿਸਮਤ' ਫਿਲਮ 'ਚ ਨਜ਼ਰ ਆਉਣ ਵਾਲੀ ਹੈ। ਦੱਸ ਦੇਈਏ ਕਿ ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ ਮੁੱਖ ਭੂਮਿਕਾ ਵਾਲੀ ਇਹ ਫਿਲਮ ਵਿਵਾਦਾਂ 'ਚ ਫਸ ਗਈ ਹੈ। ਫਿਲਮ ਦੀ ਡਿਸਟਰੀਬਿਊਸ਼ਨ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹੁਣ ਅਦਾਲਤ 'ਚ ਪਹੁੰਚ ਗਿਆ ਹੈ। ਸੋਮਵਾਰ ਨੂੰ ਸਿਵਲ ਜੱਜ ਅੰਮ੍ਰਿਤ ਥਿੰਦ ਦੀ ਅਦਾਲਤ 'ਚ ਇਹ ਫੈਸਲਾ ਹੋਵੇਗਾ ਕਿ ਇਹ ਫਿਲਮ 21 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਜਾਂ ਨਹੀਂ।

ਇਸ ਤੋਂ ਇਲਾਵਾ ਪੰਜਾਬ ਦੀ ਇਕ ਹੋਰ ਡਿਸਟਰੀਬਿਊਸ਼ਨ ਕੰਪਨੀ 'ਓਮ ਜੀ' ਗੁਰੱਪ ਦੇ ਮੁਖੀ ਮੁਨੀਸ਼ ਸਾਹਨੀ ਨੇ ਇਸ ਫਿਲਮ ਦੀ ਰਿਲੀਜ਼ਿੰਗ ਨੂੰ ਚੁਣੌਤੀ ਦਿੰਦਿਆਂ ਅਦਾਲਤ ਨੂੰ ਦੱਸਿਆ ਹੈ ਕਿ ਇਸ ਫਿਲਮ ਦੀ ਡਿਸਟਰੀਬਿਊਸ਼ਨ ਸਾਡੀ ਕੰਪਨੀ ਨਾਲ ਤੈਅ ਹੋਈ ਸੀ। ਉਨ੍ਹਾਂ ਨੇ ਫਿਲਮ ਲਈ 75 ਲੱਖ ਰੁਪਏ ਐਡਵਾਂਸ ਰੂਪ 'ਚ ਫਿਲਮ ਦੇ ਨਿਰਮਾਤਾ ਨੂੰ ਵੀ ਦੇ ਦਿੱਤੇ ਸਨ। ਫਿਲਮ ਦੇ ਨਿਰਮਾਤਾ ਵਲੋਂ ਇਹ ਪੈਸਾ ਫਿਲਮ ਦੇ ਨਿਰਮਾਣ 'ਚ ਖਰਚਿਆ ਗਿਆ ਸੀ ਪਰ ਫਿਲਮ ਦੀ ਰਿਲੀਜ਼ਿੰਗ ਤੋਂ ਲਗਭਗ ਇਕ ਮਹੀਨਾ ਪਹਿਲਾਂ ਅਚਾਨਕ ਇਸ ਫਿਲਮ ਦੀ ਡਿਸਟਰੀਬਿਊਸ਼ਨ 'ਵ੍ਹਾਈਟ ਹਿੱਲ ਸਟੂਡੀਓ' ਨੂੰ ਦੇ ਦਿੱਤੀ ਗਈ। ਹੁਣ ਉਨ੍ਹਾਂ ਵੱਲੋਂ ਫਿਲਮ ਦੀ ਰੋਕ ਲਈ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਗਈ ਹੈ। ਇਸ ਮਾਮਲੇ 'ਚ ਹੁਣ ਅਦਾਲਤ ਨੇ ਫਿਲਮ ਦੇ ਨਿਰਮਾਤਾ ਅਤੇ ਡਿਸਟਰੀਬਿਊਸ਼ਨ ਕੰਪਨੀ ਨੂੰ ਨੋਟਿਸ ਭੇਜ ਕੇ 17 ਸਤੰਬਰ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਹੈ।

'ਸ਼੍ਰੀ ਨਿਰੋਤਮ ਜੀ ਪ੍ਰੋਡਕਸ਼ਨ' ਦੇ ਬੈਨਰ ਹੇਠ ਬਣੀ ਨਿਰਮਾਤਾ ਅੰਕਿਤ ਵਿਜ਼ਨ ਤੇ ਉਨ੍ਹਾਂ ਦੇ ਸਾਥੀਆਂ ਦੀ ਇਸ ਫਿਲਮ ਨੂੰ 'ਵ੍ਹਾਈਟ ਹਿੱਲ ਸਟੂਡੀਓ' ਵੱਲੋਂ ਵਰਲਡ ਵਾਈਡ ਰਿਲੀਜ਼ ਕੀਤਾ ਜਾ ਰਿਹਾ ਸੀ। ਇਸ ਫਿਲਮ ਦਾ ਨਿਰਦੇਸ਼ਨ ਜਗਦੀਪ ਸਿੱਧੂ ਕਰ ਰਹੇ ਹਨ। 'ਨਿੱਕਾ ਜ਼ੈਲਦਾਰ' ਅਤੇ 'ਹਰਜੀਤਾ' ਸਮੇਤ ਕਈ ਹਿੱਟ ਫਿਲਮਾਂ ਲਿਖ ਚੁੱਕੇ ਜਗਦੀਪ ਸਿੱਧੂ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫਿਲਮ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News