'ਛੜਾ' ਦੇ ਟਰੇਲਰ ਨੂੰ ਮਿਲਿਆ ਜ਼ਬਰਦਸਤ ਹੁੰਗਾਰਾ

6/13/2019 12:17:38 PM

ਜਲੰਧਰ(ਬਿਊਰੋ)— ਪੰਜਾਬੀ ਫਿਲਮਾਂ ਦੀ ਬਲਾਕਬਸਟਰ ਜੋੜੀ ਦਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਦੀ ਐਕਟਿੰਗ ਨਾਲ ਸਜੀ ਫਿਲਮ 'ਛੜਾ' ਦਾ ਟਰੇਲਰ ਜਦੋਂ ਤੋਂ ਰਿਲੀਜ਼ ਹੋਇਆ ਹੈ, 3 ਹਫਤਿਆਂ ਅੰਦਰ ਯੂ–ਟਿਊਬ 'ਤੇ 'ਛੜਾ' ਨੂੰ 9.6 ਮਿਲੀਅਨ ਤੋਂ ਵੱਧ ਵਿਊਜ਼ ਮਿਲੇ ਹਨ। ਹੁਣ ਤਕ ਕਿਸੇ ਵੀ ਪੰਜਾਬੀ ਫਿਲਮ ਨੂੰ ਇੰਨੇ ਜ਼ਿਆਦਾ ਵਿਊ ਨਹੀਂ ਮਿਲੇ ਸਨ। ਜਿਵੇਂ-ਜਿਵੇਂ ਗਰਮੀ ਵੱਧ ਰਹੀ ਹੈ, ਯੂ–ਟਿਊਬ 'ਤੇ 'ਛੜਾ' ਦੇ ਦਰਸ਼ਕ ਵੀ ਵਧ ਰਹੇ ਹਨ ਅਤੇ ਇਹ ਫਿਲਮ ਇਸੇ ਮਹੀਨੇ ਰਿਲੀਜ਼ ਹੋਣ ਤੋਂ ਬਾਅਦ ਦੁਨੀਆ ਵਿਚ ਧੂੰਮਾਂ ਪਾਉੁਣ ਲਈ ਤਿਆਰ ਹੈ। ਇਹ ਬਲਾਕਬਸਟਰ ਜੋੜੀ ਦੀ 5ਵੀਂ ਫਿਲਮ ਹੈ, ਜਿਸ ਨੇ ਬਾਕਸ ਆਫਿਸ 'ਤੇ ਹਰ ਵਾਰ ਨਵੇਂ ਰਿਕਾਰਡ ਸਥਾਪਤ ਕੀਤੇ ਹਨ। ਇਸ ਤੋਂ ਪਹਿਲਾਂ ਤੁਸੀਂ ਇਸ ਜੋੜੀ ਨੂੰ 'ਜਿਨ੍ਹੇ ਮੇਰਾ ਦਿਲ ਲੁਟਿਆ', 'ਜੱਟ ਐਂਡ ਜੂਲੀਅਟ-1 ਐਂਡ 2' ਅਤੇ 'ਸਰਦਾਰ ਜੀ' ਵਿਚ ਦੇਖ ਚੁੱਕੇ ਹੋ ਪਰ ਇਸ ਵਾਰ ਇਹ ਜੋੜੀ 4 ਸਾਲ ਦੇ ਅੰਤਰ ਤੋਂ ਬਾਅਦ ਇਕੱਠਿਆਂ ਆਈ ਹੈ ਅਤੇ ਪੰਜਾਬੀ ਦਰਸ਼ਕਾਂ ਨੂੰ ਇਸ ਫਿਲਮ ਦਾ ਕਿੰਨਾ ਇੰਤਜ਼ਾਰ ਹੈ, ਇਸ ਦਾ ਪਤਾ ਫਿਲਮ ਦੀ ਆਨਲਾਈਨ ਟਰੈਕਿੰਗ ਤੋਂ ਚੱਲ ਜਾਂਦਾ ਹੈ। 'ਛੜਾ' ਇਕ ਕਾਮੇਡੀ, ਰੋਮਾਂਸ ਨਾਲ ਭਰਪੂਰ ਫਿਲਮ ਹੈ, ਜਿਸ ਵਿਚ ਵਿਆਹ ਦੇ ਨਫੇ-ਨੁਕਸਾਨ ਬਾਰੇ ਦੱਸਿਆ ਗਿਆ ਹੈ ਕਿ ਕੀ ਵਿਅਕਤੀ ਨੂੰ ਵਿਆਹ ਕਰਾਉਣਾ ਚਾਹੀਦਾ ਹੈ ਜਾਂ ਸਾਰੀ ਉਮਰ ਕੁਆਰੇ ਰਹਿਣਾ ਚਾਹੀਦਾ ਹੈ ਜਿਵੇਂ ਕਿ ਫਿਲਮ ਦੇ ਟਰੇਲਰ ਵਿਚ ਦਿਖਾਇਆ ਜਾ ਰਿਹਾ ਹੈ।


ਪੰਜਾਬੀ ਵਿਚ 'ਛੜਾ' ਦਾ ਅਰਥ ਹੁੰਦਾ ਹੈ ਵਿਆਹ ਦੀ ਉਮਰ ਪਾਰ ਕਰ ਚੁੱਕਾ ਅਣ-ਵਿਆਹਿਆ ਵਿਅਕਤੀ। ਇਸ ਫਿਲਮ ਵਿਚ ਇਕ ਨਵਾਂ ਸ਼ਬਦ ਇਜਾਦ ਕੀਤਾ ਗਿਆ ਹੈ 'ਛੜੀ', ਜਿਸ ਦਾ ਮਤਲਬ ਹੈ ਕਿ ਅਣ-ਵਿਆਹੇ ਵਿਅਕਤੀ ਦੇ ਬਰਾਬਰ ਔਰਤ। ਇਸ ਫਿਲਮ ਵਿਚ ਦਲਜੀਤ ਦੋਸਾਂਝ ਨੇ ਇਕ ਅਜਿਹਾ ਰੋਲ ਕੀਤਾ ਹੈ, ਜੋ ਵਿਆਹ ਕਰਾਉਣਾ ਚਾਹੁੰਦਾ ਹੈ ਪਰ ਉਹ ਇੰਝ ਕਰਨ ਵਿਚ ਅਸਫਲ ਰਹਿੰਦਾ ਹੈ ਕਿਉਂਕਿ ਉਹ ਹਮੇਸ਼ਾ ਗਲਤ ਰਸਤੇ ਚੱਲਦਾ ਹੈ। ਇਧਰ ਨੀਰੂ ਬਾਜਵਾ ਇਕ ਅਜਿਹੀ ਔਰਤ ਦੀ ਭੂਮਿਕਾ ਵਿਚ ਹੈ, ਜਿਸ ਨੂੰ ਆਪਣੇ ਜੀਵਨ ਵਿਚ ਕਿਸੇ ਪਾਰਟਨਰ ਦੀ ਲੋੜ ਨਹੀਂ। ਇਹ ਕਾਮੇਡੀ, ਰੋਮਾਂਸ, ਬਲਾਕਬਸਟਰ ਲਈ ਸ਼ਾਨਦਾਰ ਫਾਰਮੂਲਾ ਹੈ। ਫਿਲਮ ਦੀ ਸਕ੍ਰਿਪਟ ਅਤੇ ਡਾਇਰੈਕਸ਼ਨ ਜਗਦੀਪ ਸਿੱਧੂ ਨੇ ਕੀਤੀ ਹੈ, ਜੋ ਬਲਾਕਬਸਟਰ ਫਿਲਮ 'ਕਿਸਮਤ' ਨੂੰ ਡਾਇਰੈਕਟ ਕਰ ਚੁੱਕੇ ਹਨ। ਫਿਲਮ ਦੀ ਪ੍ਰੋਡਕਸ਼ਨ 'ਏ ਐਂਡ ਏ ਐਡਵਰਟਾਈਜ਼ਰਸ' ਦੇ ਅਤੁਲ ਭੱਲਾ, ਅਮਿਤ ਭੱਲਾ ਤੇ ਬ੍ਰੈਟ ਫਿਲਮਸ ਦੇ ਅਨੁਰਾਗ ਸਿੰਘ, ਅਮਨ ਗਿੱਲ ਅਤੇ ਪਵਨ ਗਿੱਲ ਨੇ ਕੀਤੀ ਹੈ। ਫਿਲਮ 21 ਜੂਨ ਨੂੰ ਵਰਲਡਵਾਈਡ ਰਿਲੀਜ਼ ਹੋ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News