‘ਜ਼ੀਰੋ’ ਕੁਝ ਨਹੀਂ ਅਤੇ ਸਭ ਕੁਝ ਵੀ : ਸ਼ਾਹਰੁਖ ਖਾਨ

Wednesday, December 19, 2018 4:40 PM
‘ਜ਼ੀਰੋ’ ਕੁਝ ਨਹੀਂ ਅਤੇ ਸਭ ਕੁਝ ਵੀ : ਸ਼ਾਹਰੁਖ ਖਾਨ

ਸਿਤਾਰੋਂ ਕੇ ਖੁਆਬ ਦੇਖਨੇ ਵਾਲੋ ਹਮਨੇ ਤੋਂ ਚਾਂਦ ਕੋ ਕਰੀਬ ਸੇ ਦੇਖਾ ਹੈ...ਫਿਲਮ ਜ਼ੀਰੋ ’ਚ ਸ਼ਾਹਰੁਖ ਖਾਨ ਜਦੋਂ ਕੈਟਰੀਨਾ ਦੀਆਂ ਅੱਖਾਂ ’ਚ ਡੁੱਬ ਕੇ ਇਹ ਗੱਲ ਕਹਿੰਦੇ ਹਨ ਤਾਂ ਫੈਨਜ਼ ਉਂਝ ਹੀ ਉਨ੍ਹਾਂ ਦੇ ਖੁਆਬਾਂ ’ਚ ਖੋ ਜਾਂਦੇ ਹਨ। ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦੀ ਫਿਲਮ ਜਗਤ ’ਚ ਅਜਿਹੀ ਦੀਵਾਨਗੀ ਹੈ ਕਿ ਦਰਸ਼ਕ ਉਨ੍ਹਾਂ ਦੀਆਂ ਫਿਲਮਾਂ ਦੀ ਦਿਲੋਂ ਉਡੀਕ ਕਰਦੇ ਹਨ। 26 ਸਾਲ ਦੇ ਬਾਲੀਵੁੱਡ ਕਰੀਅਰ ’ਚ ਸ਼ਾਹਰੁਖ ਨੇ ਦਰਜਨਾਂ ਅਜਿਹੀਆਂ ਫਿਲਮਾਂ ਦਿੱਤੀਆਂ ਹਨ, ਜੋ ਅੱਜ ਵੀ ਯਾਦ ਕੀਤੀਆਂ ਜਾਂਦੀਆਂ ਹਨ। 21 ਦਸੰਬਰ ਨੂੰ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਹੈਵੀ ਵੀ.ਐੱਫ.ਐਕਸ ਅਤੇ ਪ੍ਰਾਸਥੇਟਿਕਸ ਯੂਜ਼ ਵਾਲੀ ਫਿਲਮ ‘ਜ਼ੀਰੋ’ ਰਿਲੀਜ਼ ਹੋ ਰਹੀ ਹੈ। ਆਨੰਦ ਐੱਲ. ਰਾਏ ਦੀ ਇਸ ਫਿਲਮ ’ਚ ਸ਼ਾਹਰੁਖ ਅਤੇ ਕੈਟਰੀਨਾ ਕੈਫ ਨਾਲ ਅਨੁਸ਼ਕਾ ਸ਼ਰਮਾ ਵੀ ਹੈ। ਇਸ ਫਿਲਮ ’ਚ ਸ਼ਾਹਰੁਖ ਬਊਆ ਸਿੰਘ ਨਾਂ ਦੇ ਬੌਣੇ ਵਿਅਕਤੀ ਦਾ ਰੋਲ ਨਿਭਾ ਰਹੇ ਹਨ ਜੋ ਯੂ. ਪੀ. ਦੇ ਮੇਰਠ ਤੋਂ ਹੈ। ਆਪਣੀ ਇਸ ਮੋਸਟ ਅਵੇਟਿਡ ਫਿਲਮ ਦੀ ਪ੍ਰਮੋਸ਼ਨ ’ਚ ਜੁਟੇ ਸ਼ਾਹਰੁਖ ਖਾਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

ਇਸ ਕਹਾਣੀ ’ਚ ਇਕ ਵੱਖਰੀ ਫੀਲਿੰਗ ਹੈ।
ਇਸ ਫਿਲਮ ਲਈ ਜਦ ਆਨੰਦ ਐੱਲ. ਰਾਏ ਮੇਰੇ ਕੋਲ ਆਏ ਤਾਂ ਉਨ੍ਹਾਂ ਨੇ ਜਿਹੜੀ ਪਹਿਲੀ ਗੱਲ ਕਹੀ, ਉਹ ਇਹ ਕਿ ਲੋਕ ਸ਼ਾਹਰੁਖ ਖਾਨ ਦੇ ਜਿਸ ਸਟਾਰਡਮ ਨੂੰ ਜਾਣਦੇ ਹਨ, ਉਹ ਮੈਂ ਤੁਹਾਡੇ ਤੋਂ ਇਸ ਫਿਲਮ ’ਚ ਖੋਹ ਲਵਾਂਗਾ। ਇਸ ਫਿਲਮ ’ਚ ਸਿਰਫ ਦਿਲ ਸ਼ਾਹਰੁਖ ਖਾਨ ਦਾ ਹੋਵੇਗਾ। ਜਦ ਮੈਂ ਉਨ੍ਹਾਂ ਨੂੰ ਕਹਾਣੀ ਸੁਣਾਉਣ ਲਈ ਕਿਹਾ ਤਾਂ ਮੈਨੂੰ ਲੱਗਾ ਕਿ ਉਹ ਮੇਰਾ ਲੁਕ ਬਦਲਣ ਲਈ ਕਹਿਣਗੇ ਪਰ ਉਨ੍ਹਾਂ ਨੇ ਮੈਨੂੰ ਇਕ ਵੱਖਰੀ ਹੀ ਕਹਾਣੀ ਸੁਣਾਈ, ਜੋ ਬਊਆ ਦੀ ਸੀ। ਜੋ ਸੁਣਨ ’ਚ ਕਾਫੀ ਮਜ਼ੇਦਾਰ ਲੱਗੀ। ਇਹ ਕਹਾਣੀ ਇਸ ਲਈ ਨਹੀਂ ਚੁਣੀ ਕਿ ਇਹ ਇਕ ਬੌਣੇ ਵਿਅਕਤੀ ਦੀ ਕਹਾਣੀ ਹੈ, ਸਗੋਂ ਇਸ ਲਈ ਚੁਣੀ ਕਿਉਂਕਿ ਇਸ ’ਚ ਇਕ ਫੀਲਿੰਗ ਦੀ ਗੱਲ ਕੀਤੀ ਜਾ ਰਹੀ ਹੈ ਜੋ ਸਾਡੇ ਸਾਰਿਆਂ ਦੇ ਅੰਦਰ ਹੁੰਦੀ ਹੈ। ਇਸ ਫਿਲਮ ਦਾ ਆਈਡੀਆ ਇਹੀ ਹੈ ਕਿ ਸਾਡੀ ਜ਼ਿੰਦਗੀ ’ਚ ਜਿਹੜੀਆਂ ਪ੍ਰੇਸ਼ਾਨੀਆਂ ਆਉਂਦੀਆਂ ਹਨ, ਉਨ੍ਹਾਂ ਨਾਲ ਲੜਨਾ ਹੀ ਸਾਨੂੰ ਹੀਰੋ ਬਣਾਉਂਦਾ ਹੈ।

ਇਕ ਨਜ਼ਰੀਆ ਹੈ ‘ਜ਼ੀਰੋ’
‘ਜ਼ੀਰੋ’ ਫਿਲਮ ਇਕ ਨਜ਼ਰੀਆ ਹੈ। ਅਕਸਰ ਕਿਹਾ ਜਾਂਦਾ ਹੈ ਕਿ ‘ਜ਼ੀਰੋ’ ਕੁਝ ਨਹੀਂ ਹੁੰਦਾ ਪਰ ਸਾਡੇ ਅਨੁਸਾਰ ਜ਼ੀਰੋ ਸਭ ਕੁਝ ਹੁੰਦਾ ਹੈ। ਬਸ ਇਕ ਫਰਕ ਹੁੰਦਾ ਹੈ ਸਾਡੇ ਨਜ਼ਰੀਏ ਦਾ। ਜੇ ਅਸੀਂ ਜ਼ਿੰਦਗੀ ’ਚ ਜ਼ੀਰੋ ਹੁੰਦੇ ਹਾਂ ਤਾਂ ਇਹ ਸਾਡੇ ਉੱਪਰ ਨਿਰਭਰ ਕਰਦਾ ਹੈ ਕਿ ਅਸੀਂ ਉਸ ਨੂੰ ਜ਼ਿੰਦਗੀ ਦਾ ਅੰਤ ਸਮਝਦੇ ਹਾਂ ਜਾਂ ਫਿਰ ਇਕ ਨਵੀਂ ਸ਼ੁਰੂਆਤ।

ਜ਼ਿੰਦਗੀ ਦਾ ਨਾਂ ਜ਼ਿੰਦਾਦਿਲੀ
ਅਸੀਂ ਇਸ ਫਿਲਮ ’ਚ ਡਿਸਐਬਿਲਟੀ ਤਾਂ ਦਿਖਾਈ ਹੈ ਪਰ ਦਰਸ਼ਕਾਂ ਨੂੰ ਇਕ ਵੀ ਮੌਕਾ ਨਹੀਂ ਦਿੱਤਾ ਹੈ ਕਿ ਉਹ ਫਿਲਮ ਦੇ ਕਿਸੇ ਵੀ ਕਰੈਕਟਰ ’ਤੇ ਤਰਸ ਖਾ ਸਕਣ। ਇਥੇ ਇਸ ਫਿਲਮ ਦੀ ਖਾਸੀਅਤ ਹੈ, ਜੋ ਸਾਨੂੰ ਸਿਖਾਉਂਦੀ ਹੈ ਕਿ ਸਾਨੂੰ ਉਨ੍ਹਾਂ ਚੀਜ਼ਾਂ ਦੇ ਲਈ ਅਫਸੋਸ ਨਹੀਂ ਕਰਨਾ ਚਾਹੀਦਾ, ਜੋ ਸਾਡੇ ਕੋਲ ਨਹੀਂ ਹਨ ਸਗੋਂ ਵਕਤ ਜ਼ਾਇਆ ਨਾ ਕਰਦੇ ਹੋਏ ਜ਼ਿੰਦਗੀ ਨੂੰ ਪੂਰੀ ਜ਼ਿੰਦਾਦਿਲੀ ਨਾਲ ਸੈਲੀਬ੍ਰੇਟ ਕਰਨਾ ਚਾਹੀਦਾ ਹੈ।

ਬਊਆ ਦਾ ਵੱਖਰਾ ਅਤੇ ਫਰੈੱਸ਼ ਕਿਰਦਾਰ
ਇਕ ਸਾਲ ਪਹਿਲਾਂ ਅਸੀਂ ਫਿਲਮ ਦਾ ਪਹਿਲਾ ਲੁਕ ਜਾਰੀ ਕੀਤਾ। ਉਸ ਲੁਕ ਨੂੰ ਜਿਸ ਤਰ੍ਹਾਂ ਲੋਕਾਂ ਦਾ ਪਿਆਰ ਮਿਲਿਆ ਅਤੇ ਫਿਰ ਟ੍ਰੇਲਰ ਨੂੰ ਲੈ ਕੇ ਲੋਕਾਂ ’ਚ ਉਤਸ਼ਾਹ ਨਜ਼ਰ ਆਇਆ, ਉਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਲੋਕ ਬਊਆ ਦੇ ਵੱਖਰੇ ਅਤੇ ਫਰੈੱਸ਼ ਕਿਰਦਾਰ ਨੂੰ ਪਸੰਦ ਕਰ ਰਹੇ ਹਨ।

ਅਨੁਸ਼ਕਾ ਹੈ ਫਿਲਮ ਦੀ ਜਾਨ
ਜਦ ਕੈਟਰੀਨਾ ਦੀ ਗੱਲ ਕਰਦੇ ਹਾਂ ਤਾਂ ਦਿਮਾਗ ’ਚ ਪਹਿਲੀ ਗੱਲ ਜੋ ਆਉਂਦੀ ਹੈ, ਉਹ ਹੈ ਕੈਟਰੀਨਾ ਕਾਫੀ ਖੂਬਸੂਰਤ ਲੱਗੇਗੀ। ਇਸ ਫਿਲਮ ’ਚ ਆਨੰਦ ਨੇ ਕੈਟਰੀਨਾ ਨੂੰ ਬਹੁਤ ਹੀ ਵੱਖਰਾ ਕਿਰਦਾਰ ਦਿੱਤਾ, ਜਿਸ ਨੂੰ ਲੋਕ ਪਸੰਦ ਕਰਨਗੇ। ਜੇ ਅਨੁਸ਼ਕਾ ਦੀ ਗੱਲ ਕਰਾਂ ਤਾਂ ਉਹ ਇਸ ਫਿਲਮ ਦਾ ਬੈਸਟ ਕਰੈਕਟਰ ਹੈ। ਉਨ੍ਹਾਂ ਨੂੰ ਇਸ ਫਿਲਮ ਦੀ ਜਾਨ ਕਿਹਾ ਜਾ ਸਕਦਾ ਹੈ। ਆਫੀਆ (ਅਨੁਸ਼ਕਾ ਸ਼ਰਮਾ) ਬੈਲੈਂਸ ਆਫ ਲਾਈਫ ਹੈ ਜਿਸ ਨੂੰ ਪਤਾ ਹੈ ਕਿ ਉਸ ਦੀ ਜ਼ਿੰਦਗੀ ’ਚ ਕਮੀ ਹੈ ਪਰ ਉਹ ਹਰ ਚੀਜ਼ ਨੂੰ ਸਵੀਕਾਰ ਕਰਦੀ ਹੈ, ਉਸ ਦਾ ਅਫਸੋਸ ਨਹੀਂ ਕਰਦੀ ਅਤੇ ਖੁੱਲ੍ਹ ਕੇ ਆਪਣੀ ਜ਼ਿੰਦਗੀ ਜਿਊਂਦੀ ਹੈ।

ਟ੍ਰੇਲਰ ਨਾਲੋਂ ਜ਼ਿਆਦਾ ਹੈ ਸਟੋਰੀ
ਫਿਲਮ ਦੀ ਜਿਹੜੀ ਸਟੋਰੀ ਟ੍ਰੇਲਰ ’ਚ ਨਜ਼ਰ ਆ ਰਹੀ ਹੈ, ਉਸ ਨਾਲੋਂ ਕਿਤੇ ਜ਼ਿਆਦਾ ਹੈ। ਕਹਾਣੀ ਭਰਪੂਰ ਹੈ ਪਰ ਥੋੜ੍ਹ ਵੱਖਰੀ ਵੀ ਹੈ। ਇਹ ਪਹਿਲੀ ਫਿਲਮ ਹੈ, ਜਿਸ ’ਚ ਤਿੰਨੋਂ ਕਰੈਕਟਰ ਸਪੈਸ਼ਲ ਹਨ ਪਰ ਫਿਰ ਵੀ ਤੁਹਾਨੂੰ ਇਨ੍ਹਾਂ ’ਚ ਕੋਈ ਉਦਾਸੀ ਦੇਖਣ ਨੂੰ ਨਹੀਂ ਮਿਲੇਗੀ। ਫਿਲਮ ’ਚ ਪਹਿਲਾਂ ਅਸੀਂ ਯੂ.ਪੀ. ਖਾਸ ਤੌਰ ’ਤੇ ਪੱਛਮੀ ਯੂ. ਪੀ. ਦੀ ਭਾਸ਼ਾ ਦੀ ਜ਼ਿਆਦਾ ਵਰਤੋਂ ਕੀਤੀ ਸੀ ਪਰ ਫਿਰ ਸਾਨੂੰ ਲੱਗਾ ਸ਼ਾਇਦ ਅਜਿਹਾ ਕਰਨ ਨਾਲ ਫਿਲਮ ਬੱਝ ਜਾਵੇਗੀ। ਇਸ ਲਈ ਅਸੀਂ ਇਸ ’ਚ ਤਬਦੀਲੀ ਕੀਤੀ ਅਤੇ ਅਸੀਂ ਸਿਰਫ ਉਸ ਅੰਦਾਜ਼ ਨੂੰ ਅਪਣਾਇਆ।

ਆਸਾਨ ਰੋਲ ਲੱਗਦੇ ਹਨ ਸਭ ਤੋਂ ਮੁਸ਼ਕਲ
ਲੋਕਾਂ ਨੂੰ ਸੁਣਨ ’ਚ ਸ਼ਾਇਦ ਅਜੀਬ ਲੱਗੇ ਪਰ ਮੇਰੇ ਲਈ ਸਿੰਪਲ ਰੋਲ ਕਰਨਾ ਸਭ ਤੋਂ ਮੁਸ਼ਕਲ ਹੁੰਦਾ ਹੈ। ਮੈਂ ਆਪਣੀਆਂ ਫਿਲਮਾਂ ਦੀ ਗੱਲ ਕਰਾਂ ਤਾਂ ਸਵਦੇਸ਼, ਜਬ ਹੈਰੀ ਮੇਟ ਸੇਜਲ ’ਚ ਮੇਰਾ ਕਿਰਦਾਰ ਮੇਰੇ ਲਈ ਕਾਫੀ ਮੁਸ਼ਕਲ ਸੀ, ਕਿਉਂਕਿ ਮੈਂ ਉਸ ’ਚ ਕੋਈ ਵੀ ਅਜਿਹੀ ਚੀਜ਼ ਖੁਦ ਨਾਲ ਨਹੀਂ ਜੋੜ ਸਕਦਾ, ਜੋ ਕਮਰਸ਼ੀਅਲ ਪੈਰਾਮੀਟਰ ’ਤੇ ਫਿਲਮ ਨੂੰ ਅੱਗੇ ਲਿਜਾਂਦੀ ਹੋਵੇ। ਸਾਡੀ ਆਡੀਅਨਸ ਅਕਸਰ ਫਿਲਮ ਦੇ ਹੀਰੋ ਨੂੰ ਹੀਰੋ ਵਰਗੀਆਂ ਚੀਜ਼ਾਂ ਕਰਦੇ ਹੋਏ ਪਸੰਦ ਕਰਦੀ ਹੈ। ਇਸ ਲਈ ਜਦ ਅਸੀਂ ਸਿੰਪਲ ਰੋਲ ਕਰਦੇ ਹਾਂ ਤਾਂ ਲੋਕਾਂ ਨੂੰ ਇਸ ਨਾਲ ਜੋੜਨਾ ਕਾਫੀ ਮੁਸ਼ਕਲ ਹੁੰਦਾ ਹੈ। ਇਸ ਫਿਲਮ ਨੂੰ ਲੋਕ ਆਨੰਦ ਐੱਲ. ਰਾਏ ਅਤੇ ਰਾਈਟਰ ਹਿਮਾਂਸ਼ੂ ਦੇ ਲਈ ਦੇਖਣ, ਕਿਉਂਕਿ ਇਨ੍ਹਾਂ ਦੋਵਾਂ ਦੇ ਕੰਮ ਨੇ ਫਿਲਮ ’ਚ ਆਪਣੀ ਮੌਜ ਦਿੱਤੀ ਹੈ, ਜਿਸ ਨੂੰ ਲੋਕ ਇੰਜੁਆਏ ਕਰਨਗੇ।

ਸ਼ਾਹਰੁਖ ਪਾਕੇਟ ਅਡੀਸ਼ਨ ਹੈ ‘ਜ਼ੀਰੋ’
ਆਨੰਦ ਐੱਲ. ਰਾਏ ਨੇ ਮੈਨੂੰ ਕਿਹਾ ਜੋ ਲੋਕਾਂ ਨੂੰ ਬਹੁਤ ਪਸੰਦ ਹੋਵੇ ਉਸ ਦਾ ਇਕ ਪਾਕੇਟ ਅਡੀਸ਼ਨ ਹੋਣਾ ਚਾਹੀਦਾ ਹੈ ਮਤਲਬ ਕਿ ਇਕ ਛੋਟਾ ਜਿਹਾ ਸ਼ਾਹਰੁਖ ਖਾਨ ਵੀ ਹੋਣਾ ਚਾਹੀਦਾ, ਜਿਸ ਨੂੰ ਲੋਕ ਪਾਕੇਟ ’ਚ ਰੱਖ ਕੇ ਘਰ ਲਿਜਾ ਸਕਣ ਅਤੇ ਦਿਲ ’ਚ ਰੱਖ ਸਕਣ। ਇਸ ਫਿਲਮ ’ਚ ਮੇਰਾ ਹੇਅਰ ਸਟਾਈਲ ਮੇਰੇ ਛੋਟੇ ਬੇਟੇ ਦੇ ਹੇਅਰ ਸਟਾਈਲ ਵਰਗਾ ਹੈ। ਅਬਰਾਮ ਨੇ ਮੈਨੂੰ ਕਿਹਾ ਕਿ ਪਾਪਾ ਕੀ ਤੁਸੀਂ ਇਸ ’ਚ ਮੇਰਾ ਰੋਲ ਪਲੇਅ ਕਰ ਰਹੇ ਹੋ?
 


Edited By

Sunita

Sunita is news editor at Jagbani

Read More