'ਗ੍ਰੈਮੀ ਐਵਾਰਡ 'ਚ ਸਨਾਤਮ ਕੌਰ ਦੇ ਸ਼ਬਦ ਕੀਰਤਨ ਨੇ ਕੀਤਾ ਮੰਤਰ ਮੁਗਧ

Monday, February 11, 2019 11:52 AM
'ਗ੍ਰੈਮੀ ਐਵਾਰਡ 'ਚ ਸਨਾਤਮ ਕੌਰ ਦੇ ਸ਼ਬਦ ਕੀਰਤਨ ਨੇ ਕੀਤਾ ਮੰਤਰ ਮੁਗਧ

ਲਾਂਸ ਏਜਲਸ (ਬਿਊਰੋ) — 10 ਫਰਵਰੀ ਨੂੰ ਦੁਨੀਆ ਭਰ 'ਚ ਸਭ ਤੋਂ ਵੱਡੇ ਮਿਊਜ਼ੀਕਲ ਐਵਾਰਡ ਸਮਾਰੋਹ 'ਗ੍ਰੈਮੀ ਐਵਾਰਡ 2019' ਆਯੋਜਨ ਲਾਸ ਏਂਜਲਸ ਦੇ ਸਟੇਪਲਜ਼ ਸੈਂਟਰ 'ਚ ਕੀਤਾ ਗਿਆ, ਜਿਥੇ ਕਈ ਮਸ਼ਹੂਰ ਹਸਤੀਆਂ ਨੇ ਲਾਈਵ ਪਰਫਾਰਮੈਂਸ ਦਿੱਤੀ। ਉਥੇ ਹੀ ਸਨਾਤਮ ਕੌਰ ਨੇ ਪੇਸ਼ਕਾਰੀ ਦੇ ਕੇ ਹਾਜ਼ਰ ਲੋਕਾਂ ਦਾ ਦਿਲ ਜਿੱਤ ਲਿਆ। ਦੱਸ ਦੇਈਏ ਕਿ ਆਪਣੇ ਖਿੱਤੇ ਦੀ ਸਭ ਤੋਂ ਸ਼ਾਨਦਾਰ ਪੇਸ਼ਕਾਰੀ ਨਾਲ ਸਨਾਤਮ ਕੌਰ ਨੇ 'ਗ੍ਰੈਮੀ ਐਵਾਰਡ 2019' ਦੇ ਮੰਚ 'ਤੇ ਖੂਬ ਚਰਚਾ ਖੱਟੀ।

ਸਨਾਤਮ ਕੌਰ ਨੇ ਇਸ ਐਵਾਰਡ ਸ਼ੋਅ 'ਚ 'ਦਰਸ਼ਨ ਮਾਂਗੋ' ਸ਼ਬਦ ਨਾਲ ਪੇਸ਼ਕਾਰੀ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਉਸਤਤ ਕਰਦੀ ਸਨਾਤਮ ਕੌਰ ਦੀ ਇਹ ਐਲਬਮ ਕਾਫੀ ਚਰਚਾ 'ਚ ਹੈ। ਇਸ ਤੋਂ ਇਲਾਵਾ ਸਨਾਤਮ ਕੌਰ ਦੀ ਇਹ ਐਲਬਮ 'ਗ੍ਰੈਮੀ ਐਵਾਰਡ ਸ਼ੋਅ' 'ਚ ਨਿਊ ਏਜ ਕੈਟਾਗਰੀ 'ਚ ਬੈਸਟ ਐਲਬਮ ਵਜੋਂ ਵੀ ਸ਼ਾਮਲ ਕੀਤੀ ਗਈ। ਸਨਾਤਮ ਕੌਰ ਦੀ ਐਲਬਮ 'ਬੀਲਵਡ' ਗੁਰਬਾਣੀ ਤੇ ਅਧਿਆਤਮ ਨੂੰ ਸਮਰਪਿਤ ਸਿੱਖ ਪ੍ਰੰਪਰਾ ਦਾ ਗੁਣਗਾਨ ਕਰਦੀ ਹੈ।

ਦੱਸਣਯੋਗ ਹੈ ਕਿ ਇਹ ਵਿਰਾਸਤ ਸਨਾਤਮ ਕੌਰ ਨੂੰ ਆਪਣੇ ਪਰਿਵਾਰ 'ਚੋਂ ਹੀ ਮਿਲੀ ਹੈ। ਸਨਾਤਮ ਕੌਰ ਦੇ ਮਾਤਾ-ਪਿਤਾ ਨੇ ਬਹੁਤ ਪਹਿਲਾਂ ਹੀ ਸਿੱਖੀ ਨੂੰ ਧਾਰਨ ਕਰ ਲਿਆ ਸੀ। ਉਂਝ ਸਨਾਤਮ ਕੌਰ ਦਾ ਪਾਲਣ ਪੋਸ਼ਨ ਬਚਪਨ ਤੋਂ ਹੀ ਸਿੱਖ ਸੱਭਿਆਚਾਰ 'ਚ ਹੋਇਆ ਹੈ। ਸਨਾਤਮ ਕੌਰ ਵਲੋਂ ਗਾਇਨ ਕੀਤੇ ਇਨ੍ਹਾਂ ਸ਼ਬਦਾਂ ਦੀ ਬਹੁਤੀ ਚਰਚਾ 'ਯੋਗਾ' ਤੇ 'ਧਿਆਨ ਦੀਆਂ ਸੱਥਾਂ' 'ਚ ਵੀ ਰਹਿੰਦੀ ਹੈ। ਸਨਾਤਮ ਕੌਰ ਨੇ ਹੁਣ ਤਕ 15 ਐਲਬਮਾਂ ਕੀਤੀਆਂ ਹਨ ਤੇ 'ਗ੍ਰੈਮੀ' ਦਾ ਸਫਰ ਉਨ੍ਹਾਂ ਨੇ ਸਾਲ 2004 ਤੋਂ ਸ਼ੁਰੂ ਕੀਤਾ ਸੀ। ਸਨਾਤਮ ਕੌਰ ਦਾ ਕਹਿਣਾ ਹੈ, 'ਇਹ ਬਹੁਤ ਪਿਆਰਾ ਅਹਿਸਾਸ ਹੈ, ਜੋ ਕਿ ਤੁਹਾਨੂੰ ਸੰਗੀਤ ਜ਼ਰੀਏ ਆਪਣੇ ਧਰਮ ਦੇ ਸੰਦੇਸ਼ ਦੁਨੀਆ ਤਕ ਪਹੁੰਚਾਉਣ ਦਾ ਮੌਕਾ ਮਿਲਦਾ ਹੈ।'


Edited By

Sunita

Sunita is news editor at Jagbani

Read More