ਪੰਜਾਬੀ ਸਿਨੇਮਾ ’ਚ ਨਵਾਂ ਟਰੈਂਡ ਸੈੱਟ ਕਰੇਗੀ ‘ਸੰਨ ਆਫ ਮਨਜੀਤ ਸਿੰਘ’

Tuesday, October 9, 2018 9:58 AM
ਪੰਜਾਬੀ ਸਿਨੇਮਾ ’ਚ ਨਵਾਂ ਟਰੈਂਡ ਸੈੱਟ ਕਰੇਗੀ ‘ਸੰਨ ਆਫ ਮਨਜੀਤ ਸਿੰਘ’

ਜਲੰਧਰ (ਚੰਦਾ)– 12 ਅਕਤੂਬਰ ਨੂੰ ਪੰਜਾਬੀ ਫਿਲਮ ‘ਸੰਨ ਆਫ ਮਨਜੀਤ ਸਿੰਘ’ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ’ਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਹਾਰਬੀ ਸੰਘਾ, ਮਲਕੀਤ ਰੌਣੀ, ਦਮਨਪ੍ਰੀਤ ਸਿੰਘ, ਦੀਪ ਮਨਦੀਪ, ਜਪਜੀ ਖਹਿਰਾ ਤੇ ਤਾਨੀਆ ਅਹਿਮ ਭੂਮਿਕਾ ’ਚ ਹਨ। ਫਿਲਮ ਨੂੰ ਵਿਕਰਮ ਗਰੋਵਰ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੇ ਪ੍ਰੋਡਿਊਸਰ ਸੁਮੀਤ ਸਿੰਘ ਤੇ ਕਪਿਲ ਸ਼ਰਮਾ ਹਨ। ਫਿਲਮ ਦੀ ਪ੍ਰਮੋਸ਼ਨ ਲਈ ਕਪਿਲ ਸ਼ਰਮਾ, ਗੁਰਪ੍ਰੀਤ ਘੁੱਗੀ ਤੇ ਜਪਜੀ ਖਹਿਰਾ ‘ਜਗ ਬਾਣੀ’ ਦੇ ਦਫਤਰ ਪਹੁੰਚੇ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—

ਸਟ੍ਰਿਕਟ ਪੁਲਸ ਵਾਲੇ ਪਿਤਾ ਨਾਲ ਸ਼ਰਾਰਤੀ ਕਪਿਲ ਦਾ ਕਿਹੋ ਜਿਹਾ ਰਿਸ਼ਤਾ ਸੀ?
ਕਪਿਲ ਸ਼ਰਮਾ : ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦਾ ਹਾਂ ਕਿਉਂਕਿ ਉਹ ਇਸ ਦੁਨੀਆ ’ਚ ਨਹੀਂ ਹਨ। ਮੇਰੇ ਪਿਤਾ ਨੇ ਹਮੇਸ਼ਾ ਮੈਨੂੰ ਸੁਪੋਰਟ ਕੀਤੀ। ਜੋ ਮੈਂ ਬਣਨਾ ਚਾਹੁੰਦਾ ਸੀ, ਉਸ ’ਚ ਮੇਰੇ ਪਿਤਾ ਨੇ ਕਦੇ ਦਖਲ–ਅੰਦਾਜ਼ੀ ਨਹੀਂ ਕੀਤੀ। ਅੱਜ ਉਨ੍ਹਾਂ ਦੇ ਸਦਕਾ ਮੈਂ ਇਸ ਮੁਕਾਮ ’ਤੇ ਹਾਂ ਤੇ ਲੋਕਾਂ ਕੋਲੋਂ ਮੈਨੂੰ ਬਹੁਤ ਪਿਆਰ ਮਿਲ ਰਿਹਾ ਹੈ। ਮੇਰਾ ਸਬੰਧ ਮੇਰੇ ਪਿਤਾ ਨਾਲ ਦੋਸਤਾਂ ਵਰਗਾ ਸੀ।

ਗੁਰਪ੍ਰੀਤ ਘੁੱਗੀ ਦਾ ਆਪਣੇ ਪਿਤਾ ਨਾਲ ਕਿਹੋ ਜਿਹਾ ਸੀ ਸਬੰਧ?
ਗੁਰਪ੍ਰੀਤ ਘੁੱਗੀ : ਮਾਤਾ-ਪਿਤਾ ਨਾਰੀਅਲ ਵਾਂਗ ਹੁੰਦੇ ਹਨ। ਭਾਵ ਉਪਰੋਂ ਸਖਤ ਤੇ ਅੰਦਰੋਂ ਮਿੱਠਾ ਪਾਣੀ। ਮੇਰੇ ਮਾਤਾ-ਪਿਤਾ ਨੇ ਹਮੇਸ਼ਾ ਮੈਨੂੰ ਗਾਈਡ ਕੀਤਾ ਹੈ। ਪਰਵਰਿਸ਼ ਬਹੁਤ ਵੱਡੀ ਗੱਲ ਹੁੰਦੀ ਹੈ ਜੇਕਰ ਇਹ ਚੰਗੀ ਹੋਵੇ ਤਾਂ ਬੱਚਾ ਸਫਲ ਹੁੰਦਾ ਹੈ। ਇਹ ਸਭ ਕੁਝ ਮਾਤਾ-ਪਿਤਾ ਦੇ ਹੱਥ ’ਚ ਹੁੰਦਾ ਹੈ। ਮੇਰੇ ਮਾਤਾ-ਪਿਤਾ ਸਭ ਤੋਂ ਪਹਿਲਾਂ ਮੇਰੇ ਦੋਸਤ ਹਨ।

ਸੁਪਨੇ ਪੂਰੇ ਕਰਨ ’ਚ ਤੁਹਾਡੇ ਮਾਤਾ-ਪਿਤਾ ਦਾ ਕਿੰਨਾ ਯੋਗਦਾਨ ਰਿਹਾ ਹੈ?
ਜਪਜੀ ਖਹਿਰਾ : ਮੇਰੇ ਮਾਤਾ-ਪਿਤਾ ਹਮੇਸ਼ਾ ਮੇਰੀ ਸੁਪੋਰਟ ’ਚ ਰਹੇ ਹਨ। ਉਨ੍ਹਾਂ ਨੇ ਦੁਨੀਆ ਦੀਆਂ ਗੱਲਾਂ ਨੂੰ ਨਜ਼ਰ–ਅੰਦਾਜ਼ ਕਰਦੇ ਹੋਏ ਮੇਰੇ ਸੁਪਨਿਆਂ ਨੂੰ ਤਵੱਜੋ ਦਿੱਤੀ। ਜੇਕਰ ਮੈਂ ਮਿਸ ਵਰਲਡ ਪੰਜਾਬਣ ਜਿੱਤੀ ਹਾਂ ਤਾਂ ਇਹ ਉਨ੍ਹਾਂ ਦਾ ਹੀ ਯੋਗਦਾਨ ਹੈ।

ਫਿਲਮ ਦਾ ਕੰਸੈਪਟ ਕਿਸ ਦਾ ਸੀ ਤੇ 2 ਸਾਲ ਕਿਉਂ ਲੱਗੇ ਫਿਲਮ ਬਣਾਉਣ ’ਚ?
ਗੁਰਪ੍ਰੀਤ ਘੁੱਗੀ : ਫਿਲਮ ਦਾ ਕੰਸੈਪਟ ਨਿਰਦੇਸ਼ਕ ਵਿਕਰਮ ਗਰੋਵਰ ਤੇ ਮੈਂ ਸੋਚਿਆ ਸੀ। ਇਸ ਕੰਸੈਪਟ ਨਾਲ ਜੁੜੀਆਂ ਕਈ ਫਿਲਮਾਂ ਬਣ ਚੁੱਕੀਆਂ ਸਨ ਪਰ ਪੰਜਾਬੀ ਫਿਲਮ ਇੰਡਸਟਰੀ ’ਚ ਅਜਿਹੀ ਫਿਲਮ ਕਦੇ ਨਹੀਂ ਬਣੀ। ਫਿਰ ਇਸ ਤੋਂ ਬਾਅਦ ਫਿਲਮ ਦੀ ਰਿਲੀਜ਼ਿੰਗ ਲਈ ਸਾਡੇ ਕੋਲ ਬਜਟ ਨਹੀਂ ਸੀ, ਜਿਸ ਕਾਰਨ ਅਸੀਂ ਕਪਿਲ ਸ਼ਰਮਾ ਨਾਲ ਗੱਲ ਕੀਤੀ ਤੇ ਉਹ ਮੰਨ ਗਏ।

ਫਿਲਮ ’ਚ ਤੁਹਾਡਾ ਕਿਹੋ-ਜਿਹਾ ਕਿਰਦਾਰ ਹੈ?
ਜਪਜੀ ਖਹਿਰਾ : ਮੈਂ ਵੱਖਰੇ-ਵੱਖਰੇ ਕਿਰਦਾਰ ਨਿਭਾਉਣਾ ਚਾਹੁੰਦੀ ਸੀ। ਮੈਂ ਇਸ ਫਿਲਮ ’ਚ ਡਾਂਸਰ ਦਾ ਕਿਰਦਾਰ ਨਿਭਾਅ ਰਹੀ ਹਾਂ, ਜੋ ਮੇਰੇ ਬਾਕੀ ਕਿਰਦਾਰਾਂ ਨਾਲੋਂ ਵੱਖਰਾ ਹੈ। ਮੈਂ ਰੱਬ ਦੀ, ਗੁਰਪ੍ਰੀਤ ਘੁੱਗੀ, ਵਿਕਰਮ ਗਰੋਵਰ ਤੇ ਕਪਿਲ ਸ਼ਰਮਾ ਦੀ ਬਹੁਤ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਦੀ ਬਦੌਲਤ ਮੈਂ ਅਜਿਹਾ ਕਿਰਦਾਰ ਨਿਭਾਅ ਰਹੀ ਹਾਂ। ਇਸ ਫਿਲਮ ’ਚ ਇਹ ਵੀ ਦਿਖਾਇਆ ਗਿਆ ਹੈ ਕਿ ਆਪਣਾ ਸਮਾਜ ਇਕ ਡਾਂਸਰ ਨੂੰ ਲੈ ਕੇ ਕਿਹੋ-ਜਿਹੀ ਸੋਚ ਰੱਖਦਾ ਹੈ। ਕਿਵੇਂ ਉਹ ਇਸ ਨੂੰ ਅਪਣਾਉਂਦੇ ਹਨ। ਮੈਂ ਆਸ ਕਰਦੀ ਹਾਂ ਕਿ ਇਹ ਫਿਲਮ ਦੇਖ ਕੇ ਲੋਕਾਂ ਦੀਆਂ ਨਜ਼ਰਾਂ ’ਚ ਡਾਂਸਰ ਦਾ ਸਤਿਕਾਰ ਵਧੇਗਾ।

ਕਿਰਦਾਰ ਨੂੰ ਅਸਲੀ ਦਿਖਾਉਣ ਲਈ ਖਾਸ ਕੀ ਕੀਤਾ ਗਿਆ?
ਗੁਰਪ੍ਰੀਤ ਘੁੱਗੀ : ਇਹ ਮੇਰੀ ਅਜਿਹੀ ਪਹਿਲੀ ਫਿਲਮ ਹੈ, ਜਿਸ ’ਚ ਮੈਂ ਮੇਕਅੱਪ ਨਹੀਂ ਕਰਵਾਇਆ। ਇਸ ਦਾ ਕਾਰਨ ਇਹ ਸੀ ਕਿ ਫਿਲਮ ਨੂੰ ਮੇਰਾ ਕਿਰਦਾਰ ਦੱਬਿਆ-ਕੁਚਲਿਆ ਚਾਹੀਦਾ ਸੀ। ਇਸ ਤੋਂ ਇਲਾਵਾ ਮੈਂ ਪੂਰੀ ਫਿਲਮ ’ਚ 700 ਰੁਪਏ ਦੇ ਕਾਸਟਿਊਮ ਖਰੜ ਮਾਰਕੀਟ ’ਚੋਂ ਕਿਸੇ ਕਬਾੜੀਏ ਤੋਂ ਖਰੀਦੇ ਹੋਏ ਪਾਏ ਹਨ, ਜਿਨ੍ਹਾਂ ’ਚ 40-40 ਰੁਪਏ ਦੀਆਂ ਪੈਂਟਾਂ ਤੇ 30-30 ਰੁਪਏ ਦੀਆਂ ਸ਼ਰਟਾਂ ਸਨ ਤਾਂ ਕਿ ਸਾਡੇ ਕਿਰਦਾਰ ਅਸਲੀ ਨਜ਼ਰ ਆਉਣ।

80 ਦੇ ਦਹਾਕੇ ’ਚ ਟੀ. ਵੀ. ’ਤੇ ਆਉਣ ਲਈ ਆਪਣੇ ਮਾਤਾ-ਪਿਤਾ ਨੂੰ ਕਿਵੇਂ ਮਨਾਇਆ?
ਗੁਰਪ੍ਰੀਤ ਘੁੱਗੀ : ਸਭ ਤੋਂ ਪਹਿਲਾਂ ਮੈਂ ਉਨ੍ਹਾਂ ਨੂੰ ਆਪਣੀ ਚਾਹਤ ਦੱਸੀ। ਇਕ-ਦੋ ਵਾਰ ਉਨ੍ਹਾਂ ਨੇ ਮੇਰੀ ਪਰਫਾਰਮੈਂਸ ਦੇਖੀ। ਮੇਰੇ ਟੇਲੈਂਟ ਨੂੰ ਦੇਖਦੇ ਹੋਏ ਉਨ੍ਹਾਂ ਨੇ ਮੈਨੂੰ ਸੁਪੋਰਟ ਕੀਤੀ। ਉਸ ਸਮੇਂ ਮੈਂ ਆਪਣੀ ਪੜ੍ਹਾਈ ਵੀ ਜਾਰੀ ਰੱਖੀ, ਡਰਾਮਾ ਥਿਏਟਰ ਵੀ ਕੀਤਾ ਤੇ ਕਮਾਈ ਕਰਕੇ ਆਪਣੇ ਘਰਦਿਆਂ ਦੀ ਆਰਥਿਕ ਤੌਰ ’ਤੇ ਮਦਦ ਵੀ ਕੀਤੀ। ਇਸ ਲਈ ਮੈਂ ਉਨ੍ਹਾਂ ਦਾ ਦੇਣ ਨਹੀਂ ਦੇ ਸਕਦਾ।

ਤੁਹਾਡੇ ਕਰੀਅਰ ਬਾਰੇ ਪਿਤਾ ਕੀ ਸੋਚਦੇ ਸਨ?
ਕਪਿਲ ਸ਼ਰਮਾ : ਉਸ ਸਮੇਂ ਮੈਨੂੰ ਥਿਏਟਰ ਤੋਂ ਇਲਾਵਾ ਸਿੰਗਿੰਗ ਦਾ ਵੀ ਬੇਹੱਦ ਸ਼ੌਕ  ਸੀ। ਮੇਰੇ ਪਿਤਾ ਨੂੰ ਬਹੁਤ ਸ਼ੌਕ ਸੀ ਕਿ ਮੇਰੇ ਬੇਟਾ ਕੁਝ ਕਰੇ। ਮੇਰੇ ਪਿਤਾ ਆਰਟਿਸਟ ਬਣਨਾ ਚਾਹੁੰਦੇ ਸਨ। ਇਕ ਵਾਰ ਉਨ੍ਹਾਂ ਨੇ ਮੇਰਾ ਪਲੇਅ ਦੇਖਿਆ ਸੀ, ਜਿਸ ਨੂੰ ਦੇਖ ਕੇ ਉਨ੍ਹਾਂ ਨੇ ਮੇਰੀ ਕਾਫੀ ਤਾਰੀਫ ਕੀਤੀ ਸੀ।

ਤੁਸੀਂ ਵਿਆਹ ਕਦੋਂ ਕਰਵਾ ਰਹੇ ਹੋ?
ਕਪਿਲ ਸ਼ਰਮਾ : ਮੈਂ ਛੋਟੇ ਹੁੰਦੇ ਤੋਂ ਵਿਆਹ ਕਰਵਾਉਣਾ ਚਾਹੁੰਦਾ ਹਾਂ। ਕੁਝ ਚੀਜ਼ਾਂ ਰੱਬ ’ਤੇ ਛੱਡ ਦੇਣੀਆਂ ਚਾਹੀਦੀਆਂ ਹਨ। ਜਲਦ ਹੀ ਕਰਵਾ ਲਵਾਂਗਾ।

ਕਾਮੇਡੀ ਤੇ ਪੁਰਾਣੇ ਪੰਜਾਬ ਵਾਲੀਆਂ ਫਿਲਮਾਂ ਤੋਂ ਇਲਾਵਾ ਕੀ ਹੋਰ ਵਿਸ਼ੇ ’ਤੇ ਵੀ ਫਿਲਮਾਂ ਬਣਨਗੀਆਂ?
ਗੁਰਪ੍ਰੀਤ ਘੁੱਗੀ : ਕਾਮੇਡੀ ਫਿਲਮਾਂ ਦਾ ਟਰੈਂਡ ਸੈੱਟ ਵੀ ਅਸੀਂ ਕੀਤਾ, ਜਿਵੇਂ ‘ਕੈਰੀ ਆਨ ਜੱਟਾ’। ਹੁਣ ‘ਸਨ ਆਫ ਮਨਜੀਤ ਸਿੰਘ’ ਵਰਗੀਆਂ ਫਿਲਮਾਂ ਦਾ ਟਰੈਂਡ ਵੀ ਅਸੀਂ ਹੀ ਸੈੱਟ ਕਰਾਂਗੇ। ਹੁਣ ਬੈਕ-ਟੂ-ਬੈਕ ਫਿਲਮਾਂ ਆਉਣਗੀਆਂ।


Edited By

Chanda Verma

Chanda Verma is news editor at Jagbani

Read More