ਵਾਲਮੀਕਿ ਭਾਈਚਾਰੇ ਦੇ ਲੋਕਾਂ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਦਾ ਪੁਤਲਾ ਫੂਕ ਕੀਤਾ ਪਿੱਟ ਸਿਆਪਾ

Tuesday, August 13, 2019 1:41 PM

ਅਜਨਾਲਾ (ਬਾਠ)- ਦਿੱਲੀ 'ਚ ਭਗਤ ਰਵਿਦਾਸ ਮਹਾਰਾਜ ਜੀ ਦੇ ਮੰਦਰ ਨੂੰ ਤੋੜਨ ਦੇ ਆਏ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਮਾਮਲਾ ਪੂਰੀ ਤਰ੍ਹਾਂ ਨਾਲ ਭੱਖ ਗਿਆ ਹੈ ਜਿਸ ਕਾਰਣ ਅੱਜ ਸਥਾਨਕ ਸ਼ਹਿਰ ਦੇ ਮੇਨ ਚੌਕ 'ਚ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਕਮੇਟੀ ਅਜਨਾਲਾ ਦੇ ਦਰਜਨਾਂ ਵਰਕਰਾਂ ਨੇ ਦਲਿਤ ਸੁਰੱਖਸ਼ਾ ਸੈਨਾ ਭਾਰਤ ਦੇ ਝੰਡੇ ਹੇਠ ਅਤੇ ਪੰਜਾਬ ਪ੍ਰਧਾਨ ਸੋਨੂੰ ਦਿਓਲ ਦੀ ਅਗਵਾਈ 'ਚ ਕੇਂਦਰੀ ਮੋਦੀ ਸਰਕਾਰ ਅਤੇ ਦਿੱਲੀ ਪੁਲਸ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਜਿਥੇ ਜ਼ਬਰਦਸਤ ਰੋਸ ਮਾਰਚ ਅਤੇ ਮੁਜ਼ਾਹਰਾ ਕੀਤਾ, ਉਥੇ ਇਕ ਇੰਟਰਵਿਊ ਦੌਰਾਨ ਵਾਲਮੀਕਿ ਭਾਈਚਾਰੇ ਦੇ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਦਾ ਕਥਿਤ ਦੋਸ਼ ਲਾਉਂਦਿਆਂ ਮੇਨ ਚੌਕ ਅਜਨਾਲਾ 'ਚ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਦਾ ਪੁਤਲਾ ਫੂਕ ਕੇ ਜ਼ੋਰਦਾਰ ਪਿੱਟ ਸਿਆਪਾ ਕੀਤਾ। ਮੁਜ਼ਾਹਰਾਕਾਰੀਆਂ ਦਾ ਦੋਸ਼ ਸੀ ਕਿ ਜਿਥੇ ਦਿੱਲੀ 'ਚ ਭਗਤ ਰਵਿਦਾਸ ਜੀ ਦਾ ਮੰਦਰ ਤੋੜਨ ਸਬੰਧੀ ਵਾਲਮੀਕਿ ਸਮਾਜ ਦੇ ਲੋਕਾਂ 'ਚ ਰੋਸ ਦੀ ਲਹਿਰ ਹੈ ਉਥੇ ਉਕਤ ਹੀਰੋਇਨ ਸੋਨਾਕਸ਼ੀ ਸਿਨਹਾ ਵੱਲੋਂ ਵਾਲਮੀਕਿ ਸਮਾਜ ਦੇ ਲੋਕਾਂ ਨੂੰ ਅਪਸ਼ਬਦ ਬੋਲ ਕਿ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਐੱਸ.ਸੀ./ਐੱਸ.ਟੀ. ਕਮਿਸ਼ਨ ਕੋਲੋਂ ਮੰਗ ਕਰਦੇ ਹਨ ਕਿ ਉਕਤ ਹੀਰੋਇਨ ਸੋਨਾਕਸ਼ੀ ਸਿਨਹਾ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮੱਦੇਨਜ਼ਰ ਮੁਕੱਦਮਾ ਦਰਜ ਕੀਤਾ ਜਾਵੇ।
PunjabKesari
ਉਨ੍ਹਾਂ ਕਿਹਾ ਕਿ ਦਲਿਤ ਸਮਾਜ ਭਾਈਚਾਰੇ ਦੇ ਲੋਕਾਂ ਵੱਲੋਂ ਭਗਤ ਰਵਿਦਾਸ ਜੀ ਦੇ ਮੰਦਿਰ ਤੋੜਨ ਸਬੰਧੀ 13 ਅਗਸਤ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਉਹ ਪੂਰਾ ਸਮਰਥਨ ਕਰਦੇ ਹਨ ਅਤੇ ਅਜਨਾਲਾ ਸ਼ਹਿਰ ਨੂੰ ਮੁਕੰਮਲ ਤੌਰ 'ਤੇ ਬੰਦ ਰੱਖ ਕੇ ਸ਼ਹਿਰ ਵਾਸੀਆਂ ਤੋਂ ਪੂਰਨ ਸਹਿਯੋਗ ਦੀ ਮੰਗ ਕਰਦੇ ਹਨ। ਉਨ੍ਹਾਂ ਡੀ.ਐੱਸ.ਪੀ. ਅਜਨਾਲਾ ਹਰਪ੍ਰੀਤ ਸਿੰਘ ਸੈਣੀ ਨੂੰ ਮੰਗ-ਪੱਤਰ ਸੌਂਪ ਕੇ ਮੰਗ ਕੀਤੀ ਕਿ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਕਮੇਟੀ ਅਜਨਾਲਾ ਵੱਲੋਂ 13 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ 'ਤੇ ਪਹਿਰ ਦੇਣ ਲਈ ਕਰਵਾਏ ਜਾ ਰਹੇ ਅਜਨਾਲਾ ਬੰਦ ਲਈ ਸਹਿਯੋਗ ਕੀਤਾ ਜਾਵੇ। ਇਸ ਸਬੰਧੀ ਡੀ.ਐੱਸ.ਪੀ. ਅਜਨਾਲਾ ਨੇ ਉਕਤ ਆਗੂਆਂ ਨੂੰ ਭਰੋਸਾ ਦਿੱਤਾ ਕਿ ਪੁਲਸ ਪ੍ਰਸ਼ਾਸਨ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਹਰ ਤਰ੍ਹਾਂ ਸਹਿਯੋਗ ਕਰੇਗਾ। ਇਸ ਮੌਕੇ ਸੋਨੂੰ ਕਲੱਬ ਵਾਲੇ, ਪ੍ਰਧਾਨ ਸਰਵਣ ਸਰਾਂਏ, ਪ੍ਰਧਾਨ ਤਰਸੇਮ ਸਿੰਘ ਕਿਆਮਪੁਰਾ, ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਪ੍ਰਧਾਨ ਪ੍ਰਭਜੀਤ ਸਿੰਘ ਭੋਲਾ, ਪ੍ਰਧਾਨ ਦਰੋਜਨ ਰਮਦਾਸ, ਭੋਲਾ ਰੋਖੇ, ਗੁਰਜੀਤ ਪੰਡੋਰੀ, ਰਾਹੁਲ ਮੱਟੂ, ਸਾਹਿਲ ਮੱਟੂ, ਰਾਜਾ ਉੱਗਰ ਔਲਖ, ਗਗਨ, ਬਾਗਾ ਡੱਬਰ, ਕੇਵਲ ਤਲਵੰਡੀ, ਦਵਿੰਦਰ ਸਿੰਘ ਤਲਵੰਡੀ, ਦਾਨੀ ਰੋਖਾ, ਅਜੇ ਭੱਟੀ ਆਦਿ ਹਾਜ਼ਰ ਸਨ।


About The Author

manju bala

manju bala is content editor at Punjab Kesari