ਮਸਾਲਾ ਅਤੇ ਐਂਟਰਟੇਨਿੰਗ ਫਿਲਮ ਹੈ ''ਆਤਿਸ਼ਬਾਜ਼ੀ ਇਸ਼ਕ'' : ਮਾਹੀ ਗਿੱਲ (ਦੇਖੋ ਤਸਵੀਰਾਂ)

10/5/2016 9:53:07 PM

ਜਲੰਧਰ (ਰਾਹੁਲ ਸਿੰਘ)— ਪੰਜਾਬੀ ਫਿਲਮ ''ਆਤਿਸ਼ਬਾਜ਼ੀ ਇਸ਼ਕ'' ਇਨ੍ਹੀਂ ਦਿਨੀਂ ਚਰਚਾ ''ਚ ਹੈ। ਫਿਲਮ ''ਚ ਮਾਹੀ ਗਿੱਲ, ਰੌਸ਼ਨ ਪ੍ਰਿੰਸ, ਰਵਿੰਦਰ, ਕੁਲਭੂਸ਼ਨ ਖਰਬੰਦਾ, ਬੀ. ਐੱਨ. ਸ਼ਰਮਾ ਅਤੇ ਤਾਨੀਆ ਐਬਰੋਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ 3 ਐਥਲੀਟਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਬੁੱਧਵਾਰ ਨੂੰ ਫਿਲਮ ਦੀ ਸਟਾਰ ਕਾਸਟ ''ਜਗ ਬਾਣੀ'' ਦੇ ਵਿਹੜੇ ਪਹੁੰਚੀ। ਇਸ ਦੌਰਾਨ ਮਾਹੀ ਗਿੱਲ ਅਤੇ ਰਵਿੰਦਰ ਨਾਲ ਫਿਲਮ ਨੂੰ ਲੈ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਜੋ ਕਿ ਇਸ ਤਰ੍ਹਾਂ ਹਨ—
ਕੁਝ ਵੀ ਓਵਰ ਨਹੀਂ, ਇਕ ਸੈਂਸੇਬਲ ਫਿਲਮ ''ਆਤਿਸ਼ਬਾਜ਼ੀ ਇਸ਼ਕ'' : ਮਾਹੀ ਗਿੱਲ
ਮਾਹੀ ਗਿੱਲ ਨੇ ਫਿਲਮ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ''ਆਤਿਸ਼ਬਾਜ਼ੀ ਇਸ਼ਕ'' ਇਕ ਮਸਾਲਾ ਅਤੇ ਐਂਟਰਟੇਨਿੰਗ ਫਿਲਮ ਹੈ। ਫਿਲਮ ''ਚ ਕੁਝ ਵੀ ਓਵਰ ਨਹੀਂ ਹੈ। ਇਕ ਸੈਂਸੇਬਲ ਫਿਲਮ ਜ਼ਰੂਰ ਹੈ, ਜਿਹੜੀ ਦਰਸ਼ਕਾਂ ਨੂੰ ਜ਼ਰੂਰ ਐਂਟਰਟੇਨ ਕਰੇਗੀ। ਆਪਣੇ ਕਿਰਦਾਰ ਬਾਰੇ ਦੱਸਦਿਆਂ ਮਾਹੀ ਗਿੱਲ ਨੇ ਕਿਹਾ ਕਿ ਉਹ ਫਿਲਮ ''ਚ ਇਕ ਹਾਕੀ ਕੋਚ ਦੀ ਭੂਮਿਕਾ ਨਿਭਾਅ ਰਹੀ ਹੈ। ਫਿਲਮ ਰਾਹੀਂ ਪੰਜਾਬੀ ਸਿਨੇਮਾ ''ਚ ਡੈਬਿਊ ਕਰਨ ਵਾਲੇ ਰਵਿੰਦਰ ਰੈਸਲਰ ਦੀ ਭੂਮਿਕਾ ਨਿਭਾਅ ਰਹੇ ਹਨ, ਜਦੋਂਕਿ ਰੌਸ਼ਨ ਪ੍ਰਿੰਸ ਤੁਹਾਨੂੰ ਫਿਲਮ ''ਚ ਪੰਚ ਮਾਰਦੇ ਹੋਏ ਯਾਨੀ ਕਿ ਇਕ ਬਾਕਸਰ ਦੀ ਭੂਮਿਕਾ ''ਚ ਨਜ਼ਰ ਆਉਣਗੇ। ਇਹ ਫਿਲਮ ਇਕ ਰੋਮਾਂਟਿਕ ਸਸਪੈਂਸ ਥ੍ਰਿਲਰ ਹੈ, ਜਿਸ ''ਚ ਮਾਹੌਲ ਦੇ ਹਿਸਾਬ ਨਾਲ ਕਾਮੇਡੀ ਵੀ ਦੇਖਣ ਨੂੰ ਮਿਲੇਗੀ।
ਫਿਲਮ ਦੇ ਸੰਗੀਤ ਬਾਰੇ ਗੱਲਬਾਤ ਕਰਦਿਆਂ ਮਾਹੀ ਗਿੱਲ ਨੇ ਦੱਸਿਆ ਕਿ ਇਸ ਵਿਚ ਸੁਖਵਿੰਦਰ, ਸੁਦੇਸ਼ ਕੁਮਾਰੀ, ਲਾਭ ਜੰਜੂਆ, ਨੀਤੀ ਮੋਹਨ, ਸੁਨਿਧੀ ਚੌਹਾਨ ਅਤੇ ਰੌਸ਼ਨ ਪ੍ਰਿੰਸ ਨੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਫਿਲਮ ਦਾ ਸੰਗੀਤ ਆਰ. ਸ਼ੀਨ ਨੇ ਦਿੱਤਾ ਹੈ। ਕੋਰੀਓਗ੍ਰਾਫੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਦੇ ਪ੍ਰਸਿੱਧ ਕੋਰੀਓਗ੍ਰਾਫਰ ਦਿਨੇਸ਼ ਅਚਾਰੀਆ ਅਤੇ ਹਿਮਾਂਸ਼ੂ ਗੱਦਾਨੀ ਨੇ ਬੇਹੱਦ ਖੂਬਸੂਰਤ ਢੰਗ ਨਾਲ ਆਪਣਾ ਕੰਮ ਨਿਭਾਇਆ ਹੈ। ਫਿਲਮ ਦਾ ਜਿੰਨਾ ਵੀ ਐਕਸ਼ਨ ਹੈ ਉਹ ਸਾਰਾ ਸਲਾਮ ਅੰਸਾਰੀ ਦੀ ਦੇਖ-ਰੇਖ ''ਚ ਫਿਲਮਾਇਆ ਗਿਆ ਹੈ ਜਿਨ੍ਹਾਂ ਨੇ ਬਾਲੀਵੁੱਡ ਫਿਲਮ ''ਐੱਨ. ਐੱਚ. 10'' ਦੇ ਐਕਸ਼ਨ ਸੀਨ ਸ਼ੂਟ ਕੀਤੇ ਹਨ।
ਫਿਲਮ ਚੱਲੀ ਤਾਂ ਅੱਗੇ ਤੋਂ ਵੀ ਪ੍ਰੋਡਿਊਸਰ ਵਜੋਂ ਕਰਾਂਗੀ ਕੰਮ : ਮਾਹੀ ਗਿੱਲ
ਮਾਹੀ ਗਿੱਲ ਦੀ ''ਆਤਿਸ਼ਬਾਜ਼ੀ ਇਸ਼ਕ'' ਪ੍ਰੋਡਿਊਸਰ ਵਜੋਂ ਪਹਿਲੀ ਫਿਲਮ ਹੈ ਉਸ ਦਾ ਕਹਿਣਾ ਹੈ ਕਿ ਜੇਕਰ ਫਿਲਮ ਵਧੀਆ ਚੱਲਦੀ ਹੈ ਤਾਂ ਉਹ ਅੱਗੇ ਤੋਂ ਵੀ ਪੱਕੇ ਤੌਰ ''ਤੇ ਪ੍ਰੋਡਿਊਸਰ ਬਣ ਕੇ ਹੋਰ ਫਿਲਮਾਂ ਬਣਾਵੇਗੀ। 2 ਸਾਲ ਪਹਿਲਾਂ ਮਾਹੀ ਇਕ ਸ਼ਾਰਟ ਫਿਲਮ ਵੀ ਪ੍ਰੋਡਿਊਸ ਕਰ ਚੁੱਕੀ ਹੈ ਅਤੇ ਇਸ ਸ਼ਾਰਟ ਫਿਲਮ ਤੋਂ ਹੀ ਮਾਹੀ ਨੂੰ ਇਕ ਪੂਰੀ ਫਿਲਮ ਬਣਾਉਣ ਦੀ ਸੇਧ ਮਿਲੀ।
ਮੈਨੂੰ ਬਾਲੀਵੁੱਡ ਜਾਂ ਪਾਲੀਵੁੱਡ ਨਹੀਂ ਸਿਨੇਮਾ ਪਸੰਦ : ਮਾਹੀ ਗਿੱਲ
ਮਾਹੀ ਗਿੱਲ ਕੋਲੋਂ ਜਦੋਂ ਬਾਲੀਵੁੱਡ ਫਿਲਮਾਂ ਜਾਂ ਪਾਲੀਵੁੱਡ ਫਿਲਮਾਂ ਕਰਨ ਬਾਰੇ ਉਸ ਦੀ ਪਸੰਦ ਪੁੱਛੀ ਗਈ ਤਾਂ ਉਸ ਨੇ ਕਿਹਾ ਕਿ ਮੈਨੂੰ ਸਿਨੇਮਾ ਪਸੰਦ ਹੈ। ਇਸ ਵਿਚ ਕੋਈ ਫਰਕ ਨਹੀਂ ਪੈਂਦਾ ਕਿ ਉਹ ਫਿਲਮ ਬਾਲੀਵੁੱਡ ਦੀ ਹੈ ਜਾਂ ਪਾਲੀਵੁੱਡ ਦੀ। ਮੈਂ ਵਧੀਆ ਕੰਮ ਕਰਨਾ ਚਾਹੁੰਦੀ ਹਾਂ ਅਤੇ ਜਿਸ ਇੰਡਸਟਰੀ ਵਲੋਂ ਵਧੀਆ ਆਫਰ ਮਿਲੇਗਾ ਉਹੀ ਕਰਾਂਗੀ।
ਇੰਨੀ ਵੱਡੀ ਫਿਲਮ ਦਾ ਹਿੱਸਾ ਬਣ ਕੇ ਲੱਕੀ ਫੀਲ ਕਰ ਰਿਹਾ ਹਾਂ : ਰਵਿੰਦਰ
ਫਿਲਮ ਰਾਹੀਂ ਪਾਲੀਵੁੱਡ ਇੰਡਸਟਰੀ ''ਚ ਡੈਬਿਊ ਕਰ ਰਹੇ ਅਭਿਨੇਤਾ ਰਵਿੰਦਰ ਦਾ ਕਹਿਣਾ ਹੈ ਕਿ ਉਹ ਇੰਨੀ ਵੱਡੀ ਫਿਲਮ ਦਾ ਹਿੱਸਾ ਬਣ ਕੇ ਲੱਕੀ ਫੀਲ ਕਰ ਰਹੇ ਹਨ। ਮੈਂ ਕਦੇ ਸੋਚਿਆ ਨਹੀਂ ਸੀ ਕਿ ਮੇਰੀ ਪਹਿਲੀ ਹੀ ਫਿਲਮ ਇੰਨੀ ਵੱਡੀ ਸਟਾਰ ਕਾਸਟ ਵਾਲੀ ਹੋਵੇਗੀ। ਫਿਲਮ ''ਚ ਕੰਮ ਕਰਨਾ ਮੇਰੇ ਲਈ ਇਕ ਵੱਡੀ ਚੁਣੌਤੀ ਸੀ ਅਤੇ ਮੈਂ ਖੁਦ ਨੂੰ ਪਰੂਵ ਕਰਨ ਦਾ ਮੌਕਾ ਬਿਲਕੁੱਲ ਨਹੀਂ ਛੱਡਾਂਗਾ।
ਮਾਹੀ ਗਿੱਲ ਨੂੰ ਦੇਖ ਭੁੱਲ ਗਈਆਂ ਸੀ ਲਾਈਨਾਂ : ਰਵਿੰਦਰ
ਮੈਂ ਸ਼ੂਟਿੰਗ ਤੋਂ ਪਹਿਲਾਂ ਕਾਫੀ ਦਿਨਾਂ ਤੱਕ ਆਪਣੇ ਡਾਇਲਾਗ ਅਤੇ ਕਿਰਦਾਰ ਨੂੰ ਲੈ ਕੇ ਪ੍ਰੈਕਟਿਸ ਕਰ ਰਿਹਾ ਸੀ, ਜਦੋਂ ਸ਼ੂਟਿੰਗ ਸ਼ੁਰੂ ਹੋਈ ਤਾਂ ਮੇਰਾ ਪਹਿਲਾਂ ਹੀ ਸੀਨ ਮਾਹੀ ਜੀ ਨਾਲ ਸੀ, ਜਦੋਂ ਸੀਨ ਫਿਲਮਾਇਆ ਜਾਣਾ ਸੀ ਤਾਂ ਮੈਂ ਆਪਣੇ ਡਾਇਲਾਗਸ ਭੁੱਲ ਗਿਆ। ਇਸ ਤੋਂ ਬਾਅਦ ਡਾਇਰੈਕਟਰ ਅਮਿਤ ਸੁਭਾਸ਼ ਧਵਨ ਨੇ ਮੇਰੀ ਕਾਊਂਸਲਿੰਗ ਕੀਤੀ, ਜਿਸ ਤੋਂ ਬਾਅਦ ਮੇਰਾ ਹੌਸਲਾ ਵਧਿਆ ਅਤੇ ਮੈਂ ਆਪਣਾ ਕੰਮ ਬਾਖੂਬੀ ਨਿਭਾਇਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News